ਪੁਲੀਸ ਦੀ ਗੋਲੀ ਨਾਲ ਮੌਤ ਹੋਣ ਮਗਰੋਂ ਅਮਰੀਕਾ ’ਚ ਰੋਸ ਮੁਜ਼ਾਹਰੇ
ਲਾਫਾਯੇਤ/ਪੋਰਟਲੈਂਡ (ਅਮਰੀਕਾ), 23 ਅਗਸਤ
ਲੂਸੀਆਨਾ ਪੁਲੀਸ ਵੱਲੋਂ ਚਲਾਈ ਗੋਲੀ ਲੱਗਣ ਕਾਰਨ ਇੱਕ ਸਿਆਹਫਾਮ ਵਿਅਕਤੀ ਦੀ ਮੌਤ ਹੋਣ ਮਗਰੋਂ ਇੱਥੇ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਹਨ। ਮ੍ਰਿਤਕ ਦੀ ਮਾਂ ਨੇ ਕਿਹਾ ਕਿ ਉਸ ਦੇ ਪੁੱਤ ਬਹੁਤ ਸ਼ਰਮੀਲਾ ਤੇ ਹੁਸ਼ਿਆਰ ਲੜਕਾ ਸੀ। ਉਸ ਦੇ ਵਕੀਲ ਨੇ ਦੱਸਿਆ ਕਿ ਉਹ ਟਰੇਅਫੋਰਡ ਪੈਲੇਰਿਨ ਦੀ ਮੌਤ ਦੇ ਮਾਮਲੇ ’ਚ ਕੇਸ ਕਰਨ ਬਾਰੇ ਸੋਚ ਰਹੇ ਹਨ। ਦੂਜੇ ਪਾਸੇ ਪੁਲੀਸ ਦਾਅਵਾ ਕਰ ਰਹੀ ਹੈ ਕਿ ਉਸ ਵਿਅਕਤੀ ਦੇ ਹੱਥ ’ਚ ਚਾਕੂ ਸੀ ਤੇ ਉਹ ਇੱਕ ਸਟੋਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਘਟਨਾ ਦੀ ਵੀਡੀਓ ਲੰਘੇ ਸ਼ੁੱਕਰਵਾਰ ਨੂੰ ਬਣਾਈ ਗਈ ਹੈ ਤੇ ਏਸੀਐੱਲਯੂ ਨੇ ਘਟਨਾ ਨੂੰ ਭਿਆਨਕ ਕਰਾਰ ਦਿੰਦਿਆਂ ਇਸ ਦੀ ਆਲੋਚਨਾ ਕੀਤੀ ਹੈ। ਏਸੀਐੱਲਯੂ ਤੇ ਦੱਖਣੀ ਗਰੀਬੀ ਕਾਨੂੰਨ ਕੇਂਦਰ ਨੇ ਇਸ ਮਾਮਲੇ ’ਚ ਜਾਂਚ ਬਿਠਾ ਦਿੱਤੀ ਹੈ। ਪੈਲੇਰਿਨ ਦੀ ਮੌਤ ਦੀ ਘਟਨਾ ਤੋਂ ਰੋਹ ਵਿੱਚ ਆਏ ਹਜ਼ਾਰਾਂ ਦੀ ਗਿਣਤੀ ’ਚ ਸਥਾਨਕ ਲੋਕਾਂ ਵੱਲੋਂ ਪੁਲੀਸ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪੁਲੀਸ ਨੇ ਭੜਕੀ ਭੀੜ ਨੂੰ ਖਿੰਡਾਉਣ ਲਈ ਧੂੰਏਂ ਵਾਲੇ ਗੋਲੇ ਵੀ ਦਾਗੇ।
ਦੂਜੇ ਪਾਸੇ ਪੋਰਟਲੈਂਡ ਦੀਆਂ ਸੰਘੀ ਇਮਾਰਤਾਂ ਦੇ ਬਾਹਰ ਸੱਜੇ ਪੱਖੀ ਤੇ ਖੱਬੇ ਪੱਖੀ ਸਮੂਹਾਂ ਵਿਚਾਲੇ ਪ੍ਰਦਰਸ਼ਨ ਹਿੰਸਕ ਹੋਣ ਤੋਂ ਬਾਅਦ ਪੁਲੀਸ ਨੂੰ ਉੱਥੇ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਤਾਕਤ ਦੀ ਵਰਤੋਂ ਕਰਨੀ ਪਈ।