ਹਨੇਰੀ ਕਾਰਨ ਟਰਾਂਸਫਾਰਮਰ ਤੇ ਖੰਭੇ ਡਿੱਗੇ
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 4 ਜੁਲਾਈ
ਦੁਪਹਿਰ ਸਮੇਂ ਮੌਸਮ ਵਿੱਚ ਅਚਾਨਕ ਆਈ ਤਬਦੀਲੀ ਕਾਰਨ ਹਲਕੇ ਅੰਦਰ ਭਾਰੀ ਮੀਂਹ ਅਤੇ ਹਨੇਰੀ-ਝੱਖੜ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਜਿੱਥੇ ਅਤਿ ਦੀ ਗਰਮੀ ਪੈਣ ਮਗਰੋਂ ਤੇਜ਼ ਮੀਂਹ ਪੈਣ ਨਾਲ ਹੁੰਮਸ ਭਰੇ ਮੌਸਮ ਤੋਂ ਆਮ ਲੋਕਾਂ ਨੂੰ ਰਾਹਤ ਮਿਲੀ, ਉੱਥੇ ਮੀਂਹ ਦੇ ਨਾਲ-ਨਾਲ ਚੱਲੇ ਝੱਖੜ ਕਾਰਨ ਬਿਜਲੀ ਦੇ ਖੰਭਿਆਂ, ਟਰਾਂਸਫ਼ਾਰਮਰਾਂ ਅਤੇ ਦਰੱਖਤਾਂ ਦੇ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ।
ਇਸ ਸਬੰਧੀ ਜੇਈ ਨਰਿੰਦਰ ਸਿੰਘ ਨੇ ਦੱਸਿਆ ਕਿ ਕਰੀਬ 20-22 ਬਿਜਲੀ ਦੇ ਖੰਭੇ ਅਤੇ 2 ਤੋਂ 3 ਟਰਾਂਸਫਰਾਮਰ ਹਨੇਰੀ ਕਾਰਨ ਡਿੱਗ ਗਏ, ਜਿਸ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੁਲਾਜ਼ਮ ਬਿਜਲੀ ਸਪਲਾਈ ਨੂੰ ਚਾਲੂ ਕਰਨ ਲਈ ਵੱਖ ਵੱਖ ਥਾਵਾਂ ਉੱਤੇ ਰੁੱਝੇ ਹੋਏ ਹਨ। ਬਾਕੀ ਬਹੁਤ ਸਾਰੇ ਥਾਵਾਂ ਉੱਤੇ ਹੋਏ ਨੁਕਸਾਨ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਹੈ। ਝੱਖੜ ਦੌਰਾਨ ਥਾਂ-ਥਾਂ ਉੱਤੇ ਦਰੱਖ਼ਤ ਡਿੱਗ ਜਾਣ ਕਾਰਨ ਜਿੱਥੇ ਬਿਜਲੀ ਸਪਲਾਈ ਬੰਦ ਹੋ ਗਈ, ਉੱਥੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਆਵਾਜਾਈ ਨੂੰ ਚਾਲੂ ਕਰਨ ਲਈ ਜਿੱਥੇ ਲੋਕ ਨਿਰਮਾਣ ਵਿਭਾਗ ਦੇ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ, ਉੱਥੇ ਨੇੜਲੇ ਆਮ ਲੋਕਾਂ ਨੇ ਸੜਕਾਂ ਅਤੇ ਹੋਰ ਰਸਤਿਆਂ ਵਿੱਚੋਂ ਦਰੱਖਤਾਂ ਦੀ ਕਟਾਈ ਕਰ ਕੇ ਰਸਤਿਆਂ ਦੀ ਸਫ਼ਾਈ ਕਰਦੇ ਦੇਖੇ ਗਏ।
ਬਲਾਚੌਰ ਅਤੇ ਨੇੜਲੇ ਇਲਾਕਿਅਾਂ ਵਿੱਚ ਮੌਨਸੂਨ ਦੀ ਪਹਿਲੀ ਭਰਵੀਂ ਬਾਰਿਸ਼
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਹੋਈ ਮੌਨਸੂਨ ਦੀ ਪਹਿਲੀ ਭਰਵੀਂ ਬਾਰਿਸ਼ ਨੇ ਪਿਛਲੇ ਕਈ ਦਿਨਾਂ ਤੋਂ ਅੰਤਾਂ ਦੀ ਪੈ ਰਹੀ ਹੁੰਮਸ ਭਰੀ ਗਰਮੀ ਨੇ ਇਲਾਕੇ ਦੇ ਲੋਕਾਂ ਨੂੰ ਰਾਹਤ ਦਿੱਤੀ ਹੈ। ਸਵੇਰੇ 7 ਕੁ ਵਜੇ ਸ਼ੁਰੂ ਹੋਈ ਭਾਰੀ ਬਾਰਿਸ਼ ਨੇ ਜਲ-ਥਲ ਕਰਕ ੇ ਰੱਖ ਦਿੱਤਾ, ਜਿਸ ਨਾਲ ਇਲਾਕੇ ਦੇ ਪਿੰਡਾਂ ਅਤੇ ਬਲਾਚੌਰ ਸ਼ਹਿਰ ਦੇ ਨੀਂਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਬੇਸ਼ੱਕ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਈ ਦਿਨ ਪਹਿਲਾਂ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਚੁੱਕੀ ਸੀ, ਪਰ ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਅੱਜ ਪਹਿਲੇ ਦਿਨ ਹੀ ਮੌਨਸੂਨ ਦੀ ਬਾਰਿਸ਼ ਹੋਈ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਬਾਰਿਸ਼ ਨਾਲ ਇਲਾਕੇ ਦੇ ਝੋਨਾ ਲਗਾਉਣ ਵਾਲੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ ਅਤੇ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ।