ਜ਼ਹਿਰਲੀ ਸ਼ਰਾਬ: ਆਬਕਾਰੀ ਵਿਭਾਗ ਵੱਲੋਂ ਕਈ ਥਾਵਾਂ ’ਤੇ ਚੈਕਿੰਗ
ਹਰਦੀਪ ਸਿੰਘ ਸੋਢੀ
ਧੂਰੀ, 26 ਮਾਰਚ
ਜ਼ਿਲ੍ਹਾ ਸੰਗਰੂਰ ਵਿੱਚ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਦੇ ਕਮਿਸ਼ਨਰ ਰੋਹਿਤ ਗਰਗ, ਆਬਕਾਰੀ ਅਫਸਰ ਅਰਪਿੰਦਰ ਰੰਧਾਵਾ, ਆਬਕਾਰੀ ਸਰਕਲ ਧੂਰੀ ਦੇ ਇੰਸਪੈਕਟਰ ਸਤਗੁਰ ਸਿੰਘ ਤੇ ਐੱਸਐੱਚਓ ਸੌਰਭ ਸੱਭਰਵਾਲ ਦੀ ਅਗਵਾਈ ਵਿੱਚ ਵੱਖ ਵੱਖ ਬਣੀਆ ਟੀਮਾਂ ਵੱਲੋਂ ਸ਼ਹਿਰ ਦੇ ਆਲੇ ਦੁਆਲੇ ਦੁਆਲੇ ਦੇ ਇਲਾਕਿਆਂ ਤੋਂ ਇਲਾਵਾ ਝੁਗੀਆਂ ਵਿੱਚ ਸਖਤ ਚੈਕਿੰਗ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਤਸਕਰ ਆਪਣੇ ਨਿੱਜੀ ਲਾਭ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੂਸਰੇ ਸੂਬਿਆਂ ਵਿੱਚੋਂ ਆ ਰਹੀ ਸਸਤੀ ਤੇ ਘਟੀਆ ਸ਼ਰਾਬ ਲੋਕਾਂ ਦੀ ਜਾਨ ਲਈ ਖਤਰਾ ਹੈ।
ਉਨ੍ਹਾਂ ਕਿਹਾ ਕਿ ਲੋਕ ਸਰਕਾਰੀ ਮਾਨਤਾ ਪ੍ਰਾਪਤ ਠੇਕਿਆ ਉੱਪਰੋਂ ਹੀ ਸ਼ਰਾਬ ਲੈਣ, ਜੇ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਆ ਰਹੀ ਹੋਵੇ ਤਾਂ ਉਹ ਫੋਰੀ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਉਣ। ਉਨ੍ਹਾਂ ਕਿਹਾ ਕਿ ਹਰ ਠੇਕੇ ਦੀ ਦੁਕਾਨ ਉੱਪਰ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਨੰਬਰ ਲਿਖੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਸਤੀ ਸ਼ਰਾਬ ਦੇ ਲਾਲਚ ਵਿੱਚ ਅਪਣੀ ਜਾਨ ਜੋਖ਼ਮ ਵਿੱਚ ਨਾ ਪਾਉਣ।