For the best experience, open
https://m.punjabitribuneonline.com
on your mobile browser.
Advertisement

ਇਮਰਾਨ ਦੇ ਸਮਰਥਕਾਂ ’ਤੇ ਪੁਲੀਸ ਵੱਲੋਂ ਗੋਲਾਬਾਰੀ

07:03 AM Sep 09, 2024 IST
ਇਮਰਾਨ ਦੇ ਸਮਰਥਕਾਂ ’ਤੇ ਪੁਲੀਸ ਵੱਲੋਂ ਗੋਲਾਬਾਰੀ
ਇਸਲਾਮਾਬਾਦ ’ਚ ਰੈਲੀ ਦੌਰਾਨ ਜੁੜੇ ਇਮਰਾਨ ਖ਼ਾਨ ਦੇ ਹਜ਼ਾਰਾਂ ਸਮਰਥਕ। -ਫੋਟੋ: ਏਪੀ
Advertisement

ਇਸਲਾਮਾਬਾਦ, 8 ਸਤੰਬਰ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਲਈ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਵੱਲੋਂ ਅੱਜ ਇਥੇ ਕੀਤੀ ਗਈ ਰੈਲੀ ਦੌਰਾਨ ਪੁਲੀਸ ਅਤੇ ਪਾਰਟੀ ਵਰਕਰਾਂ ਵਿਚਕਾਰ ਝੜਪ ਹੋ ਗਈ। ਪੀਟੀਆਈ ਨੇ ਪੁਲੀਸ ’ਤੇ ਪਹਿਲਾਂ ਗੋਲੀਆਂ ਚਲਾਉਣ ਦਾ ਦੋਸ਼ ਲਾਇਆ ਹੈ। ਉਧਰ ਪੁਲੀਸ ਨੇ ਦਾਅਵਾ ਕੀਤਾ ਕਿ ਪੀਟੀਆਈ ਵਰਕਰਾਂ ਨੇ ਉਨ੍ਹਾਂ ’ਤੇ ਪਥਰਾਅ ਕੀਤਾ ਹੈ। ਝੜਪਾਂ ’ਚ ਪੁਲੀਸ ਅਧਿਕਾਰੀਆਂ ਸਮੇਤ ਕਈ ਵਿਅਕਤੀ ਜ਼ਖ਼ਮੀ ਹੋਏ ਹਨ। ਇਮਰਾਨ ਦੀ ਪਾਰਟੀ ਨੇ ਇਕ ਵੀਡੀਓ ਸਾਂਝਾ ਕੀਤਾ ਹੈ ਜਿਸ ’ਚ ਪੁਲੀਸ ਗੋਲੀਆਂ ਚਲਾਉਂਦੀ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਦੇ ਦਿਖਾਈ ਦੇ ਰਹੀ ਹੈ।
ਪਾਰਟੀ ਨੇ ‘ਐਕਸ’ ’ਤੇ ਪਾਈ ਪੋਸਟ ’ਚ ਮੁਲਕ ਅੰਦਰ ਅਣਐਲਾਨਿਆ ਮਾਰਸ਼ਲ ਲਾਅ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਪੁਲੀਸ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ’ਤੇ ਭਾਰੀ ਗੋਲਾਬਾਰੀ ਕੀਤੀ। ਪੀਟੀਆਈ ਨੇ ਕਿਹਾ ਕਿ ਤਾਨਾਸ਼ਾਹ ਅਤੇ ਗ਼ੈਰਕਾਨੂੰਨੀ ਹਕੁੂਮਤ ਵੱਲੋਂ ਵਾਰ ਵਾਰ ਸ਼ਰਮਨਾਕ ਅਤੇ ਕਾਇਰਾਨਾ ਵਿਹਾਰ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ‘ਹਕੀਕੀ ਆਜ਼ਾਦੀ’ ਪ੍ਰਤੀ ਲੋਕਾਂ ਦਾ ਅਹਿਦ ਹੋਰ ਮਜ਼ਬੂਤ ਹੋਵੇਗਾ। ਪਾਰਟੀ ਨੇ ਕਿਹਾ ਕਿ ਪੁਲੀਸ ਅਫ਼ਸਰਾਂ ਨੂੰ ਆਪਣੇ ਕਾਰੇ ’ਤੇ ਸ਼ਰਮ ਮਹਿਸੂਸ ਹੋਣੀ ਚਾਹੀਦੀ ਹੈ ਅਤੇ ਲੋਕਾਂ ਨੇ ਅੱਜ ਵੱਡਾ ਸੁਨੇਹਾ ਦੇ ਦਿੱਤਾ ਹੈ। ਇਕ ਹੋਰ ਪੋਸਟ ’ਚ ਕਿਹਾ ਗਿਆ, ‘‘ਇਸਲਾਮਾਬਾਦ ਦੇ ਆਈਜੀ ਅਤੇ ਹੱਥਠੋਕੀ ਸਰਕਾਰ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਹੈ।’’ ਪਾਕਿਸਤਾਨੀ ਅਖ਼ਬਾਰ ‘ਡਾਅਨ’ ਦੀ ਰਿਪੋਰਟ ਮੁਤਾਬਕ ਬੀਤੇ ’ਚ ਰੈਲੀ ਦੀ ਕਈ ਵਾਰ ਇਜਾਜ਼ਤ ਨਾ ਦਿੱਤੇ ਜਾਣ ਮਗਰੋਂ ਪੀਟੀਆਈ ਨੇ ਐਤਵਾਰ ਨੂੰ ਇਸਲਾਮਾਬਾਦ ਦੇ ਬਾਹਰਲੇ ਇਲਾਕੇ ’ਚ ਰੈਲੀ ਕੀਤੀ। ਰੈਲੀ ਨੂੰ ਪਾਰਟੀ ਆਗੂ ਹਮਾਦ ਅਜ਼ਹਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਕੋਈ ਵੀ ਨਹੀਂ ਰੋਕ ਸਕਦਾ ਹੈ ਅਤੇ ਉਹ ਇਮਰਾਨ ਖ਼ਾਨ ਦੀ ਰਿਹਾਈ ਯਕੀਨੀ ਬਣਾਉਣਗੇ। ਪੀਟੀਆਈ ਦੇ ਸਾਬਕਾ ਆਗੂ ਅਤੇ ਨੈਸ਼ਨਲ ਅਸੈਂਬਲੀ ਦੇ ਸਾਬਕਾ ਸਪੀਕਰ ਅਸਦ ਕੈਸਰ ਨੇ ਦਾਅਵਾ ਕੀਤਾ ਕਿ ਫਾਸ਼ੀਵਾਦੀ ਸਰਕਾਰ ਨੇ ਮਾਹੌਲ ਵਿਗਾੜਨ ਅਤੇ ਲੋਕਾਂ ਨੂੰ ਰੋਕਣ ਲਈ ਪੁਲੀਸ ਰਾਹੀਂ ਕੰਟੇਨਰ ਤੇ ਹੋਰ ਅੜਿੱਕੇ ਖੜ੍ਹੇ ਕੀਤੇ ਹਨ। ਪਾਰਟੀ ਦੀ ਪੰਜਾਬ ਇਕਾਈ ਦੇ ਤਰਜਮਾਨ ਸ਼ੌਕਤ ਬਸਰਾ ਨੇ ‘ਐਕਸ’ ’ਤੇ ਕਿਹਾ ਕਿ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਪੀਟੀਆਈ ਵਰਕਰਾਂ ਨੂੰ ਰੋਕਣ ਲਈ ਸੂਬੇ ’ਚ ਗ਼ੈਰਸੰਵਿਧਾਨਕ ਹੁਕਮ ਦਿੱਤੇ ਹਨ। -ਏਐੱਨਆਈ

Advertisement

Advertisement
Advertisement
Author Image

sukhwinder singh

View all posts

Advertisement