ਪੁਲੀਸ ਨੇ ਲੋਕਾਂ ਨੂੰ ਨਸ਼ਿਆਂ ਬਾਰੇ ਜਾਗਰੂਕ ਕੀਤਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 31 ਦਸੰਬਰ
ਇੱਥੋਂ ਦੀ ਪੁਲੀਸ ਨੇ ਲੋਕਾਂ ਨੂੰ ਨਸ਼ਿਆਂ ਤੇ ਸਾਈਬਰ ਕ੍ਰਾਈਮ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਨਸ਼ੇ ਤੇ ਅਪਰਾਧਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਥਾਣਾ ਬਾਬੈਨ ਦੇ ਪਿੰਡਾਂ ਅੰਟੇੜੀ, ਬਰਗਟ, ਬੇਰਥਲਾ ਤੇ ਬੇਰਥਲੀ ਵਿੱਚ ਡੀਐੱਸਪੀ ਟਰੈਫਿਕ ਰੋਹਤਾਸ਼ ਸਿੰਘ ਨੇ ਕਿਹਾ ਕਿ ਜੇਕਰ ਪਿੰਡ ਦਾ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ, ਚੋਰੀ ਦਾ ਸਾਮਾਨ ਵੇਚਦਾ ਜਾਂ ਖਰੀਦਦਾ ਹੈ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਈਬਰ ਕਰਾਈਮ ਹਰ ਰੋਜ਼ ਵਧ ਰਿਹਾ ਹੈ, ਜਿਸ ਲਈ ਸਭ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਗਲਤੀ ਨਾਲ ਕਿਸੇ ਨਾਲ ਸਾਈਬਰ ਧੋਖਾਧੜੀ ਹੁੰਦੀ ਹੈ ਤਾਂ ਤੁਰੰਤ ਸਾਈਬਰ ਹੈਲਪ ਲਾਈਨ ਨੰਬਰ 1930 ’ਤੇ ਇਸ ਦੀ ਸੂਚਨਾ ਦਿੱਤੀ ਜਾਵੇ। ਥਾਣਾ ਇੰਚਾਰਜ ਰਾਜਪਾਲ ਸਿੰਘ ਨੇ ਕਿਹਾ ਕਿ ਲੋਕ ਪਿੰਡਾਂ ’ਚ ਆਪਸੀ ਭਾਈਚਾਰਾ ਤੇ ਸਦ ਭਾਵਨਾ ਬਣਾਈ ਰੱਖਣ ਲਈ ਪੁਲੀਸ ਉਨ੍ਹਾਂ ਦੇ ਸਹਿਯੋਗ ਲਈ ਹਮੇਸ਼ਾ ਤਿਆਰ ਹੈ।