ਪੁਲੀਸ ਨੇ ਅੰਤਰਰਾਜੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਤੋੜੀ
ਹਤਿੰਦਰ ਮਹਿਤਾ
ਜਲੰਧਰ, 3 ਫਰਵਰੀ
ਜਲੰਧਰ ਦਿਹਾਤੀ ਪੁਲੀਸ ਨੇ ਬਿਹਾਰ ਤੇ ਪੰਜਾਬ ਵਿਚਕਾਰ ਚੱਲ ਰਹੀ ਅਤਿ-ਆਧੁਨਿਕ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਨੂੰ ਤੋੜ ਦਿੱਤਾ। ਇਨ੍ਹਾਂ ਅਪਰੇਸ਼ਨਾਂ ਦੇ ਨਤੀਜੇ ਵਜੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਅਤੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਪੂਜਾ ਕੁਮਾਰੀ (24), ਬਬੀਤਾ ਦੇਵੀ ਉਰਫ਼ ਬੱਬੋ (29) ਵਾਸੀ ਦੋਵੇਂ ਨਵਾਬਗੰਜ ਪੁਰਬਟੋਲਾ ਅਤੇ ਅਰਨਵ ਕੁਮਾਰ ਜੈਸਵਾਲ ਉਰਫ਼ ਲੱਲਨ (24) ਵਾਸੀ ਪਿੰਡ ਕੁਰਸ਼ੀਲਾ ਵਜੋਂ ਹੋਈ ਹੈ। ਇਹ ਸਾਰੇ ਜ਼ਿਲ੍ਹਾ ਕਟਿਹਾਰ, ਬਿਹਾਰ ਦੇ ਵਸਨੀਕ ਹਨ। ਇੱਕ ਵੱਖਰੇ ਅਪਰੇਸ਼ਨ ਵਿੱਚ ਪੁਲੀਸ ਨੇ ਪਿੰਡ ਚੂਹੜਵਾਲੀ ਦੇ ਵਸਨੀਕ ਮੋਹਿਤ ਢਾਂਡਾ ਉਰਫ਼ ਮੋਹਿਤ (24) ਨੂੰ ਗ੍ਰਿਫ਼ਤਾਰ ਕੀਤਾ, ਜਿਸ ਤੋਂ ਹੈਰੋਇਨ ਬਰਾਮਦ ਹੋਈ ਹੈ।
ਐੱਸਐੱਸਪੀ ਜਲੰਧਰ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਗਤੀਵਿਧੀਆਂ ਬਾਰੇ ਖਾਸ ਖੁਫੀਆ ਜਾਣਕਾਰੀਆਂ ਤੋਂ ਬਾਅਦ ਕੀਤੀਆਂ ਗਈਆਂ। ਬਿਹਾਰ-ਅਧਾਰਤ ਤਸਕਰਾਂ ਨੂੰ ਬਿਧੀਪੁਰ ਰੇਲਵੇ ਫਾਟਕ ਦੇ ਨੇੜੇ ਰੋਕਿਆ ਗਿਆ, ਜਿੱਥੇ ਉਹ ਆਪਣੇ ਨਸ਼ੀਲੇ ਪਦਾਰਥਾਂ ਨਾਲ ਗਾਹਕਾਂ ਦੀ ਉਡੀਕ ਕਰ ਰਹੇ ਸਨ।
ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਵਾਲੀਆਂ ਵਿਸ਼ੇਸ਼ ਟੀਮਾਂ ਨੇ ਰਣਨੀਤਕ ਤੌਰ ’ਤੇ ਕਾਰਵਾਈਆਂ ਨੂੰ ਅੰਜਾਮ ਦਿੱਤਾ। ਪਹਿਲੀ ਟੀਮ ਨੇ 2 ਫਰਵਰੀ, 2025 ਨੂੰ ਬਿਹਾਰ ਆਧਾਰਿਤ ਸ਼ੱਕੀਆਂ ਨੂੰ 20.2 ਕਿਲੋਗ੍ਰਾਮ ਗਾਂਜਾ ਬਰਾਮਦ ਕਰਦਿਆਂ ਗ੍ਰਿਫ਼ਤਾਰ ਕੀਤਾ ਜਦੋਂ ਕਿ ਦੂਜੀ ਟੀਮ ਨੇ 1 ਫਰਵਰੀ ਨੂੰ ਮੋਹਿਤ ਢਾਂਡਾ ਨੂੰ 50 ਗ੍ਰਾਮ ਹੈਰੋਇਨ ਅਤੇ ਇੱਕ ਹੋਂਡਾ ਅਮੇਜ ਕਾਰ ਜ਼ਬਤ ਕਰਕੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੋ ਵੱਖ-ਵੱਖ ਐੱਫਆਈਆਰਜ਼ ਦਰਜ ਕੀਤੀਆਂ ਹਨ।