For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ ਚਲਾਇਆ ‘ਕਾਸੋ ਅਪਰੇਸ਼ਨ’

10:20 AM Oct 10, 2024 IST
ਪੁਲੀਸ ਨੇ ਚਲਾਇਆ ‘ਕਾਸੋ ਅਪਰੇਸ਼ਨ’
ਸੰਗਰੂਰ ਵਿੱਚ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਅਕਤੂਬਰ
ਪੰਚਾਇਤੀ ਚੋਣਾਂ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ‘ਕਾਸੋ ਅਪਰੇਸ਼ਨ’ ਤਹਿਤ ਵੱਲੋਂ ਸੰਗਰੂਰ ਜ਼ਿਲ੍ਹੇ ਵਿਚ ਏਡੀਜੀਪੀ ਸ੍ਰੀ ਏਐਸ ਰਾਏ ਦੀ ਅਗਵਾਈ ਹੇਠ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਵਿੱਚ 17 ਪੁਲੀਸ ਗਜ਼ਟਿਡ ਅਫ਼ਸਰਾਂ ਸਮੇਤ 800 ਤੋਂ ਵੱਧ ਪੁਲੀਸ ਮੁਲਾਜ਼ਮਾਂ ਨੇ 20 ਵਿਸ਼ੇਸ਼ ਨਾਕਿਆਂ ਸਮੇਤ ਹੋਰ ਥਾਵਾਂ ਉੱਤੇ ਸ਼ੱਕੀ ਵਿਅਕਤੀਆਂ/ਵਾਹਨਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਹੋਟਲਾਂ ਅਤੇ ਸਰਾਵਾਂ ਦੀ ਤਲਾਸ਼ੀ ਲਈ ਅਤੇ 21 ਸਪਾਟ ਥਾਵਾਂ ’ਤੇ 99 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ, 25 ਥਾਂਵਾਂ ’ਤੇ ਛਾਪੇ ਮਾਰੇ, 63 ਵਾਹਨਾਂ ਦੇ ਚਲਾਨ ਕੀਤੇ, ਚਾਰ ਵਾਹਨ ਜ਼ਬਤ ਕੀਤੇ, 63 ਧਾਰਮਿਕ ਅਸਥਾਨਾਂ ਦੀ ਚੈਕਿੰਗ ਕੀਤੀ ਗਈ, 18 ਹੋਟਲ/ਸਰਾਂਵਾਂ ਚੈੱਕ ਕੀਤੀਆਂ, ਪੰਜ ਰੇਲਵੇ ਸਟੇਸ਼ਨ ਅਤੇ 13 ਬੱਸ ਸਟੈਂਡ ਚੈੱਕ ਕੀਤੇ ਗਏ, ਪੰਜ ਮੁਲਜ਼ਮਾਂ ਨੂੰ ਕਾਬੂ ਕਰਕੇ ਪੰਜ ਮੁਕੱਦਮੇ ਦਰਜ ਕੀਤੇ ਅਤੇ ਨਾਜਾਇਜ਼ ਸ਼ਰਾਬ ਦੀਆਂ 120 ਬੋਤਲਾਂ ਬਰਾਮਦ ਕੀਤੀਆਂ। ਏਡੀਜੀਪੀ (ਟਰੈਫਿਕ ਤੇ ਸੜਕ ਸੁਰੱਖਿਆ) ਏਐੱਸ ਰਾਏ ਨਿੱਜੀ ਤੌਰ ’ਤੇ ਮੁਹਿੰਮ ਦੀ ਨਿਗਰਾਨੀ ਕਰ ਰਹੇ ਸਨ। ਇਸ ਮੌਕੇ ਐੱਸਪੀ ਪਲਵਿੰਦਰ ਸਿੰਘ ਚੀਮਾ, ਨਵਰੀਤ ਸਿੰਘ ਵਿਰਕ ਮੌਜੂਦ ਸਨ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਤਿਉਹਾਰੀ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਧੂਰੀ ਦੀ ਪੁਲਿਸ ਵੱਲੋਂ ਡੀਐੱਸਪੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਚੈਕਿੰਗ ਕੀਤੀ ਗਈ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਡੀਐੱਸਪੀ ਧੂਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਦੌਰਾਨ ਲੁੱਟ-ਖੋਹ, ਚੋਰੀ ਅਤੇ ਹੋਰ ਅਮਨ ਕਾਨੂੰਨ ਭੰਗ ਕਰਨ ਵਾਲੀਆਂ ਕਾਰਵਾਈਆਂ ਰੋਕਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਥਾਣਾ ਸਿਟੀ ਮੁਖੀ ਇੰਸਪੈਕਟਰ ਸਰਬਜੀਤ ਸਿੰਘ, ਸਹਾਇਕ ਥਾਣੇਦਾਰ ਮਲਕੀਤ ਸਿੰਘ, ਸਹਾਇਕ ਥਾਣੇਦਾਰ ਸੰਜੇ ਕੁਮਾਰ ਆਦਿ ਹਾਜ਼ਰ ਸਨ।
