ਗੁੱਜਰਾਂ ’ਚ ਜ਼ਹਿਰੀਲੀ ਸ਼ਰਾਬ ਕਾਂਡ: ਮੁੱਖ ਸਰਗਨੇ ਸਣੇ 4 ਗ੍ਰਿਫ਼ਤਾਰ, ਵੱਡੀ ਮਾਤਰਾ ’ਚ ਸ਼ਰਾਬ ਬਣਾਉਣ ਦਾ ਸਾਮਾਨ ਬਰਾਮਦ
ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਮਾਰਚ
ਇਸ ਜ਼ਿਲ੍ਹੇ ਦੀ ਸਬ ਡਵੀਜ਼ਨ ਦਿੜ੍ਹਬਾ ਦੇ ਪਿੰਡ ਗੁੱਜਰਾਂ ’ਚ ਜ਼ਹਿਰੀਲ ਸ਼ਰਾਬ ਪੀਣ ਨਾਲ 8 ਮਜ਼ਦੂਰਾਂ ਦੀ ਮੌਤ ਦੇ ਮਾਮਲੇ ’ਚ ਸੰਗਰੂਰ ਪੁਲੀਸ ਵੱਲੋਂ ਸ਼ਰਾਬ ਬਣਾਉਣ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਮੁੱਖ ਸਰਗਨੇ ਸਣੇ ਕੁੱਲ ਚਾਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹਰਮਨਪ੍ਰੀਤ ਸਿੰਘ ਕੋਲੋਂ 200 ਲਿਟਰ ਐਥਾਨੋਲ, 4500 ਤੋਂ ਵੱਧ ਖਾਲ੍ਹੀ ਬੋਤਲਾਂ, ਬੋਤਲਾਂ ਦੇ ਢੱਕਣ, ਸ਼ਰਾਬ ਦੇ ਸਟਿੱਕਰ, ਮਸ਼ੀਨ, ਲੈਪਟਾਪ, ਕਾਰ ਅਤੇ ਸ਼ਰਾਬ ਬਣਾਉਣ ਵਾਲਾ ਸਾਮਾਨ ਬਰਾਮਦ ਕੀਤਾ ਹੈ। ਇਥੇ ਪ੍ਰੈਸ ਕਾਨਫਰੰਸ ਦੌਰਾਨ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਵਲੋਂ ਇਹ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ, ਐੱਸਐੱਸਪੀ ਸਰਤਾਜ ਸਿੰਘ ਚਾਹਲ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਮੌਜੂਦ ਸਨ। ਸ੍ਰੀ ਸ਼ੁਕਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ’ਚ ਹਰਮਨ ਪ੍ਰੀਤ ਸਿੰਘ ਪਿੰਡ ਤਾਈਪੁਰ ਪਾਤੜਾਂ, ਮਨਪ੍ਰੀਤ ਸਿੰਘ, ਗੁਰਲਾਲ ਸਿੰਘ, ਸੁਖਵਿੰਦਰ ਸਿੰਘ ਸ਼ਾਮਲ ਹਨ। ਮੁਲਜ਼ਮਾਂ ਨੇ ਹਾਲੇ ਸ਼ਰਾਬ ਦਾ ਧੰਦਾ ਸ਼ੁਰੂ ਹੀ ਕੀਤਾ ਸੀ, ਜਿਸ ਦਾ ਪਹਿਲਾ ਸਟਾਕ ਹੀ ਪਿੰਡ ਗੁੱਜਰਾਂ ’ਚ ਪੁੱਜਿਆ ਸੀ। ਪੁਲੀਸ ਨੇ ਐੱਸਆਈਟੀ ਬਣਾਈ ਹੈ ਅਤੇ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲੀਸ ਦੀਆਂ ਟੀਮਾਂ ਪੰਜਾਬ ਤੋਂ ਬਾਹਰ ਵੀ ਭੇਜੀਆਂ ਹਨ। ਪੂਰੇ ਦਿੜ੍ਹਬਾ ਇਲਾਕੇ ਦੇ ਕਰੀਬ 25 ਪਿੰਡਾਂ ’ਚ ਟੀਮਾਂ ਤਾਇਨਾਤ ਹਨ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਜੇ ਕਿਸੇ ਕੋਲ ਅਜਿਹੀ ਸ਼ਰਾਬ ਹੈ ਤਾਂ ਨਾ ਪੀਤੀ ਜਾਵੇ ਤੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਕਰੀਬ 20 ਤੋਂ ਵੱਧ ਐਬੂਲੈਂਸਾਂ ਪਿੰਡਾਂ ’ਚ ਤਾਇਨਾਤ ਹਨ। ਹੁਣ ਤੱਕ 8 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 12 ਜਣੇ ਜੇਰੇ ਇਲਾਜ ਹਨ। ਗ੍ਰਿਫਤਾਰ ਵਿਅਕਤੀਆਂ ਖ਼ਿਲਾਫ ਪਹਿਲਾਂ ਵੀ ਕੇਸ ਦਰਜ ਹਨ।