ਪੁਲੀਸ ਪਾਰਟੀ ’ਤੇ ਹਮਲਾ, ਹੋਮਗਾਰਡ ਜ਼ਖ਼ਮੀ
ਨਰਿੰਦਰ ਸਿੰਘ
ਭਿੱਖੀਵਿੰਡ, 26 ਜੁਲਾਈ
ਥਾਣਾ ਸਦਰ ਪੱਟੀ ਦੇ ਪਿੰਡ ਸ਼ਹੀਦ ਵਿੱਚ ਦੋ ਧਿਰਾਂ ਵਿਚਾਲੇ ਹੋਏ ਝਗੜੇ ਵਿਚ ਇੱਕ ਧਿਰ ਵੱਲੋਂ 100 ਨੰਬਰ ਉਤੇ ਫੋਨ ਕਰਕੇ ਝਗੜੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਦੇ ਚੱਲਦਿਆਂ ਜਦੋਂ ਏਐੱਸਆਈ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੰਜ ਪੁਲੀਸ ਮੁਲਾਜ਼ਮਾਂ ਦੀ ਟੀਮ ਪਿੰਡ ਪੁੱਜੀ ਤਾਂ ਦੋਹਾਂ ਧਿਰਾਂ ਦੇ ਲੋਕ ਇਕੱਤਰ ਹੋ ਗਏ। ਕਿਸੇ ਕਿਸਮ ਦੇ ਝਗੜੇ ਦੇ ਡਰੋਂ ਪੁਲੀਸ ਮੁਲਾਜ਼ਮਾਂ ਵਲੋਂ ਦੋਹਾਂ ਧਿਰਾਂ ਦੇ ਲੋਕਾਂ ਨੂੰ ਸਮਝਾ ਕੇ ਘਰ ਭੇਜਣਾ ਚਾਹਿਆ ਤਾਂ ਸ਼ਿਕਾਇਤਕਰਤਾ ਧਿਰ ਦੇ ਕੁੱਝ ਲੋਕ ਰੋਹ ਵਿਚ ਆ ਗਏ ਤੇ ਕੁੱਝ ਵਿਅਕਤੀਆਂ ਨੇ ਪੁਲੀਸ ਪਾਰਟੀ ਉਤੇ ਹਮਲਾ ਕਰ ਦਿੱਤਾ। ਦਾਤਰ ਲੱਗਣ ਕਾਰਨ ਹੋਮਗਾਰਡ ਕੁਲਵਿੰਦਰ ਸਿੰਘ ਜ਼ਖ਼ਮੀ ਹੋ ਗਿਆ ਜਦੋਂ ਕਿ ਇਕ ਹੋਰ ਪੁਲੀਸ ਮੁਲਾਜ਼ਮ ’ਤੇ ਗੋਲੀ ਚਲਾਈ ਗਈ ਜੋ ਉਸ ਨੂੰ ਨਾ ਲਗ ਕੇ ਕੰਧ ’ਤੇ ਲੱਗੀ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ।
ਐੱਸਐੱਚਓ ਥਾਣਾ ਸਦਰ ਪੱਟੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਨਾਮਜ਼ਦ ਕੀਤੇ ਵਿਅਕਤੀਆਂ ਵਿਚੋਂ 3 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਹੋਰਨਾਂ ਦੀ ਭਾਲ ਜਾਰੀ ਹੈ।