ਅਮਨ ਕਾਨੂੰਨ ਕਾਇਮ ਰੱਖਣ ਲਈ ਪੁਲੀਸ ਨੇ ਦਿੱਤੀ ਵੱਡੀ ਕੁਰਬਾਨੀ: ਮਨਦੀਪ ਸਿੱਧੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਅਕਤੂਬਰ
ਹਮੇਸ਼ਾ ਕੁਝ ਨਾ ਕੁਝ ਨਵਾਂ ਕਰਨ ’ਚ ਮੋਹਰੀ ਰਹਿਣ ਵਾਲ਼ੀ ਪਟਿਆਲਾ ਪੁਲੀਸ ਨੇ ਐਤਕੀਂ ਅਤਿਵਾਦ ਦੌਰਾਨ ਸ਼ਹੀਦੀਆਂ ਪਾਉਣ ਵਾਲ਼ੇ ਪੁਲੀਸ ਕਰਮਚਾਰੀਆਂ ਨੂੰ ਸਮਰਪਿਤ ਖੂਨਦਾਨ ਕੈਂਪ ਲਗਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਸੀਨੀਅਰ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਆਪਣੇ ਵਿਛੜੇ ਸਾਥੀਆਂ ਦੀ ਯਾਦ ’ਚ ਪਟਿਆਲਾ ਪੁਲੀਸ ਅੱਜ ਦੇ ਦਿਨ ਹਰ ਸਾਲ ਵੱਧ ਤੋਂ ਵੱਧ ਖੂਨਦਾਨ ਕਰਿਆ ਕਰੇਗੀ। ਐੱਸਐੱਸਪੀ ਡਾ. ਨਾਨਕ ਸਿੰਘ ਦੇ ਯਤਨਾਂ ਸਦਕਾ ਲੱਗੇ ਇਸ ਖੂਨਦਾਨ ’ਚ ਅਜੇ ਪੰਜ ਦਿਨ ਪਹਿਲਾਂ ਹੀ ਤਰੱਕੀ ਪਾ ਕੇ ਐੱਸਪੀ ਬਣੇ ਰਾਜੇਸ਼ ਛਿੱਬੜ ਨੇ ਵੀ ਖੂਨਦਾਨ ਕੀਤਾ। ਸਮਾਜ ਸੇਵੀ ਪਰਮਿੰਦਰ ਭਲਵਾਨ ਵੀ ਖੂਨਦਾਨੀਆਂ ’ਚ ਸ਼ਾਮਲ ਰਹੇ।
ਇਸ ਸਮਾਗਮ ਦੀ ਅਗਵਾਈ ਕਰਦਿਆਂ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਸ਼ਹੀਦੀ ਸਮਾਰਕ ’ਤੇ ਫੁੱਲ ਮਾਲਾਵਾਂ ਵੀ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਲਈ ਮਖਮਲੀ ਦਸਤਾਨੇ ਦੇ ਤੁਲ ਪੁਲੀਸ ਦਾ ਹੱਥ ਗ਼ੈਰ-ਸਮਾਜੀ ਤਾਕਤਾਂ ਦੀ ਗਰਦਣ ਨੱਪਣ ਲਈ ਇਹ ਸਟੀਲ ਦਾ ਪੰਜਾ ਹੈ।