ਲਹਿਰਾਗਾਗਾ (ਪੱਤਰ ਪ੍ਰੇਰਕ): ਪੰਚਾਇਤ ਚੋਣਾਂ ਤੇ ਤਿਉਹਾਰਾਂ ਦੇ ਮੱਦੇਨਜ਼ਰ ‘ਕਾਸੋ ਅਪਰੇਸ਼ਨ’ ਤਹਿਤ ਪੁਲੀਸ ਨੇ ਲਹਿਰਾਗਾਗਾ ਵਿੱਚ ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਹੋਟਲਾਂ ਤੇ ਧਰਮਸ਼ਾਲਾਵਾ ਦੀ ਚੈਕਿੰਗ ਕੀਤੀ। ਅਪਰੇਸ਼ਨ ਕਾਸੋ ਦੀ ਅਗਵਾਈ ਕਰ ਰਹੇ ਡੀਐੱਸਪੀ ਲਹਿਰਾਗਾਗਾ ਦੀਪਇੰਦਰ ਸਿੰਘ ਜੇਜੀ ਨੇ ਹਰਿਆਣਾ ਨਾਲ ਲੱਗਦੇ ਸਰਹੱਦੀ ਇਲਾਕਿਆਂ ’ਤੇ ਵੀ ਨਾਕੇ ਲਾਏ ਗਏ ਹਨ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਏਡੀਜੀਪੀ ਏਐੱਸ ਰਾਏ ਨੇ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਆਵਾਜਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਐੱਸਐੱਸਪੀ ਸਰਤਾਜ ਸਿੰਘ ਚਾਹਲ ਤੇ ਹੋਰ ਪੁਲੀਸ ਅਧਿਕਾਰੀ ਮੌਜੂਦ ਸਨ।
ਸਮਾਣਾ (ਪੱਤਰ ਪ੍ਰੇਰਕ): ਪੁਲੀਸ ਨੇ ਪਿੰਡ ਮੁਰਾਦਪੁਰਾ ਵਿੱਚ ਕਾਸੋ ਆਪਰੇਸ਼ਨ ਤਹਿਤ ਛਾਪਾ ਮਾਰ ਕੇ ਕਈ ਘਰਾਂ ਦੀ ਤਲਾਸ਼ੀ ਮਗਰੋਂ ਤਿੰਨ ਨਸ਼ੇੜੀਆਂ ਨੂੰ ਕਾਬੂ ਕੀਤਾ ਹੈ। ਸਿਟੀ ਥਾਣਾ ਮੁਖੀ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨਸ਼ੇੜੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਗਾਜੇਵਾਸ ਪੁਲੀਸ ਮੁਖੀ ਬਲਦੇਵ ਸਿੰਘ, ਮਵੀ ਪੁਲੀਸ ਮੁਖੀ ਹਰਦੀਪ ਸਿੰਘ, ਗੁਰਬਖਸ਼ ਸਿੰਘ ਆਦਿ ਹਾਜ਼ਰ ਸਨ।
ਦੇਵੀਗੜ੍ਹ (ਪੱਤਰ ਪ੍ਰੇਰਕ): ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੁਲੀਸ ਨੇ ਡੀਐੱਸਪੀ ਦਿਹਾਤੀ ਗੁਰਪ੍ਰਤਾਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਥਾਣਾ ਮੁਖੀ ਜੁਲਕਾਂ ਇੰਸਪੈਕਟਰ ਅਜੈ ਕੁਮਾਰ ਅਤੇ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਵੱਲੋਂ ਅੱਜ ਇੱਥੇ ਬੱਸ ਸਟੈਂਡ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਡੀਆਈਜੀ (ਇੰਟੈਲੀਜੈਂਸ-।) ਮੁਹਾਲੀ ਸੁਖਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਗਵਾਈ ਤੇ ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਦੀ ਨਿਗਰਾਨੀ ਹੇਠ ਮਾਲੇਰਕੋਟਲਾ ਜ਼ਿਲ੍ਹਾ ਪੁਲੀਸ ਵੱਲੋਂ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਕਾਸੋ ਅਪਰੇਸ਼ਨ ਚਲਾਇਆ ਗਿਆ। ਇਸ ਵਿੱਚ ਵੱਖ-ਵੱਖ ਪੁਲੀਸ ਅਧਿਕਾਰੀਆਂ ਨੇ ਹਿੱਸਾ ਲਿਆ। ਸੁਖਵੰਤ ਸਿੰਘ ਨੇ ਕਿਹਾ ਕਿ ਇਸ ਅਪਰੇਸ਼ਨ ਦਾ ਮੁੱਖ ਉਦੇਸ਼ ਨਸ਼ਿਆਂ ਦੀ ਰੋਕਥਾਮ, ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ।

