ਥਾਣਿਆਂ ਦੀ ਸੁਰੱਖਿਆ ਨੂੰ ਲੈ ਕੇ ਪੁਲੀਸ ਮੁਸਤੈਦ
ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 22 ਦਸੰਬਰ
ਸਥਾਨਕ ਥਾਣੇ ਦੀ ਸੁਰੱਖਿਆ ਨੂੰ ਲੈ ਕੇ ਪੁਲੀਸ ਮੁਸਤੈਦ ਹੋਈ ਦਿਖਾਈ ਦੇ ਰਹੀ ਹੈ। ਬੀਤੇ ਦਿਨੀ ਇਸਲਾਮਾਬਾਦ ਥਾਣੇ ਅਤੇ ਹੋਰ ਵੱਖ-ਵੱਖ ਥਾਣਿਆਂ ਵਿੱਚ ਹੋਏ ਧਮਾਕਿਆਂ ਨੂੰ ਲੈ ਕੇ ਪੁਲੀਸ ਹਰਕਤ ਵਿੱਚ ਆਈ ਹੋਈ ਹੈ। ਥਾਣੇ ਦੇ ਮੁੱਖ ਗੇਟ ਲੋਹੇ ਦੀਆਂ ਚਾਦਰਾਂ ਲਗਾ ਕੇ ਮਜ਼ਬੂਤ ਕੀਤੇ ਜਾ ਰਹੇ ਹਨ, ਗੇਟਾਂ ਦੇ ਨਾਲ ਨਵੇਂ ਮੋਰਚੇ ਬਣਾ ਕੇ ਸੰਤਰੀ ਤਾਇਨਾਤ ਕੀਤੇ ਜਾ ਰਹੇ ਹਨ ਅਤੇ ਥਾਣੇ ਦੀ ਚਾਰਦੀਵਾਰੀ ਵੀ ਉੱਚੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਥਾਣਿਆਂ ਦੀ ਸੁਰੱਖਿਆ ਨੂੰ ਲੈ ਕੇ ਪੁਲੀਸ ਮੁਸਤੈਦੀ ਨਾਲ ਕਦਮ ਚੁੱਕ ਰਹੀ ਹੈ ਅਤੇ ਇਸੇ ਤਹਿਤ ਥਾਣਾ ਜੰਡਿਆਲਾ ਗੁਰੂ ਦੇ ਮੇਨ ਗੇਟ ਨੂੰ ਲੋਹੇ ਦੀਆਂ ਚਾਦਰਾਂ ਲਗਾਈਆਂ ਗਈਆਂ ਹਨ ਤਾਂ ਜੋ ਆਰ ਪਾਰ ਵੇਖਿਆ ਨਾ ਜਾ ਸਕੇ। ਉਨਾਂ ਕਿਹਾ ਥਾਣੇ ਦੇ ਮੁੱਖ ਗੇਟ ਦੇ ਨਾਲ ਨਵੇਂ ਮੋਰਚੇ ਬਣਾ ਕੇ ਸੰਤਰੀ ਤਾਇਨਾਤ ਕੀਤੇ ਗਏ ਹਨ ਅਤੇ ਚਾਰਦੀਆਰੀ ਵੀ ਉੱਚੀ ਕੀਤੀ ਜਾ ਰਹੀ ਹੈ। ਥਾਣੇ ਆਉਣ ਵਾਲੀਆਂ ਦੀ ਪੁਲੀਸ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਮੁਰੰਮਤ ਕੀਤੀ ਜਾ ਰਹੀ ਹੈ।