ਟਰੈਕਟਰ ਟਕਰਾਉਣ ਕਾਰਨ ਖੰਭਾ ਡਿੱਗਿਆ; ਘਨੌਰੀ ਕਲਾਂ ’ਚ ਬਿਜਲੀ ਸਪਲਾਈ ਠੱਪ
ਬੀਰਬਲ ਰਿਸ਼ੀ
ਸ਼ੇਰਪੁਰ, 11 ਨਵੰਬਰ
ਇਸ ਇਲਾਕੇ ’ਚ ਪਰਾਲੀ ਸਮੇਟਣ ਵਾਲੀ ਇੱਕ ਫੈਕਟਰੀ ਦੇ ਡੰਪ ’ਤੇ ਪਰਾਲੀ ਸੁੱਟਣ ਦਾ ਕੰਮ ਕਰਦੇ ਟਰੈਕਟਰ-ਟਰਾਲੀਆਂ ਦੇ ਟਕਰਾਉਣ ਨਾਲ ਟੁੱਟੇ ਬਿਜਲੀ ਦੇ ਖੰਭੇ ਕਾਰਨ ਪਿੰਡ ਘਨੌਰੀ ਕਲਾਂ ਦੇ ਇੱਕ ਹਿੱਸੇ ਵਿੱਚ ਬਿਜਲੀ ਸਪਲਾਈ ਕਈ ਘੰਟੇ ਪ੍ਰਭਾਵਿਤ ਰਹੀ। ਇਸ ਤੋਂ ਰੋਸ ਵਿੱਚ ਆਏ ਲੋਕਾਂ ਨੇ ਫੈਕਟਰੀ ਕਰਿੰਦਿਆਂ ਦੀ ਕਥਿਤ ਅਣਗਹਿਲੀ ਵਿਰੁੱਧ ਸੰਕੇਤਕ ਜਾਮ ਲਾ ਕੇ ਰੋਸ ਜ਼ਾਹਿਰ ਕੀਤਾ।
ਜਾਣਕਾਰੀ ਅਨੁਸਾਰ ਪਿੰਡ ਘਨੌਰੀ ਕਲਾਂ ਦੇ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਨੇੜੇ ਟਰੈਕਟਰ-ਟਰਾਲੀ ਨੇ ਬਿਜਲੀ ਦਾ ਖੰਭਾ ਤੋੜ ਦਿੱਤਾ। ਕਾਫ਼ੀ ਸਮਾਂ ਬਿਜਲੀ ਬੰਦ ਰਹਿਣ ਤੋਂ ਅੱਕੇ ਲੋਕਾਂ ਨੇ ਹਨੇਰਾ ਹੋਣ ਦੇ ਬਾਵਜੂਦ ਸੰਕੇਤਕ ਚੱਕਾ ਜਾਮ ਕਰ ਦਿੱਤਾ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਲੋਕਾਂ ਦੀ ਜਾਨ ਦਾ ਖੌਅ ਬਣੀਆਂ ਓਵਰਲੋਡ ਟਰਾਲੀਆਂ ’ਤੇ ਪੁਲੀਸ ਪ੍ਰਸ਼ਾਸਨ ਤੁਰੰਤ ਸ਼ਿਕੰਜਾ ਕਸੇ।
ਇਸ ਸਬੰਧੀ ਸੰਪਰਕ ਕਰਨ ’ਤੇ ਐੱਸਡੀਓ ਜਗਰੂਪ ਸਿੰਘ ਘਨੌਰ ਨੇ ਦੱਸਿਆ ਕਿ ਜਦੋਂ ਹੀ ਉਨ੍ਹਾਂ ਨੂੰ ਖੰਭਾ ਟੁੱਟਣ ਦਾ ਪਤਾ ਲੱਗਿਆ ਤਾਂ ਉਸੇ ਸਮੇਂ ਉਨ੍ਹਾਂ ਦੀ ਟੀਮ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪੁੱਜ ਕੇ ਕਈ ਘੰਟੇ ਦੀ ਮੁਸ਼ੱਕਤ ਮਗਰੋਂ ਪ੍ਰਭਾਵਿਤ ਹੋਈ ਬਿਜਲੀ ਸਪਲਾਈ ਰਾਤ ਨੂੰ ਹੀ ਚਾਲੂ ਕਰ ਦਿੱਤੀ। ਐੱਸਡੀਓ ਨੇ ਦੱਸਿਆ ਕਿ ਪੋਲ ਟੁੱਟਣ ਨਾਲ ਪਾਵਰਕੌਮ ਨੂੰ ਹੋਏ ਨੁਕਸਾਨ ਦਾ ਭਰਪਾਈ ਕਰਨ ਲਈ ਤਕਰੀਬਨ ਨੌਂ ਹਜ਼ਾਰ ਦੇ ਹੋਏ ਨੁਕਸਾਨ ਦਾ ਐਸਟੀਮੇਟ ਬਣਿਆ ਹੈ ਜਿਸ ਤਹਿਤ ਸਬੰਧਤ ਨੂੰ ਉਕਤ ਰਾਸ਼ੀ ਲਈ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ।
ਸਕੂਲਾਂ ਦੇ ਸਮੇਂ ਦੌਰਾਨ ਓਵਰਲੋਡ ਟਰਾਲੀਆਂ ’ਤੇ ਪਾਬੰਦੀ ਲਾਉਣ ਦੀ ਮੰਗ
ਪੀਐੱਸਯੂ ਆਗੂ ਸੁਖਦੀਪ ਸਿੰਘ ਨੇ ਦੱਸਿਆ ਕਿ ਘਨੌਰੀ ਕਲਾਂ ’ਚ ਪਰਾਲੀ ਨਾਲ ਓਵਰਲੋਡ ਲੱਦੀਆਂ ਟਰਾਲੀਆਂ ਦੇ ਆਉਣ-ਜਾਣ ਕਾਰਨ ਮੁੱਖ ਸੜਕ ’ਤੇ ਸਥਿਤ ਤਿੰਨ ਸਕੂਲੀ ਇਮਾਰਤਾਂ ਦੇ ਵਿਦਿਆਰਥੀਆਂ ਨੂੰ ਸੰਭਾਵੀ ਨੁਕਸਾਨ ਤੋਂ ਬਚਾਉਣ ਲਈ ਸਵੇਰ ਸਕੂਲ ਲੱਗਣ ਅਤੇ ਬਾਅਦ ਦੁਪਹਿਰ ਛੁੱਟੀ ਮੌਕੇ ਅਜਿਹੀ ਓਵਰਲੋਡ ਟਰਾਲੀਆਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਟਰੈਫਿਕ ਪੁਲੀਸ ਨੂੰ ਓਵਰਲੋਡਿੰਗ ਸਬੰਧੀ ਆਪਣੀ ਬਣਦੀ ਭੂਮਿਕਾ ਨਿਭਾਉਣ ਦੀ ਮੰਗ ਕੀਤੀ।