ਡੀਆਈਜੀ ਮਨਦੀਪ ਸਿੱਧੂ ਨੇ ਕਾਲੇ ਦੌਰ ਦੌਰਾਨ ਖ਼ੁਦ ਨੂੰ ਲੱਗੀ ਗੋਲੀ ਦੀ ਘਟਨਾ ਦੀ ਚਰਚਾ ਵੀ ਕੀਤੀ। ਉਸ ਦੌਰ ਵਿੱਚ 1784 ਸ਼ਹੀਦ ਪੁਲੀਸ ਅਫ਼ਸਰਾਂ ਤੇ ਕਰਮਚਾਰੀਆਂ ਵਿੱਚੋਂ 157 ਪਟਿਆਲਾ ਰੇਂਜ ਨਾਲ ਸਬੰਧਤ ਸਨ। ਉਨ੍ਹਾਂ ਅੱਜ ਦੇ ਦਿਵਸ ਦਾ ਪਿਛੋਕੜ ਵੀ ਦੱਸਿਆ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਦੀ ਬਦੌਲਤ ਹੀ ਆਜ਼ਾਦ ਫ਼ਿਜ਼ਾ ਅਤੇ ਸ਼ਾਂਤੀ ਦੀ ਬਹਾਲੀ ਹੋਈ ਹੈ, ਜਿਸ ਲਈ ਇਨ੍ਹਾਂ ਸ਼ਹੀਦ ਪਰਿਵਾਰਾਂ ਦਾ ਮੁੱਲ ਮੋੜਿਆ ਨਹੀਂ ਜਾ ਸਕਦਾ।
ਇਸ ਦੌਰਾਨ ਡੀਐੱਸਪੀ ਡਾ. ਮਨੋਜ ਗੋਰਸੀ ਦੀ ਅਗਵਾਈ ਹੇਠਲੀ ਪੁਲੀਸ ਟੁਕੜੀ ਨੇ ਸੋਗ ਤੇ ਸਲਾਮੀ ਸ਼ਾਸ਼ਤਰ ਅਤੇ ਦੋ ਮਿੰਟ ਦਾ ਮੌਨ ਧਾਰਨ ਮਗਰੋਂ ਬਿਗਲਰ ਵੱਲੋਂ ਰਿਵਾਲੀ ਦੀ ਧੁਨ ਵਜਾਏ ਜਾਣ ਨਾਲ ਸ਼ਹੀਦਾਂ ਨੂੰ ਸਲਾਮੀ ਦਿੱਤੀ। ਡੀਐੱਸਪੀ ਨੇਹਾ ਅਗਰਵਾਲ ਨੇ ਸ਼ਹੀਦਾਂ ਦੇ ਨਾਮ ਪੜ੍ਹੇ। ਜ਼ਿਲ੍ਹਾ ਪੁਲੀਸ ਨੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਸਣੇ ਦੁੱਖ ਤਕਲੀਫ਼ਾਂ ਵੀ ਸੁਣੀਆਂ।
ਸਮਾਗਮ ਮੌਕੇ ਵਧੀਕ ਸੈਸ਼ਨਜ ਜੱਜ ਅਤੁਲ ਕੰਬੋਜ, ਵਧੀਕ ਕਮਿਸ਼ਨਰ ਇਸ਼ਾ ਸਿੰਗਲ, ਜ਼ਿਲ੍ਹਾ ਅਟਾਰਨੀ ਲੀਗਲ ਅਨਮੋਲਜੀਤ ਸਿੰਘ, ਸਾਬਕਾ ਪੁਲੀਸ ਅਧਿਕਾਰੀ ਪਰਮਜੀਤ ਗਿੱਲ, ਬਲਕਾਰ ਸਿੱਧੂ, ਅਮਰਜੀਤ ਘੁੰਮਣ, ਸੁਖਦੇਵ ਵਿਰਕ, ਸਮਸ਼ੇਰ ਬੋਪਾਰਾਏ, ਮਨਜੀਤ ਬਰਾੜ, ਸੁਖਵਿੰਦਰ ਸੈਣੀ, ਮਹਿੰਦਰ ਮਨੌਲੀ ਸਣੇ ਐਸਪੀਜ਼ ਹਰਬੰਤ ਕੌਰ, ਜਸਬੀਰ ਸਿੰਘ, ਗੁਰਦੇਵ ਧਾਲੀਵਾਲ, ਰਾਜੇਸ਼ ਛਿੱਬੜ ਤੇ ਡੀਐੱਸਪੀ ਜਸਵਿੰਦਰ ਟਿਵਾਣਾ ਆਦਿ ਵੀ ਮੌਜੂਦ ਸਨ।