ਜ਼ਹਿਰੀਲੀ ਸ਼ਰਾਬ ਦਾ ਮਾਮਲਾ: ਯਮੁਨਾਨਗਰ ਵਿੱਚ ਦੋ ਹੋਰ ਵਿਅਕਤੀਆਂ ਦੀ ਮੌਤ
ਦਵਿੰਦਰ ਸਿੰਘ
ਯਮੁਨਾਨਗਰ, 13 ਨਵੰਬਰ
ਯਮੁਨਾਨਗਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪੰਜਵੇਂ ਦਿਨ ਵੀ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੰਡੇਬਰੀ ਪਿੰਡ ਵਾਸੀ ਰਮੇਸ਼ ਉਰਫ ਭਿੰਡੀ (32) ਅਤੇ ਪਿੰਡ ਸਾਰਨ ਵਿੱਚ ਸੁਸ਼ੀਲ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਵਿੱਚ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 20 ਹੋ ਗਈ ਹੈ। ਮੌਤਾਂ ਤੋਂ ਬਾਅਦ ਪ੍ਰਭਾਵਿਤ ਪਿੰਡਾਂ ਵਿੱਚ ਸਿਆਸੀ ਆਗੂਆਂ ਦੇ ਦੌਰਿਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਅੱਜ ਕਾਂਗਰਸ ਪ੍ਰਦੇਸ਼ ਪ੍ਰਧਾਨ ਉਦੈਭਾਨ ਮੰਡੇਬਰੀ ਪਿੰਡ ’ਚ ਮ੍ਰਿਤਕਾਂ ਦੇ ਘਰ ਗਏ। ਪਿੰਡਾਂ ਵਿੱਚ ਹੋ ਰਹੀਆਂ ਮੌਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਮੰਡੇਬਰੀ, ਸਾਰਨ ਅਤੇ ਪੰਜੇਟੋਂ ਪਿੰਡਾਂ ਵਿੱਚ ਕਿਸੇ ਨੇ ਦੀਵਾਲੀ ਵੀ ਨਹੀਂ ਮਨਾਈ। ਦੂਜੇ ਪਾਸੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੂਬਾ ਕਾਂਗਰਸ ਕਮੇਟੀ ਦੇ ਮੈਂਬਰ ਮਾਂਗੇਰਾਮ ਮਾਰੂਪੁਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਕਾਂਗਰਸ ਪ੍ਰਦੇਸ਼ ਪ੍ਰਧਾਨ ਉਦੈਭਾਨ ਕਾਂਗਰਸ ਨੇਤਾ ਰਮਨ ਤਿਆਗੀ ਅਤੇ ਹੋਰਾਂ ਦੇ ਨਾਲ ਮੰਡੇਬਰੀ ਪਿੰਡ ’ਚ ਮ੍ਰਿਤਕਾਂ ਦੇ ਘਰ ਗਏ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਭਾਜਪਾ ਅਤੇ ਜੇਜੇਪੀ ਸਰਕਾਰ ’ਤੇ ਕਈ ਦੋਸ਼ ਲਗਾਇਆ ਕਿ ਅਜਿਹੇ ਕੰਮ ਸਰਕਾਰ ਦੇ ਲੋਕਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦੇ। ਉਨ੍ਹਾਂ ਸ਼ਰਾਬ ਘੁਟਾਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਮੰਦਭਾਗੀ ਗੱਲ ਹੈ ਕਿ ਜਦੋਂ ਮੌਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਮੁੱਖ ਮੰਤਰੀ ਯਮੁਨਾਨਗਰ ਵਿੱਚ ਜਨ ਸੰਵਾਦ ਪ੍ਰੋਗਰਾਮ ਕਰ ਰਹੇ ਸਨ ਪਰ ਉਹ ਮ੍ਰਿਤਕਾਂ ਦੇ ਘਰ ਨਹੀਂ ਗਏ। ਉਨ੍ਹਾਂ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਸੂਬੇ ਦਾ ਗ੍ਰਹਿ ਮੰਤਰੀ ਸਿਰਫ਼ ਕਾਗਜ਼ਾਂ ’ਤੇ ਹੀ ਸ਼ੇਰ ਹੈ। ਉਸ ਦੇ ਨੱਕ ਥੱਲੇ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਹੀ ਨਾਜਾਇਜ਼ ਸ਼ਰਾਬ ਦੀ ਫੈਕਟਰੀ ਚੱਲਦੀ ਰਹੀ ਅਤੇ ਜ਼ਹਿਰੀਲੀ ਸ਼ਰਾਬ ਨਾਲ ਦੋ ਦਰਜਨ ਦੇ ਕਰੀਬ ਪਰਿਵਾਰ ਬਰਬਾਦ ਹੋ ਜਾਣ ਤੋਂ ਬਾਅਦ ਉਨ੍ਹਾਂ ਦੀ ਨੀਂਦ ਖੁਲ੍ਹੀ। ਉਨ੍ਹਾਂ ਕਿਹਾ ਕਿ ਸੂਬੇ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਵੀ ਇਹੀ ਹਾਲ ਹੈ, ਜੋ ਅਜਿਹੀਆਂ ਘਟਨਾਵਾਂ ’ਤੇ ਐੱਸਆਈਟੀ ਦਾ ਗਠਨ ਕਰ ਕੇ ਦਿਖਾਉਂਦੇ ਹਨ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਦਾ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲੇ ਹਰ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇ। ਕੁਰੂਕਸ਼ੇਤਰ ਦੇ ਸਾਬਕਾ ਸੰਸਦ ਮੈਂਬਰ ਰਾਜਕੁਮਾਰ ਸੈਣੀ ਨੇ ਕਿਹਾ ਕਿ ਘਰ ਵਿੱਚ ਪੈਸੇ ਕਮਾਉਣ ਵਾਲੇ ਨੌਜਵਾਨਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ। ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਵੇ ਅਤੇ ਕਿਹਾ ਜੇਕਰ ਮਾਲੀ ਮਦਦ ਨਾ ਦਿੱਤੀ ਗਈ ਤਾਂ ਇਕ ਹਫ਼ਤੇ ਬਾਅਦ ਲੋਕਤੰਤਰ ਸੁਰੱਖਿਆ ਪਾਰਟੀ, ਭਾਰਤੀ ਕਮੇਰਾ ਵਰਗ ਪਾਰਟੀ ਅਤੇ ਭਾਰਤੀ ਜਨਰਾਜ ਪਾਰਟੀ ਸਮੇਤ ਹੋਰ ਪਾਰਟੀਆਂ ਦਾ ਮੋਰਚਾ ਸੜਕਾਂ ’ਤੇ ਆ ਕੇ ਰੋਸ ਪ੍ਰਦਰਸ਼ਨ ਕਰੇਗਾ।