ਪੁਲੀਸ ਵੱਲੋਂ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫਾਸ਼
ਹਰਜੀਤ ਸਿੰਘ
ਜ਼ੀਰਕਪੁਰ, 29 ਦਸੰਬਰ
ਪੁਲੀਸ ਨੇ ਇਕ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਗਰੋਹ ਦੇ ਦੋ ਮੈਂਬਰਾਂ ਨੂੰ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਪਿੰਡ ਜਾਸਤਨਾ ਖੁਰਦ ਲਾਲੜੂ ਅਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਮਲਕਪੁਰ ਲਾਲੜੂ ਵਜੋਂ ਹੋਈ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਸਕੰਵਲ ਸਿੰਘ ਨੇ ਦੱਸਿਆ ਕਿ ਸੁਨੀਲ ਕੁਮਾਰ ਨੇ ਸ਼ਿਕਾਇਤ ਦੇ ਕੇ ਦੱਸਿਆ ਕਿ ਉਹ ਡਿਲਿਵਰੀ ਬੁਆਏ ਵਜੋਂ ਕੰਮ ਕਰਦਾ ਹੈ। ਲੰਘੇ ਦਿਨੀਂ ਉਹ ਵੀਆਈਪੀ ਰੋਡ ’ਤੇ ਕੁਝ ਡਿਲਿਵਰੀ ਦੇਣ ਲਈ ਆਇਆ ਸੀ। ਇਸ ਦੌਰਾਨ ਜਦ ਉਹ ਡਿਲਿਵਰੀ ਦੇਣ ਲਈ ਗਿਆ ਤਾਂ ਵਾਪਸ ਆ ਕੇ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ। ਪੁਲੀਸ ਨੇ ਮਾਮਲੇ ਦੀ ਜਾਂਚ ਕਰਨ ਮਗਰੋਂ ਦੋਵੇਂ ਮੁਲਜ਼ਮਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ ਹੋਏ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਣਾ ਹੈ ਕਿ ਉਨ੍ਹਾਂ ਨੇ ਇਹ ਮੋਟਰਸਾਈਕਲ ਕਿਥੋਂ ਚੋਰੀ ਕੀਤੇ ਅਤੇ ਇਨ੍ਹਾਂ ਨੂੰ ਕਿਥੇ ਵੇਚਦੇ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਗਰੋਹ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ। ਇਸ ਤੋਂ ਇਲਾਵਾ ਇਨ੍ਹਾਂ ਬਰਾਮਦ ਪੰਜ ਮੋਟਰਸਾਈਕਲਾਂ ਤੋਂ ਇਲਾਵਾ ਉਨ੍ਹਾਂ ਨੇ ਹੋਰ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਅਤੇ ਹੋਰ ਕੀ ਅਪਰਾਧ ਕੀਤੇ ਹਨ।