ਸਕੂਲਾਂ ਕਾਲਜਾਂ ਦੀਆਂ 157 ਬੱਸਾਂ ਦੀ ਪੁਲੀਸ ਵੱਲੋਂ ਜਾਂਚ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਜੁਲਾਈ
ਵਧੀਕ ਡਾਇਰੈਕਟਰ ਜਨਰਲ (ਪੁਲੀਸ ਟਰੈਫਿਕ ਤੇ ਸੜਕ ਆਵਾਜਾਈ) ਪੰਜਾਬ ਏ.ਐੱਸ. ਰਾਏ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਤਹਿਤ ਅੱਜ ਜ਼ਿਲ੍ਹਾ ਸੰਗਰੂਰ ਪੁਲੀਸ ਵੱਲੋਂ ਐੱਸਐੱਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਸਕੂਲੀ ਵਾਹਨਾਂ ਦੀ ਜਾਂਚ ਲਈ ਵਿਆਪਕ ਮੁਹਿੰਮ ਚਲਾਈ ਗਈ।
ਇਸ ਸਬੰਧੀ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹਾ ਪੁਲੀਸ ਵੱਲੋਂ ਸਕੂਲੀ ਬੱਚਿਆਂ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਅਤੇ ਕਾਲਜਾਂ ਦੀਆਂ 157 ਬੱਸਾਂ ਦੀ ਚੈਕਿੰਗ ਕੀਤੀ ਗਈ ਹੈ। ਇਸ ਦੌਰਾਨ ਨਿਯਮਾਂ ਦੀ ਉਲੰਘਨਾ ਕਰਨ ਵਾਲੀਆਂ 29 ਬੱਸਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਵਧੀਕ ਡਾਇਰੈਕਟਰ ਜਨਰਲ ਆਫ ਪੁਲੀਸ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਲਗਾਤਾਰ ਸਕੂਲਾਂ ਅਤੇ ਕਾਲਜਾਂ ਦੀਆਂ ਬੱਸਾਂ ਦੀ ਚੈਕਿੰਗ ਕਰਨ ਸਬੰਧੀ ਹੁਕਮ ਮਿਲੇ ਸਨ ਜਿਸ ਦੀ ਪਾਲਣਾ ਕਰਦੇ ਹੋਏ ਅੱਜ ਵਿਸ਼ੇਸ਼ ਤੌਰ ’ਤੇ ਇਹ ਮੁਹਿੰਮ ਚਲਾਈ ਗਈ। ਇਸ ਦੌਰਾਨ ਇਨ੍ਹਾਂ ਬੱਸਾਂ ਦੇ ਚਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਵਾਜਾਈ ਸਬੰਧੀ ਅਦਾਲਤਾਂ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਦਿੱਤੇ ਜਾਣ ਵਾਲੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣ।
ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਅੱਜ ਕੀਤੀ ਜਾਂਚ ਪੜਤਾਲ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਜ਼ਿਆਦਾਤਰ ਬੱਸਾਂ ਵਿੱਚ ਫਿਟਨੈੱਸ ਸਰਟੀਫਿਕੇਟ ਨਾ ਹੋਣਾ, ਡਰਾਈਵਰ ਦੇ ਸਹੀ ਢੰਗ ਨਾਲ ਵਰਦੀ ਨਾ ਪਾਈ ਹੋਣਾ, ਐਮਰਜੈਂਸੀ ਖਿੜਕੀ/ਦਰਵਾਜ਼ੇ ਦਾ ਨਾ ਹੋਣਾ, ਬੱਸ ਵਿੱਚ ਕੈਮਰਾ ਨਾ ਹੋਣਾ, ਪ੍ਰਦੂਸ਼ਨ/ਬੀਮਾ ਨਾ ਹੋਣਾ, ਸੀਟ ਬੈਲਟ ਨਾ ਲਗਾਉਣ, ਓਵਰਲੋਡ ਬੱਚੇ, ਮਹਿਲਾ ਸਹਾਇਕ ਦਾ ਨਾ ਹੋਣਾ ਅਤੇ ਸਕੂਲ ਬੱਸਾਂ ਦਾ ਪੀਲਾ ਰੰਗ ਨਾ ਹੋਣਾ, ਸ਼ਾਮਿਲ ਸਨ।
ਉਨ੍ਹਾਂ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਹੈ ਕਿ ਭਵਿੱਖ ਵਿੱਚ ਪੜਤਾਲ ਦੌਰਾਨ ਜੇਕਰ ਮੁੜ ਵਾਹਨਾਂ ਦੇ ਦਸਤਾਵੇਜ਼ਾਂ ਜਾਂ ਹੋਰ ਕਮੀਆਂ ਪਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਵਾਹਨਾਂ ਨੂੰ ਇੰਪਾਊਂਡ ਕਰ ਲਿਆ ਜਾਵੇਗਾ।