ਪੁਲੀਸ ਵੱਲੋਂ ਦੋ ਨਸ਼ਾ ਤਸਕਰ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਪਠਾਨਕੋਟ, 22 ਸਤੰਬਰ
ਨਿਊ ਚੱਕੀ ਪੁਲ ’ਤੇ ਲੰਘੀ ਰਾਤ ਇੱਕ ਟਰੱਕ ਵਿੱਚ ਨਾਜਾਇਜ਼ ਢੰਗ ਨਾਲ ਤਸਕਰੀ ਕਰਕੇ ਜੰਮੂ-ਕਸ਼ਮੀਰ ਲਿਜਾਏ ਜਾ ਰਹੇ ਬੈਲਾਂ ਨੂੰ ਗਊ ਰੱਖਿਆ ਦਲ ਵੱਲੋਂ ਦੋ ਤਸਕਰਾਂ ਸਮੇਤ ਕਾਬੂ ਕੀਤਾ ਗਿਆ ਹੈ। ਸੰਯੁਕਤ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਸਟੇਟ ਪ੍ਰਧਾਨ ਰਣਜੀਤ ਸੋਨੀ ਨੇ ਦੋਸ਼ ਲਾਇਆ ਕਿ ਗੁਰਦਾਸਪੁਰ ਦਾ ਇੱਕ ਵਿਅਕਤੀ ਪਸ਼ੂ ਤਸਕਰੀ ਦਾ ਧੰਦਾ ਕਰਦਾ ਹੈ। ਇਸ ਕਾਰਨ ਉਨ੍ਹਾਂ ਦੀ ਟੀਮ ਕਈ ਦਿਨਾਂ ਤੋਂ ਨਜ਼ਰ ਰੱਖ ਰਹੀ ਸੀ ਕਿ ਟਰੱਕਾਂ ਵਿੱਚ ਗਊਆਂ ਅਤੇ ਬੈਲ ਭਰ ਕੇ ਪਸ਼ੂ ਤਸਕਰੀ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗਰੋਹ ਦੇ ਮੈਂਬਰ ਹਾਈਵੇਅ ’ਤੇ ਤਸਕਰੀ ਕਰਦੇ ਹਨ ਅਤੇ ਗਊਆਂ ਨੂੰ ਹਾਈਵੇਅ ਦੇ ਰਸਤੇ ਟਰੱਕਾਂ ਵਿੱਚ ਜੰਮੂ-ਕਸ਼ਮੀਰ ਲੈ ਕੇ ਜਾਂਦੇ ਹਨ। ਲੰਘੀ ਰਾਤ ਵੀ ਜਦ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਸੰਯੁਕਤ ਗਊ ਰੱਖਿਆ ਦਲ ਮੈਂਬਰ ਟਰੱਕ ਦਾ ਪਿੱਛਾ ਕਰਦੇ ਹੋਏ ਰਾਤ 1 ਵਜੇ ਪਠਾਨਕੋਟ ਦੇ ਚੱਕੀ ਪੁਲ ’ਤੇ ਪੁੱਜੇ ਅਤੇ ਇਸ ਟਰੱਕ ਨੂੰ ਕਾਬੂ ਕਰ ਲਿਆ। ਟਰੱਕ ਵਿੱਚ 13 ਬੈਲ ਬੁਰੀ ਤਰ੍ਹਾਂ ਨਰੜ ਕੇ ਬੰਨ੍ਹੇ ਹੋਏ ਸਨ ਅਤੇ ਟਰੱਕ ਨੂੰ ਤਰਪਾਲ ਨਾਲ ਕਵਰ ਕੀਤਾ ਹੋਇਆ ਸੀ। ਉਨ੍ਹਾਂ ਉੱਥੇ ਚੱਕੀ ਪੁਲ ’ਤੇ ਲੱਗੇ ਪੁਲੀਸ ਨਾਕੇ ਉਪਰ ਮੌਜੂਦ ਪੁਲੀਸ ਮੁਲਾਜ਼ਮਾਂ ਦੀ ਸਹਾਇਤਾ ਨਾਲ ਟਰੱਕ ਨੂੰ ਕਾਬੂ ਕੀਤਾ। ਪੁਲੀਸ ਮੁਲਾਜ਼ਮ ਟਰੱਕ ਵਿੱਚ ਸਵਾਰ ਦੋਨੋਂ ਵਿਅਕਤੀਆਂ ਨੂੰ ਕਾਬੂ ਕਰਕੇ ਥਾਣੇ ਲੈ ਗਏ। ਥਾਣਾ ਡਿਵੀਜ਼ਨ ਨੰਬਰ-2 ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।