ਪੁਲੀਸ ਤੇ ਸਿਹਤ ਵਿਭਾਗ ਵੱਲੋਂ ਵਾਤਾਵਰਨ ਬਚਾਉਣ ਦਾ ਹੋਕਾ
ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 5 ਜੂਨ
ਵਿਸ਼ਵ ਵਾਤਾਵਰਨ ਦਿਵਸ ਮੌਕੇ ਮੁਹਾਲੀ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਤੇ ਥਾਣਿਆਂ ਵਿੱਚ ਬੂਟੇ ਲਗਾ ਕੇ ਵਾਤਾਵਰਨ ਬਚਾਉਣ ਦਾ ਹੋਕਾ ਦਿੱਤਾ ਗਿਆ ਹੈ। ਸਿਹਤ ਸੰਸਥਾਵਾਂ ਵਿੱਚ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਅਗਵਾਈ ਹੇਠ ਜਾਗਰੂਕਤਾ ਸਮਾਗਮ ਕਰਵਾਏ ਗਏ, ਜਿਨ੍ਹਾਂ ਦੀ ਅਗਵਾਈ ਵੱਖ-ਵੱਖ ਸੀਨੀਅਰ ਮੈਡੀਕਲ ਅਧਿਕਾਰੀਆਂ ਨੇ ਕੀਤੀ। ਇੱਥੋਂ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿੱਚ ਜ਼ਿਲ੍ਹਾ ਪੱਧਰੀ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਸਹਾਇਕ ਸਿਵਲ ਸਰਜਨ ਡਾ. ਰੇਨੂ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ।ਸਮਾਗਮ ਵਿੱਚ ਸਰਸਵਤੀ ਕਾਲਜ ਆਫ਼ ਨਰਸਿੰਗ ਅਤੇ ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ ਸੋਹਾਣਾ ਦੇ ਵਿਦਿਆਰਥੀਆਂ ਨੇ ਜਿੱਥੇ ਵਾਤਾਵਰਨ ਦੀ ਸੰਭਾਲ ਦਾ ਹੋਕਾ ਦਿੰਦੇ ਹੋਏ ਨਾਟਕ ਖੇਡੇ, ਉੱਥੇ ਖ਼ੂਬਸੂਰਤ ਰੰਗੋਲੀ ਅਤੇ ਪੋਸਟਰ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ। ਜੇਤੂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਿਸ਼ੇਸ਼ ਸਰਟੀਫਿਕੇਟ ਦਿੱਤੇ ਗਏ।
ਘਨੌਲੀ (ਪੱਤਰ ਪ੍ਰੇਰਕ): ਅੱਜ ਇੱਥੇ ਪੁਲੀਸ ਚੌਕੀ ਘਨੌਲੀ ਦੁਆਰਾ ਵਿਸ਼ਵ ਵਾਤਾਵਰਨ ਦਿਵਸ ਮੌਕੇ ਚੌਕੀ ਇੰਚਾਰਜ ਸਰਬਜੀਤ ਸਿੰਘ ਕੁਲਗਰਾਂ ਦੀ ਦੇਖ-ਰੇਖ ਅਧੀਨ ਵਣ ਮਹਾਉਤਸਵ ਮਨਾਇਆ ਗਿਆ।
ਅਮਲੋਹ (ਪੱਤਰ ਪ੍ਰੇਰਕ): ਪੰਜਾਬ ਚੰਡੀਗੜ੍ਹ ਜਨਰਲਿਸਟ ਯੂਨੀਅਨ ਰਜਿ. ਅਤੇ ਪ੍ਰੈਸ ਕਲੱਬ ਵਲੋਂ ਸੰਗਮੇਸ਼ਵਰ ਗਊਸ਼ਾਲਾ, ਸਿਵ ਮੰਦਰ ਰਾਮ ਬਾਗ਼ ਕਮੇਟੀ, ਗਊ ਕਥਾ ਕਮੇਟੀ ਅਤੇ ਜੈ ਦੇਵ ਟ੍ਰੀ ਐਡ ਪਲਾਂਟਸ ਲਿਮਟਿਡ ਦੇ ਸਹਿਯੋਗ ਨਾਲ ਅੱਜ ਵਾਤਾਵਰਨ ਦਿਵਸ ਮੌਕੇ ਗਊਸ਼ਾਲਾ ਅਮਲੋਹ, ਰਾਮ ਬਾਗ ਅਤੇ ਹੋਰ ਥਾਵਾਂ ‘ਤੇ ਵਾਤਾਵਰਨ ਸਾਫ਼ ਰੱਖਣ ਲਈ ਬੂਟੇ ਲਗਾਏ।
