ਪੀਓਕੇ: ਝੜਪਾਂ ’ਚ ਇੱਕ ਪੁਲੀਸ ਅਧਿਕਾਰੀ ਦੀ ਮੌਤ, ਸੈਂਕੜੇ ਜ਼ਖਮੀ
ਇਸਲਾਮਾਬਾਦ, 12 ਮਈ
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਆਟੇ ਅਤੇ ਬਿਜਲੀ ਦੀਆਂ ਵੱਧ ਕੀਮਤਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਮੁਜ਼ਾਹਰਾਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹਿੰਸਕ ਝੜਪਾਂ ਵਿਚ ਇਕ ਪੁਲੀਸ ਅਧਿਕਾਰੀ ਦੀ ਮੌਤ ਹੋ ਗਈ ਜਦੋਂ ਕਿ ਸੌ ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿਚ ਜ਼ਿਆਦਾਤਰ ਪੁਲੀਸ ਕਰਮਚਾਰੀ ਸ਼ਾਮਲ ਹਨ। ‘ਡਾਅਨ’ ਅਖਬਾਰ ਦੀ ਰਿਪੋਰਟ ਮੁਤਾਬਕ ਮੀਰਪੁਰ ਦੇ ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਕਾਮਰਾਨ ਅਲੀ ਨੇ ਦੱਸਿਆ ਕਿ ਸਬ-ਇੰਸਪੈਕਟਰ ਅਦਨਾਨ ਕੁਰੈਸ਼ੀ ਦੀ ਇਸਲਾਮਗੜ੍ਹ ਕਸਬੇ ਵਿੱਚ ਛਾਤੀ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਹ ਮੁਜ਼ੱਫਰਾਬਾਦ ਵਿੱਚ ਇੱਕ ਰੈਲੀ ਨੂੰ ਰੋਕਣ ਲਈ ਤਾਇਨਾਤ ਸੀ। ਸਥਾਨਕ ਸਰਕਾਰ ਨੇ ਵਿਸ਼ਾਲ ਪ੍ਰਦਰਸ਼ਨਾਂ ਨੂੰ ਰੋਕਣ ਲਈ ਰੇਂਜਰਾਂ ਅਤੇ ਵੱਡੀ ਗਿਣਤੀ ਪੁਲੀਸ ਬਲਾਂ ਨੂੰ ਬੁਲਾਇਆ ਹੈ। ਜੀਓ ਨਿਊਜ਼ ਨੇ ਦੱਸਿਆ ਕਿ ਭਿੰਬਰ ਅਤੇ ਬਾਗ ਕਸਬਿਆਂ ਸਮੇਤ ਮਕਬੂਜ਼ਾ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਐਤਵਾਰ ਨੂੰ ਮੋਬਾਈਲ ਫ਼ੋਨ ਅਤੇ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਸੋਮਵਾਰ ਨੂੰ ਰਾਸ਼ਟਰਪਤੀ ਭਵਨ ’ਚ ਖੇਤਰ ਦੀ ਸਥਿਤੀ ਬਾਰੇ ਹੰਗਾਮੀ ਬੈਠਕ ਬੁਲਾਈ ਹੈ। -ਪੀਟੀਆਈ