ਪੁਲੀਸ ਵੱਲੋਂ 88 ਚਲਾਨ, 14 ਵਾਹਨ ਜ਼ਬਤ
ਪੱਤਰ ਪ੍ਰੇਰਕ
ਜਲੰਧਰ, 2 ਫਰਵਰੀ
ਕਮਿਸ਼ਨਰੇਟ ਪੁਲੀਸ ਜਲੰਧਰ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ 88 ਚਲਾਨ ਕੱਟੇ ਅਤੇ 14 ਵਾਹਨ ਜ਼ਬਤ ਕੀਤੇ ਹਨ। ਸੜਕ ਸੁਰੱਖਿਆ ਨੂੰ ਵਧਾਉਣ ਦੇ ਉਦੇਸ਼ ਨਾਲ ਚਲਾਈ ਗਈ ਤਿੰਨ ਰੋਜ਼ਾ ਵਿਸ਼ੇਸ਼ ਮੁਹਿੰਮ ਵਿੱਚ ਪੂਰੇ ਸ਼ਹਿਰ ਵਿੱਚ 480 ਤੋਂ ਵੱਧ ਵਾਹਨਾਂ ਦੀ ਜਾਂਚ ਕੀਤੀ ਗਈ। ਉੱਚ ਆਵਾਜਾਈ ਵਾਲੇ ਖੇਤਰਾਂ ਅਤੇ ਬਾਜ਼ਾਰਾਂ ’ਤੇ ਰਣਨੀਤਕ ਚੌਕੀਆਂ ਸਥਾਪਤ ਕੀਤੀਆਂ ਗਈਆਂ । ਟਰੈਫਿਕ ਉਲੰਘਣਾ ਕਰਨ ’ਤੇ ਮੋਟਰਸਾਈਕਲਾਂ ’ਤੇ ਤੀਹਰੀ ਸਵਾਰੀ ਦੇ 15, ਹੈਲਮੇਟ ਨਾ ਪਾਉਣ ’ਤੇ 14 ਅਤੇ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਦੇ 13 ਚਲਾਨ ਕੀਤੇ ਗਏ।
ਇਸ ਤੋਂ ਇਲਾਵਾ, ਬਲੈਕ ਵਿੰਡੋ ਫਿਲਮਾਂ ਵਾਲੇ 17 ਵਾਹਨਾਂ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅੱਠ ਬੁਲੇਟ ਮੋਟਰਸਾਈਕਲ ਚਾਲਕਾਂ ਨੂੰ ਜੁਰਮਾਨਾ ਕੀਤਾ ਗਿਆ। ਵੈਧ ਲਾਇਸੈਂਸ ਨਾ ਹੋਣ ਕਾਰਨ ਸੱਤ ਡਰਾਈਵਰਾਂ ਨੂੰ ਜੁਰਮਾਨਾ ਵੀ ਕੀਤਾ ਗਿਆ। ਮੁਹਿੰਮ ਦੀ ਅਗਵਾਈ ਸਹਾਇਕ ਪੁਲੀਸ ਕਮਿਸ਼ਨਰਾਂ (ਏਸੀਪੀ) ਨੇ ਏਸੀਪੀ (ਟਰੈਫਿਕ), ਐੱਸਐੱਚਓਜ਼ ਅਤੇ ਐਮਰਜੈਂਸੀ ਰਿਸਪਾਂਸ ਸਿਸਟਮ (ਈਆਰਐਸ) ਜ਼ੋਨ ਇੰਚਾਰਜਾਂ ਦੇ ਸਹਿਯੋਗ ਨਾਲ ਕੀਤੀ। ਈਆਰਐਸ ਟੀਮ ਨੇ ਨਿਰੀਖਣਾਂ ਦੇ ਤਾਲਮੇਲ ਵਿੱਚ ਮੁੱਖ ਭੂਮਿਕਾ ਨਿਭਾਈ।