For the best experience, open
https://m.punjabitribuneonline.com
on your mobile browser.
Advertisement

ਦੋ ਧੜਿਆਂ ’ਚ ਲੜਾਈ ਮਗਰੋਂ ਪੁਲੀਸ ਨੇ ਚਲਾਈ ਤਲਾਸ਼ੀ ਮੁਹਿੰਮ

07:50 AM Feb 05, 2025 IST
ਦੋ ਧੜਿਆਂ ’ਚ ਲੜਾਈ ਮਗਰੋਂ ਪੁਲੀਸ ਨੇ ਚਲਾਈ ਤਲਾਸ਼ੀ ਮੁਹਿੰਮ
ਜਗਤਪੁਰਾ ਕਲੋਨੀ ਵਿੱਚ ਤਲਾਸ਼ੀ ਲੈਂਦੇ ਹੋਏ ਡੀਐੱਸਪੀ ਹਰਸਿਮਰਨ ਸਿੰਘ ਬੱਲ ਤੇ ਹੋਰ। -ਫੋਟੋ: ਸੋਢੀ
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 4 ਫਰਵਰੀ
ਇੱਥੋਂ ਦੀ ਗੁਰੂ ਨਾਨਕ ਕਲੋਨੀ ਜਗਤਪੁਰਾ ਵਿੱਚ ਬੀਤੇ ਦਿਨੀਂ ਦੋ ਧੜਿਆਂ ਵਿੱਚ ਹੋਈ ਝੜਪ ਤੋਂ ਬਾਅਦ ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਕਲੋਨੀ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ਫੇਜ਼-11 ਥਾਣਾ ਦੇ ਐੱਸਐੱਚਓ ਇੰਸਪੈਕਟਰ ਗਗਨਦੀਪ ਸਿੰਘ ਅਤੇ ਹੋਰ ਥਾਣੇਦਾਰ ਅਤੇ ਕਰਮਚਾਰੀ ਵੀ ਹਾਜ਼ਰ ਸਨ। ਇਸ ਦੌਰਾਨ ਪੁਲੀਸ ਨੇ ਇੱਕ-ਇੱਕ ਝੁੱਗੀ ਦੀ ਜਾਂਚ ਕੀਤੀ ਅਤੇ ਕਲੋਨੀ ਵਿੱਚ ਰਹਿੰਦੇ ਬਾਹਰਲੇ ਰਾਜਾਂ ਦੇ ਵਿਅਕਤੀਆਂ ਦੀ ਜਾਂਚ ਕੀਤੀ। ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਹਿੰਮਤ ਸਿੰਘ ਵਾਸੀ ਮੁਹਾਲੀ ਪਿੰਡ, ਯੋਧ ਸਿੰਘ ਵਾਸੀ ਪਾਤੜਾਂ (ਪਟਿਆਲਾ) ਅਤੇ ਅਕਸ਼ੈ ਕੁਮਾਰ ਵਾਸੀ ਜਗਤਪੁਰਾ ਕਲੋਨੀ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਝਗੜੇ ਵਿੱਚ ਜ਼ਖ਼ਮੀ ਹੋਏ ਰਮੇਸ਼ ਕੁਮਾਰ ਦੇ ਸਿਰ ਵਿੱਚ 16 ਅਤੇ ਹੱਥ ’ਤੇ ਚਾਰ ਟਾਂਕੇ ਅਤੇ ਮਨੀ ਦੇ ਸਿਰ ਵਿੱਚ ਸੱਤ ਟਾਂਕੇ ਲੱਗੇ ਹਨ। ਦੋਵੇਂ ਜ਼ਖ਼ਮੀ ਸਰਕਾਰੀ ਹਸਪਤਾਲ ਫੇਜ਼-6 ਵਿੱਚ ਜ਼ੇਰੇ ਇਲਾਜ ਹਨ। ਇੱਕ ਹਮਲਾਵਰ ਰਵੀ ਕੁਮਾਰ ਵੀ ਇਸੇ ਹਸਪਤਾਲ ਵਿੱਚ ਦਾਖ਼ਲ ਹਨ। ਛੁੱਟੀ ਮਿਲਣ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਥਾਣਾ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਤਲਵਾਰ ਅਤੇ ਹੋਰ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲੀਸ ਵੱਲੋਂ ਮੁਲਜ਼ਮਾਂ ਦੇ ਪਿਛੋਕੜ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਡੀਐੱਸਪੀ ਹਰਸਿਮਰਨ ਸਿੰਘ ਬੱਲ ਨੇ ਕਲੋਨੀ ਵਿੱਚ ਪਰਵਾਸੀ ਪਰਿਵਾਰਾਂ ਨੂੰ ਜ਼ਾਬਤੇ ਵਿੱਚ ਰਹਿਣ ਦਾ ਪਾਠ ਪੜ੍ਹਾਉਂਦੇ ਹੋਏ ਸਖ਼ਤ ਚਿਤਾਵਨੀ ਦਿੱਤੀ ਕਿ ਹੁੱਲੜਬਾਜ਼ੀ ਅਤੇ ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ।

Advertisement

Advertisement
Advertisement
Author Image

joginder kumar

View all posts

Advertisement