ਹਿਮਾਨੀ ਦੇ ਕਤਲ ਦੇ ਮੁਲਜ਼ਮ ਨੂੰ ਵਾਰਦਾਤ ਵਾਲੀ ਥਾਂ ਲੈ ਕੇ ਪੁੱਜੀ ਪੁਲੀਸ
ਗੁਰਦੀਪ ਸਿੰਘ ਭੱਟੀ
ਟੋਹਾਣਾ, 6 ਮਾਰਚ
ਯੁਵਾ ਕਾਂਗਰਸ ਆਗੂ ਹਿਮਾਨੀ ਦੇ ਕਾਤਲ ਸਚਿਨ ਨੂੰ ਰਿਮਾਂਡ ਦੌਰਾਨ ਸਾਂਪਲਾ ਪੁਲੀਸ ਟੀਮ ਵਾਰਦਾਤ ਵਾਲੀ ਥਾਂ ਵਿਜੈ ਨਗਰ ਰੋਹਤਕ ਲੈ ਕੇ ਪੁੱਜੀ। ਉਥੇ ਮੁਲਜ਼ਮ ਸਚਿਨ ਨੇ ਪੁਲੀਸ ਟੀਮ ਅੱਗੇ ਕਤਲ ਕਰਨ ਤੇ ਲਾਸ਼ ਟਿਕਾਣੇ ਲਾਉਣ ਦੀ ਕਹਾਣੀ ਪੁਲੀਸ ਅੱਗੇ ਬਿਆਨ ਕੀਤੀ। ਵਾਰਦਾਤ ਵਾਲਾ ਕਮਰਾ ਪੁਲੀਸ ਨੇ ਬੰਦ ਕਰਕੇ ਸੀਲ ਕਰ ਦਿੱਤਾ। ਮੌਕੇ ’ਤੇ ਐੱਲਐੱਫਐੱਮ ਦੀ ਜ਼ਿਲ੍ਹਾ ਅਧਿਕਾਰੀ ਸਰੋਜ ਦਹੀਆ ਦੀ ਟੀਮ ਨੇ ਵੀ ਜਾਂਚ ਕੀਤੀ। ਪੁਲੀਸ ਟੀਮ ਹਿਮਾਨੀ ਦੇ ਮਕਾਨ ’ਤੇ ਪੌਣਾ ਘੰਟਾ ਰਹੀ। ਪੁਲੀਸ ਟੀਮ ਨੇ ਮੁਲਜ਼ਮ ਤੋਂ ਪੁੱਛੇ ਸੁਆਲਾਂ ਦੀ ਰਿਕਾਰਡਿੰਗ ਕੀਤੀ। ਇਸ ਦੌਰਾਨ ਜਦੋਂ ਮ੍ਰਿਤਕਾ ਹਿਮਾਨੀ ਦੀ ਮਾਂ ਸਵੀਤਾ ਨੂੰ ਮੁਲਜ਼ਮ ਦੇ ਘਰ ਪੁੱਜਣ ਦਾ ਪਤਾ ਲੱਗਿਆ ਤਾਂ ਉਹ ਬੇਹੋਸ਼ ਹੋ ਗਈ। ਉਸ ਨੂੰ ਹਸਪਤਾਲ ਲਿਆਂਦਾ ਗਿਆ। ਮੁਲਜ਼ਮ ਨੇ ਦੱਸਿਆ ਕਿ ਉਹ 28 ਫ਼ਰਵਰੀ ਰਾਤ 10.15 ਵਜੇ ਪੈਸੇ ਦੇ ਲੈਣ-ਦੇਣ ਲਈ ਆਇਆ ਸੀ। ਉਨ੍ਹਾਂ ਦੋਹਾਂ ਵਿਚਕਾਰ ਬਹਿਸ ਤੋਂ ਬਾਅਦ ਤਕਰਾਰ ਹੋ ਗਈ। ਫੇਰ ਹੱਥੋਪਾਈ ਦੌਰਾਨ ਹਿਮਾਨੀ ਬੈੱਡ ਤੇ ਡਿੱਗ ਪਈ। ਉਥੇ ਮੋਬਾਈਲ ਚਾਰਜ਼ ਲੱਗਾ ਸੀ। ਉਸ ਨੇ ਪਹਿਲਾਂ ਹਿਮਾਨੀ ਦ ਹੱਥ ਨੁੜੇ ਤੇ ਫ਼ਿਰ ਤਾਰ ਨਾਲ ਗਲਾ ਘੁੱਟ ਦਿੱਤਾ।
ਮਗਰੋਂ ਉਸ ਨੇ ਭੱਜਣ ਦੀ ਯੋਜਨਾ ਤਿਆਗ ਕੇ ਵਾਰਦਾਤ ਵਾਲੇ ਕਮਰੇ ਵਿੱਚੋ ਹਿਮਾਨੀ ਦਾ ਸੂਟਕੇਸ ਕੱਢਿਆ ਤੇ ਉਸ ਵਿੱਚ ਲਾਸ਼ ਪੈਕ ਕਰਕੇ ਆਟੋ ਕਿਰਾਏ ’ਤੇ ਲੈ ਕੇ ਬੱਸ ਅੱਡੇ ਪੁੱਜਿਆ। ਮ੍ਰਿਤਕਾ ਦੀ ਮਾਂ ਮੁਤਾਬਿਕ ਲਾਸ਼ ਲੈ ਕੇ ਜਾਣ ਵਾਲਾ ਵਿਅਕਤੀ ਕਦ ਦਾ ਲੰਬਾ ਲਗ ਰਿਹਾ ਹੈ। ਪੁਲੀਸ ਮਾਸਟਰ ਮਾਈਂਡ ਮੁਲਜ਼ਮ ਨੂੰ ਬਚਾ ਰਹੀ ਹੈ। ਸਚਿਨ ਕਾਤਲ ਹੋ ਸਕਦਾ ਹੈ ਪਰ ਲਾਸ਼ ਟਿਕਾਣੇ ਲਾਉਣ ਵਾਲਾ ਦੂਜਾ ਮੁਲਜ਼ਮ ਹੋਰ ਜਾਪਦਾ ਹੈ।