ਨਸ਼ੇ ਦੀ ਰੋਕਥਾਮ ਲਈ ਪੁਲੀਸ ਵੱਲੋਂ ਪੰਚਾਇਤਾਂ ਨਾਲ ਮੀਟਿੰਗ
ਹਰਜੀਤ ਸਿੰਘ
ਡੇਰਾਬੱਸੀ, 9 ਨਵੰਬਰ
ਪੁਲੀਸ ਨੇ ਨਸ਼ਾ ਰੋਕੂ ਮੁਹਿੰਮ ਤਹਿਤ ਨਵੀਂ ਚੁਣੀ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਅੱਜ ਪੁਲੀਸ ਸਟੇਸ਼ਨ ਵਿੱਚ ਮੀਟਿੰਗ ਕੀਤੀ। ਇਸ ਦੀ ਅਗਵਾਈ ਡੀਐੱਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਨੇ ਕੀਤੀ। ਇਸ ਵਿੱਚ ਥਾਣਾ ਮੁਖੀ ਡੇਰਾਬੱਸੀ ਮਨਦੀਪ ਸਿੰਘ ਸਣੇ ਹੋਰ ਪੁਲੀਸ ਅਧਿਕਾਰੀ ਹਾਜ਼ਰ ਹੋਏ। ਇਸ ਮੌਕੇ ਡੀਐੱਸਪੀ ਬਰਾੜ ਨੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਵਿੱਚ ਡਿਫੈਂਸ ਕਮੇਟੀ ਦਾ ਗਠਨ ਕਰਨ ਜੋ ਨਸ਼ਾ ਤਸਕਰਾਂ ’ਤੇ ਨਜ਼ਰ ਰੱਖੇ। ਨਸ਼ਾ ਤਸਕਰ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ। ਸ੍ਰੀ ਬਰਾੜ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਸ਼ਾ ਰੋਕਣਾ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂਅ ਗੁਪਤ ਰੱਖਿਆ ਜਾਏਗਾ। ਉਨ੍ਹਾਂ ਨੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛੁੱਡਾਓ ਕੇਂਦਰਾਂ ਵਿੱਚ ਭੇਜ ਕੇ ਉਨ੍ਹਾਂ ਦੀ ਮਦਦ ਕਰਨ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਚੰਗੇ ਕੰਮਾਂ ਵਿੱਚ ਸ਼ਮੂਲੀਅਤ ਦਾ ਸੱਦਾ ਦਿੱਤਾ।