ਭਾਜਪਾ ਦਾ ਸਾਥ ਦੇ ਰਹੀ ਹੈ ਪੁਲੀਸ: ਕੇਜਰੀਵਾਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਫਰਵਰੀ
ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਖੁੱਲ੍ਹੇਆਮ ਗੁੰਡਾਗਰਦੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਦੀਆਂ ਹਦਾਇਤਾਂ ’ਤੇ ਪੁਲੀਸ ਭਾਜਪਾ ਦੇ ਗੁੰਡਿਆਂ ਦਾ ਸਾਥ ਦੇ ਰਹੀ ਹੈ। ਦਿੱਲੀ ਵਾਸੀਆਂ ਨੇ ਅੱਜ ਤੱਕ ਅਜਿਹੀਆਂ ਚੋਣਾਂ ਕਦੇ ਨਹੀਂ ਦੇਖੀਆਂ। ਗੁੰਡਾਗਰਦੀ ਲਈ ਉਨ੍ਹਾ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਨਿਰਦੇਸ਼ਾਂ ‘ਤੇ ਭਾਜਪਾ ਵਰਕਰ ਦਿੱਲੀ ‘ਚ ‘ਆਪ’ ਵਰਕਰਾਂ ‘ਤੇ ਹਮਲੇ ਕਰ ਰਹੇ ਹਨ। ਇਸ ਦੇ ਵਿਰੋਧ ਵਿੱਚ ਉਨ੍ਹਾਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਕੇਜਰੀਵਾਲ ਨੇ ‘ਆਪ’ ਵਰਕਰਾਂ ਅਤੇ ‘ਆਪ’ ਸਮਰਥਕਾਂ ਨੂੰ ਕਿਹਾ ਕਿ ਜੇ ਉਨ੍ਹਾਂ ਨਾਲ ਕੋਈ ਹਮਲਾ, ਗੁੰਡਾਗਰਦੀ, ਦੁਰਵਿਵਹਾਰ ਹੁੰਦਾ ਹੈ, ਤਾਂ ਇਸ ਸਬੰਧੀ ਵਿਚਾਰ ਪੋਸਟ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇ ਕਿਸੇ ਦੇ ਧਿਆਨ ਵਿੱਚ ਇਹੋ ਜਿਹੀ ਜਾਣਕਾਰੀ ਆਉਂਦੀ ਹੈ ਕਿ ‘ਆਪ’ ਵਰਕਰਾਂ ਨਾਲ ਕਿਤੇ ਵੀ ਅਜਿਹੀ ਘਟਨਾ ਵਾਪਰੀ ਹੈ ਤਾਂ ਇਸ ਨੂੰ ਜਨਤਕ ਕਰਨ। ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ ਦੋਵਾਂ ਪਾਰਟੀਆਂ ਦੇ ਵਰਕਰਾਂ ਵਿੱਚ ਕਈ ਵਾਰ ਝੜਪਾਂ ਵੀ ਹੋਈਆਂ ਹਨ। ਕੇਜਰੀਵਾਲ ਦੇ ਪ੍ਰਚਾਰ ਦੌਰਾਨ ਉਨ੍ਹਾਂ ਦੀ ਕਾਰ ਅੱਗੇ ਪ੍ਰਦਰਸ਼ਨ ਵੀ ਹੋਇਆ ਹੈ। ‘ਆਪ’ ਨੇ ਇਸ ਨੂੰ ਕੇਜਰੀਵਾਲ ’ਤੇ ਕਾਤਲਾਨਾ ਹਮਲਾ ਅਤੇ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਕਰਾਰ ਦਿੱਤਾ ਸੀ ਅਤੇ ਦੋਸ਼ ਲਾਇਆ ਸੀ ਕਿ ਕੇਜਰੀਵਾਲ ‘ਤੇ ਜਾਨਲੇਵਾ ਹਮਲਾ ਭਾਜਪਾ ਵਰਕਰਾਂ ਨੇ ਕੀਤਾ ਹੈ। ਦੂਜੇ ਪਾਸੇ ਭਾਜਪਾ ਦੋਸ਼ ਲਾ ਰਹੀ ਹੈ ਕਿ ਇਲਾਕੇ ਵਿੱਚ ਕੰਮ ਨਾ ਹੋਣ ਕਾਰਨ ਲੋਕ ਕੇਜਰੀਵਾਲ ਅਤੇ ਉਸ ਦੇ ਲੋਕਾਂ ਨੂੰ ਬਾਹਰ ਕੱਢ ਰਹੇ ਹਨ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਚੋਣਾਂ ਵਿੱਚ ਸਿਰਫ ਦੋ ਦਿਨ ਬਾਕੀ ਹਨ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੇ ਪੂਰੀ ਦਿੱਲੀ ਵਿੱਚ ਗੁੰਡਾਗਰਦੀ ਪੈਦਾ ਕਰ ਦਿੱਤੀ ਹੈ। ਲੋਕਾਂ ’ਤੇ ਸ਼ਰ੍ਹੇਆਮ ਹਮਲੇ ਹੋ ਰਹੇ ਹਨ। ਸ਼ਨਿਚਰਵਾਰ ਨੂੰ ਜਦੋਂ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਪੁਲੀਸ ਨੂੰ ਘਟਨਾ ਬਾਰੇ ਦੱਸਿਆ ਤਾਂ ਪੁਲੀਸ ਵਾਲਿਆਂ ਨੇ ਕਿਹਾ ਕਿ ਉਪਰੋਂ ਹੁਕਮ ਹਨ ਕਿ ਸਾਨੂੰ ਕੁਝ ਨਹੀਂ ਕਰਨਾ ਚਾਹੀਦਾ। ਪੁਲੀਸ ਖੜ੍ਹੀ ਦੇਖਦੀ ਰਹਿੰਦੀ ਹੈ, ਫਿਰ ਉਨ੍ਹਾਂ ਗੁੰਡਿਆਂ ਦਾ ਪਿੱਛਾ ਕਰਦੀ ਹੈ ਅਤੇ ਪੀੜਤ ਨੂੰ ਫੜ ਕੇ ਉਸ ’ਤੇ ਚਾਰ ਝੂਠੇ ਕੇਸ ਪਾ ਦਿੰਦੀ ਹੈ। ਉਸ ਨੂੰ ਸਾਰਾ ਦਿਨ ਅਤੇ ਸਾਰੀ ਰਾਤ ਬਿਠਾ ਕੇ ਵੱਖ-ਵੱਖ ਤਰੀਕਿਆਂ ਨਾਲ ਪ੍ਰੇਸ਼ਾਨ ਕੀਤਾ ਜਾਂਦਾ ਹੈ। ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਗੁੰਡਾਗਰਦੀ ਵਿਰੁੱਧ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ। ਦਿੱਲੀ ਇਸ ਤਰ੍ਹਾਂ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ।
ਪੈਸੇ ਲੈ ਲਓ ਪਰ ਵੋਟ ਭਾਜਪਾ ਨੂੰ ਨਾ ਪਾਇਓ: ਕੇਜਰੀਵਾਲ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਝੁੱਗੀ-ਝੌਂਪੜੀ ਵਾਸੀਆਂ ਨੂੰ 3,000 ਰੁਪਏ ਦੀ ਪੇਸ਼ਕਸ਼ ਕਰਕੇ ਅਤੇ ਚੋਣ ਕਮਿਸ਼ਨ ਰਾਹੀਂ ਘਰ-ਘਰ ਜਾ ਕੇ ਵੋਟ ਪਾਉਣ ਦਾ ਵਾਅਦਾ ਕਰਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਉਸ ਨੂੰ ਝੁੱਗੀ-ਝੌਪੜੀਆਂ ਤੋਂ ਇਸ ਸਬੰਧੀ ਬਹੁਤ ਸਾਰੇ ਫੋਨ ਆਏ ਹਨ। ਉਨ੍ਹਾਂ ਲੋਕਾਂ ਨੂੰ ਕਥਿਤ ਜਾਲ ਵਿੱਚ ਨਾ ਫਸਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਤੁਹਾਡਾ ਵੱਡਾ ਭਰਾ ਹਾਂ। ਉਹ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਇਸ ਜਾਲ ਵਿੱਚ ਨਾ ਫਸੋ, ਨਹੀਂ ਤਾਂ, ਉਹ ਤੁਹਾਡੇ ਵਿਰੁੱਧ ਕੇਸ ਦਰਜ ਕਰਨਗੇ ਤੁਹਾਨੂੰ ਗ੍ਰਿਫਤਾਰ ਕਰਨਗੇੇ। ਕੇਜਰੀਵਾਲ ਨੇ ਲੋਕਾਂ ਨੂੰ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਉਹ ਤੁਹਾਨੂੰ ਮੁਫਤ ਪੈਸੇ ਦੇ ਰਹੇ ਹਨ, ਤਾਂ ਲੈ ਲਓ, ਪਰ ਉਨ੍ਹਾਂ ਨੂੰ ਵੋਟ ਨਾ ਦਿਓ। ਉਨ੍ਹਾਂ ਦੋਸ਼ ਲਾਇਆ ਕਿ ਜੇ ਭਾਜਪਾ ਸੱਤਾ ਵਿੱਚ ਆਈ ਤਾਂ ਉਹ ਝੁੱਗੀਆਂ ਨੂੰ ਢਾਹ ਦੇਣਗੇ। ਉਨ੍ਹਾਂ ਕਿਹਾ ਕਿ ਜੋ ਲੋਕ ਤੁਹਾਨੂੰ ਅੱਜ ਪੈਸੇ ਦੇ ਰਹੇ ਹਨ, ਉਹ ਕੱਲ੍ਹ ਤੁਹਾਨੂੰ ਗ੍ਰਿਫਤਾਰ ਕਰ ਲੈਣਗੇ। ਇਹ ਸਭ ਬਹੁਤ ਵੱਡਾ ਧੋਖਾ ਹੈ। 420 ਦੇ ਕੇਸ ਵਿੱਚ ਜੇਲ੍ਹ ਜਾਵੋਗੇ। ਇਸ ਗੜਬੜ ਵਿੱਚ ਨਾ ਪਓ। ਜੇ ਮੁਫਤ ਪੈਸੇ ਦੇ ਰਹੇ ਹੋ ਤਾਂ ਲੈ ਲਓ। ਪਰ ਜੇ ਤੁਸੀਂ ਪੈਸਿਆਂ ਦੇ ਬਦਲੇ ਆਪਣੀ ਉਂਗਲੀ ਦਾ ਨਿਸ਼ਾਨ ਲਗਵਾ ਰਹੇ ਹੋ, ਤਾਂ ਇਹ ਜੀਵਨ ਭਰ ਦੀ ਸਮੱਸਿਆ ਰਹੇਗੀ।
ਆਮ ਆਦਮੀ ਪਾਰਟੀ ਵੱਲੋਂ ਵੈੱਬ ਪੋਰਟਲ ਲਾਂਚ
ਨਵੀਂ ਦਿੱਲੀ (ਪੱਤਰ ਪ੍ਰੇਰਕ): ਹੁਣ ਹਰ ਦਿੱਲੀ ਵਾਸੀ ਆਸਾਨੀ ਨਾਲ ਇਹ ਪਤਾ ਲਗਾ ਸਕਦਾ ਹੈ ਕਿ ਪਿਛਲੇ 10 ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਉਸ ਨੂੰ ਕਿੰਨਾ ਲਾਭ ਹੋਇਆ ਹੈ। ਇਸ ਲਈ ਆਮ ਆਦਮੀ ਪਾਰਟੀ ਨੇ aapkibachat.com ਨਾਮ ਦਾ ਵੈੱਬ ਪੋਰਟਲ ਲਾਂਚ ਕੀਤਾ ਹੈ। ਮੁੱਖ ਬੁਲਾਰੇ ਪ੍ਰਿਅੰਕਾ ਕੱਕੜ ਨੇ ਕਿਹਾ ਕਿ ਦਿੱਲੀ ਦੇ ਲੋਕ ਇਸ ਵੈੱਬ ਪੋਰਟਲ ’ਤੇ ਜਾ ਕੇ ਹਰ ਮਹੀਨੇ ਆਪਣੀ ਬੱਚਤ ਦਾ ਹਿਸਾਬ ਲਗਾ ਸਕਦੇ ਹਨ। ਇੱਕ ਅੰਦਾਜ਼ੇ ਮੁਤਾਬਕ ਦਿੱਲੀ ਵਿੱਚ ਹਰ ਪਰਿਵਾਰ ਔਰਤਾਂ ਲਈ ਮੁਫ਼ਤ ਬਿਜਲੀ, ਪਾਣੀ, ਸਿੱਖਿਆ, ਇਲਾਜ ਅਤੇ ਬੱਸ ਸਫ਼ਰ ਕਰਕੇ ਘੱਟੋ-ਘੱਟ 25 ਹਜ਼ਾਰ ਰੁਪਏ ਦੀ ਬੱਚਤ ਕਰ ਰਿਹਾ ਹੈ। ਇਸ ਦੇ ਨਾਲ ਹੀ ਨਵੀਂ ਸਰਕਾਰ ਬਣਨ ਤੋਂ ਬਾਅਦ ਮਹਿਲਾ ਸਨਮਾਨ, ਸੰਜੀਵਨੀ ਯੋਜਨਾ ਅਤੇ ਵਿਦਿਆਰਥੀਆਂ ਲਈ ਮੁਫ਼ਤ ਬੱਸ ਸਫ਼ਰ ਅਤੇ ਮੈਟਰੋ ਕਿਰਾਏ ਵਿੱਚ 50 ਫ਼ੀਸਦੀ ਛੋਟ ਲਾਗੂ ਕੀਤੀ ਜਾਵੇਗੀ। ਇਸ ਤੋਂ ਬਾਅਦ ਦਿੱਲੀ ਵਾਸੀਆਂ ਨੂੰ ਹਰ ਮਹੀਨੇ ਘੱਟੋ-ਘੱਟ 35 ਹਜ਼ਾਰ ਰੁਪਏ ਦੀ ਬਚਤ ਹੋਵੇਗੀ। ਪ੍ਰਿਯੰਕਾ ਕੱਕੜ ਨੇ ਐਤਵਾਰ ਨੂੰ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੋਰਟਲ ਲਾਂਚ ਕੀਤਾ ਹੈ।