ਮੋਰਿੰਡਾ (ਪੱਤਰ ਪ੍ਰੇਰਕ): ਮੋਰਿੰਡਾ ਪੁਲੀਸ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਇੰਸਪੈਕਟਰ ਗੁਰਸੇਵਕ ਸਿੰਘ ਐੱਸਐੱਚਓ ਮੋਰਿੰਡਾ ਸ਼ਹਿਰੀ ਅਤੇ ਇੰਸਪੈਕਟਰ ਹਰਸ਼ ਮੋਹਨ ਗੌਤਮ ਐੱਸਐੱਚਓ ਮੋਰਿੰਡਾ ਸਦਰ (ਚੇਅਰਮੈਨ ਸਾਂਝ ਕੇਂਦਰ ਮੋਰਿੰਡਾ) ਦੀ ਰਹਿਨੁਮਾਈ ਹੇਠਾਂ ਸਾਂਝ ਕੇੱਦਰ ਦੇ ਹੌਲਦਾਰ ਨਵਜੀਤ ਸਿੰਘ ਵੱਲੋਂ ਸਦਰ ਥਾਣੇ ਵਿੱਚ ਸਾਂਝਾ ਬੂਟਾ ਲਗਾ ਕੇ ਵਾਤਾਵਰਨ ਦਿਵਸ ਮਨਾਇਆ ਗਿਆ।
ਕਲਚਰ ਵੈਲਫੇਅਰ ਸੁਸਾਇਟੀ ਵੀ ਵਾਤਾਵਰਨ ਲਈ ਨਿੱਤਰੀ
ਐਸ.ਏ.ਐਸ.ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਨੇ ਵਾਤਾਵਰਨ ਨੂੰ ਬਚਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ। ਸੁਸਾਇਟੀ ਦੇ ਪ੍ਰਧਾਨ ਰੰਗਕਰਮੀ ਤੇ ਅਦਾਕਾਰ ਨਰਿੰਦਰ ਪਾਲ ਸਿੰਘ ਨੀਨਾ ਨੇ ਦੱਸਿਆ ਕਿ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਬੂਟੇ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਸਾਬਕਾ ਐੱਮਸੀ ਮਨਜੀਤ ਕੌਰ, ਕੌਮਾਂਤਰੀ ਅਲਗੋਜ਼ਾ ਉਸਤਾਦ ਕਰਮਜੀਤ ਸਿੰਘ ਬੱਗਾ, ਗੀਤਕਾਰ ਬਲਜੀਤ ਫਿੱਡਿਆਂਵਾਲਾ, ਗੁਰਪ੍ਰੀਤ ਸਿੰਘ ਖਾਲਸਾ, ਗੋਪਾਲ ਸ਼ਰਮਾ, ਅੰਮ੍ਰਿਤਪਾਲ ਸਿੰਘ, ਸਿਮਰਨ ਸਿੰਘ, ਸੁਖਬੀਰ ਪਾਲ ਕੌਰ, ਅਨੁਰੀਤ ਪਾਲ, ਹਰਕੀਰਤ ਪਾਲ, ਮਨਦੀਪ, ਹਰਦੀਪ, ਸੁੱਖੀ, ਰਾਵਿੰਦਰ ਰਵੀ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਸਦਾਬਰਤ ਦੇ ਜੰਗਲ ਵਿੱਚ ਬੂਟੇ ਲਾਏ
ਰੂਪਨਗਰ (ਪੱਤਰ ਪ੍ਰੇਰਕ): ਅੱਜ ਇੱਥੇ ਵਣ ਵਿਭਾਗ ਰੂਪਨਗਰ ਦੁਆਰਾ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਰੂਪਨਗਰ ਸ਼ਹਿਰ ਦੇ ਨਜ਼ਦੀਕ ਪੈਂਦੇ ਸਦਾਬਰਤ ਪਿੰਡ ਦੇ ਜੰਗਲ ਵਿੱਚ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਸਬੰਧੀ ਜ਼ਿਲ੍ਹਾ ਜੰਗਲਾਤ ਅਫ਼ਸਰ ਰੂਪਨਗਰ ਹਰਜਿੰਦਰ ਸਿੰਘ ਦੀ ਦੇਖ ਰੇਖ ਅਧੀਨ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਹਲਕਾ ਰੁਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਮੁੱਖ ਮਹਿਮਾਨ ਅਤੇ ਮੁੱਖ ਮੰਤਰੀ ਦਫਤਰ ਫੀਲਡ ਅਫਸਰ ਅਨਮਜੋਤ ਕੌਰ ਨ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਉਨ੍ਹਾਂ ਜੰਗਲ ਵਿੱਚ ਸੰਘਣੀ ਛਾਂ ਵਾਲੇ ਬੂਟੇ ਲਗਾ ਕੇ ਰੁੱਖ ਲਗਾਉ ਮੁਹਿੰਮ ਦਾ ਉਦਘਾਟਨ ਕੀਤਾ।