ਬਾਜ਼ਾਰਾਂ ਵਿੱਚ ਜਾਮ ਰੋਕਣ ਲਈ ਪੁਲੀਸ ਮੁਸਤੈਦ
ਪੱਤਰ ਪ੍ਰੇਰਕ
ਰਤੀਆ, 2 ਫਰਵਰੀ
ਇੱਥੇ ਸ਼ਹਿਰ ਦੇ ਬਾਜ਼ਾਰਾਂ ਵਿਚ ਲੱਗਣ ਵਾਲੇ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਪੁਲੀਸ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਤਹਿਤ ਸ਼ਹਿਰ ਥਾਣਾ ਇੰਚਾਰਜ ਰਣਜੀਤ ਸਿੰਘ ਨੇ ਖੁਦ ਕਮਾਨ ਸੰਭਾਲਦੇ ਹੋਏ ਸ਼ਹਿਰ ਦੇ ਮੇਨ ਬਾਜ਼ਾਰ, ਭਗਤ ਸਿੰਘ ਚੌਕ, ਸੰਜੇ ਗਾਂਧੀ ਚੌਕ, ਮੰਡੀ ਰੋਡ ਆਦਿ ’ਤੇ ਪੁਲੀਸ ਟੀਮ ਨਾਲ ਟਰੈਫਿਕ ਦੀ ਵਿਵਸਥਾ ਨੂੰ ਠੀਕ ਕਰਵਾਉਣ ਲਈ ਜਿੱਥੇ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ਿਆਂ ਨੂੰ ਹਟਵਾਇਆ, ਉਥੇ ਹੀ ਬਜ਼ਾਰ ਦੇ ਰਸਤੇ ਵਿਚ ਖੜ੍ਹੇ ਵਾਹਨਾਂ ਨੂੰ ਹਟਾ ਕੇ ਵਾਹਨ ਮਾਲਕਾਂ ਨੂੰ ਦੁਬਾਰਾ ਅਜਿਹਾ ਨਾ ਕਰਨ ਦੀ ਚਿਤਾਵਨੀ ਦੇ ਕੇ ਛੱਡ ਦਿੱਤਾ। ਪੁਲੀਸ ਦੀ ਇਸ ਸਖਤੀ ਉਪਰੰਤ ਸ਼ਹਿਰ ਦੇ ਬਜ਼ਾਰਾਂ ਵਿਚ ਲੱਗਣ ਵਾਲੇ ਜਾਮ ਤੋਂ ਇਲਾਕਾ ਵਾਸੀਆਂ ਕੁੱਝ ਰਾਹਤ ਮਿਲੀ।
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਸ਼ਹਿਰ ਦੇ ਸਾਰੇ ਬਾਜ਼ਾਰਾਂ ਅਤੇ ਪ੍ਰਮੁੱਖ ਮਾਰਗਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਸਨ, ਜਿਸ ਨਾਲ ਕਈ ਕਈ ਘੰਟੇ ਤੱਕ ਜਾਮ ਦੀ ਸਥਿਤੀ ਬਣੀ ਰਹਿੰਦੀ ਸੀ, ਜਿਸ ਦੇ ਚੱਲਦੇ ਇਲਾਕਾ ਵਾਸੀਆਂ ਖਾਸ ਕਰਕੇ ਸ਼ਹਿਰ ਦੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਮੱਸਿਆ ਕਾਰਨ ਆਮ ਲੋਕਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਸੀ। ਇਸ ਉਪਰੰਤ ਸ਼ਹਿਰ ਥਾਣਾ ਇੰਚਾਰਜ ਰਣਜੀਤ ਸਿੰਘ ਨੇ ਖੁਦ ਮੋਰਚਾ ਸੰਭਾਲਦੇ ਹੋਏ ਪੁਲੀਸ ਟੀਮ ਨਾਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸਖ਼ਤੀ ਨਾਲ ਮੁਹਿੰਮ ਚਲਾਈ। ਇਸ ਦੌਰਾਨ ਸ਼ਹਿਰ ਦੇ ਬਾਜ਼ਾਰਾਂ ਵਿਚ ਲੱਗਣ ਵਾਲੇ ਜਾਮ ਤੋਂ ਨਿਜਾਤ ਦਿਵਾਉਂਦੇ ਹੋਏ ਉਨ੍ਹਾਂ ਚਿਤਾਵਨੀ ਦਿੱਤੀ ਕਿ ਅੱਗੇ ਤੋਂ ਦੁਬਾਰਾ ਅਜਿਹਾ ਨਾ ਕੀਤਾ ਜਾਵੇ, ਨਹੀਂ ਤਾਂ ਉਨ੍ਹਾਂ ਵਾਹਨ ਮਾਲਕਾਂ ਅਤੇ ਦੁਕਾਨਦਾਰਾਂ ਖ਼ਿਲਾਫ਼਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।