ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਥਾਣੇਦਾਰ ਗ੍ਰਿਫ਼ਤਾਰ
ਜਸਬੀਰ ਸਿੰਘ ਚਾਨਾ
ਫਗਵਾੜਾ, 11 ਅਕਤੂਬਰ
ਵਿਜੀਲੈਂਸ ਬਿਊਰੋ ਨੇ ਅੱਜ ਇੱਥੋਂ ਦੇ ਥਾਣਾ ਸਿਟੀ ਦੇ ਐੱਸਐੱਚਓ ਤੇ ਉਸ ਦੇ ਸਾਥੀ ਡਰਾਈਵਰ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕੀਤਾ ਹੈ।
ਬਿਊਰੋ ਵੱਲੋਂ ਜਾਰੀ ਸੂਚਨਾ ਮੁਤਾਬਿਕ ਕੁਲਵਿੰਦਰ ਕੌਰ ਵਾਸੀ ਪਿੰਡ ਚਾਚੋਕੀ ਨੇ ਵਿਜੀਲੈਂਸ ਕੋਲ ਪਹੁੰਚ ਕਰ ਕੇ ਦੋਸ਼ ਲਗਾਇਆ ਕਿ ਐੱਸਐੱਚਓ (ਸਿਟੀ) ਜਤਿੰਦਰ ਕੁਮਾਰ ਨੇ ਮਾਰਚ ’ਚ ਉਸ ਦੇ ਲੜਕੇ ਹਰਸ਼ਦੀਪ, ਉਸ ਦੀ ਪਤਨੀ ਆਸ਼ਿਮਾ ਤੇ ਸਾਲੇ ਅੰਸ਼ ਸ਼ਰਮਾ ਨੂੰ ਹਿਰਾਸਤ ’ਚ ਲਿਆ ਸੀ। ਇਸ ਮਗਰੋਂ ਉਸ ਦੇ ਪੁੱਤਰ ਵਿਰੁੱਧ ਥਾਣੇ ’ਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਪੁਲੀਸ ਮੁਲਾਜ਼ਮ ਨੇ ਹਰਸ਼ਦੀਪ ਦੀ ਪਤਨੀ ਤੇ ਉਸ ਦੇ ਸਾਲੇ ਨੂੰ ਕੇਸ ’ਚ ਸ਼ਾਮਿਲ ਨਾ ਕਰਨ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ, ਜਿਸ ਤੋਂ ਬਾਅਦ ਦਬਾਅ ’ਚ ਆ ਕੇ ਉਨ੍ਹਾਂ ਪੈਸੇ ਦੇ ਦਿੱਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇੰਸਪੈਕਟਰ ਨੇ ਵਾਰ-ਵਾਰ ਉਨ੍ਹਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਤਾਰਾ ਨਰਸਰੀ ਤੋਂ ਖ਼ਰੀਦੇ ਬੂਟਿਆਂ ਦਾ 35 ਤੋਂ 40 ਹਜ਼ਾਰ ਰੁਪਏ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਕਿਹਾ ਅਤੇ ਉਨ੍ਹਾਂ ਉਹ ਰਕਮ ਵੀ ਅਦਾ ਕਰ ਦਿੱਤੀ।
ਇਸ ਤੋਂ ਬਾਅਦ ਐੱਸਐੱਚਓ ਨੇ ਅਦਾਲਤ ’ਚ ਉਸ ਦੇ ਪੁੱਤਰ ਦੇ ਹੱਕ ’ਚ ਚਲਾਨ ਦਾਇਰ ਕਰਨ ਬਦਲੇ ਇੱਕ ਲੱਖ ਰੁਪਏ ਦੀ ਮੰਗ ਕੀਤੀ ਅਤੇ ਸੌਦਾ 50 ਹਜ਼ਾਰ ਰੁਪਏ ’ਚ ਤੈਅ ਹੋ ਗਿਆ। ਇਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਇੰਸਪੈਕਟਰ ਜਤਿੰਦਰ ਕੁਮਾਰ ਤੇ ਉਸ ਦੇ ਸਾਥੀ ਜਸਕਰਨ ਸਿੰਘ ਉਰਫ਼ ਜੱਸਾ ਵਾਸੀ ਪਿੰਡ ਬੁਰਜ਼ ਹਮੀਰਾ ਜ਼ਿਲ੍ਹਾ ਮੋਗਾ ਨੂੰ ਰੰਗੇ ਹੱਥੀਂ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਨ੍ਹਾਂ ਪਾਸੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।