Advertisement

ਸਪੈਸ਼ਲ ਡੀਜੀਪੀ ਨੇ ਮਨਦੀਪ ਸਿੱਧੂ ਤੇ ਨਾਨਕ ਸਿੰਘ ਦੀ ਪਿੱਠ ਥਾਪੜੀ

ਪਟਿਆਲਾ ਦੇ ਰੇਲਵੇ ਸਟੇਸ਼ਨ ’ਤੇ ਤਲਾਸ਼ੀ ਮੁਹਿੰਮ ਚਲਾਉਂਦੀ ਹੋਈ ਪੁਲੀਸ। -ਫੋਟੋ: ਰਾਜੇਸ਼ ਸੱਚਰ

ਪਟਿਆਲਾ (ਖੇਤਰੀ ਪ੍ਰਤੀਨਿਧ): ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਮੁਹਿੰਮ ਤਹਿਤ ਅੱਜ ਸਪੈਸ਼ਲ ਡੀਜੀਪੀ ਈਸ਼ਵਰ ਸਿੰਘ ਦੀ ਅਗਵਾਈ ਵਿੱਚ ਪਟਿਆਲਾ ਪੁਲੀਸ ਨੇ ਅੱਜ ‘ਕਾਸੋ’ ਆਪਰੇਸ਼ਨ ਚਲਾਇਆ। ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਤੇ ਐੱਸਐੱਸਪੀ ਡਾ. ਨਾਨਕ ਸਿੰਘ ਵੀ ਇਸ ਮੁਹਿੰਮ ਦਾ ਹਿੱਸਾ ਰਹੇ। ਇਸ ਦੌਰਾਨ 38 ਥਾਵਾਂ ਦੀ ਇੱਕੋ ਸਮੇਂ ਤਲਾਸ਼ੀ ਲਈ ਗਈ। ਹਜ਼ਾਰਾਂ ਪੁਲੀਸ ਮੁਲਾਜ਼ਮਾਂ ਦੀ ਚਾਰ ਘੰਟਿਆਂ ਦੀ ਜਦੋ-ਜਹਿਦ ਮਗਰੋਂ ਵੀ ਪਾਬੰਦੀਸ਼ੁਦਾ ਸਮੱਗਰੀ ਨਾਮਾਤਰ ਹੀ ਬਰਾਮਦਗੀ ਹੋਈ ਹੈ। ਆਮ ਤੌਰ ’ਤੇ ਅਜਿਹੀ ਸੂਰਤ ’ਚ ਕਾਰਗੁਜ਼ਾਰੀ ਮਾੜੀ ਹੀ ਮੰਨੀ ਜਾਂਦੀ ਹੈ। ਹਾਲਾਂਕਿ, ਇਸ ਦੇ ਉਲਟ ਇਥੇ ਸਪੈਸ਼ਲ ਡੀਜੀਪੀ ਈਸ਼ਵਰ ਸਿੰਘ ਨੇ ਪਟਿਆਲਾ ਪੁਲੀਸ ਦੀ ਸ਼ਲਾਘਾ ਕਰਦਿਆਂ ਇਥੋਂ ਦੇ ਦੋਵੇਂ ਪ੍ਰਮੁੱਖ ਅਧਿਕਾਰੀਆਂ ਮਨਦੀਪ ਸਿੰਘ ਸਿੱਧੂ ਡੀਆਈਜੀ ਅਤੇ ਡਾ. ਨਾਨਕ ਸਿੰਘ ਐੱਸਐੱਸਪੀ ਦੀ ਪਿੱਠ ਵੀ ਥਾਪੜੀ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 121 ਧਾਰਮਿਕ ਸਥਾਨਾਂ, ਪੰਜ ਰੇਲਵੇ ਸਟੇਸ਼ਨਾਂ, ਨੌਂ ਬੱਸ ਅੱਡਿਆਂ ਅਤੇ 55 ਹੋਟਲਾਂ ਅਤੇ ਸਰਾਂਵਾਂ ਦੀ ਚੈਕਿੰਗ ਕੀਤੀ ਗਈ। 26 ਅੰਤਰਰਾਜੀ ਅਤੇ ਅੰਤਰ ਜ਼ਿਲ੍ਹਾ ਨਾਕੇ ਵੀ ਲਗਾਏ ਗਏ। ਅਪਰਧਿਕ ਰਿਕਾਰਡ ਵਾਲੇ 190 ਵਿਅਕਤੀਆਂ ਦੀ ਨਜ਼ਰਸਾਨੀ ਵੀ ਕੀਤੀ ਗਈ। ਇਸ ਦੌਰਾਨ ਨਾਜਾਇਜ਼ ਸ਼ਰਾਬ ਦੀਆਂ 80 ਬੋਤਲਾਂ ਹੋਰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਅੱਠ ਕੇਸ ਦਰਜ ਕੀਤੇ ਗਏ ਤੇ ਸੱਤ ਨੂੰ ਗ੍ਰਿਫ਼ਤਾਰ ਕਰਦਿਆਂ 20 ਵਾਹਨ ਵੀ ਜ਼ਬਤ ਕੀਤੇ ਗਏ।

Advertisement

Advertisement
Author Image

Advertisement