For the best experience, open
https://m.punjabitribuneonline.com
on your mobile browser.
Advertisement

ਕੌਮੀ ਰਾਜਧਾਨੀ ਵਿੱਚ ‘ਜ਼ਹਿਰੀਲੀ ਧੁੰਦ’ ਛਾਈ

08:48 AM Nov 16, 2023 IST
ਕੌਮੀ ਰਾਜਧਾਨੀ ਵਿੱਚ ‘ਜ਼ਹਿਰੀਲੀ ਧੁੰਦ’ ਛਾਈ
ਨਵੀਂ ਦਿੱਲੀ ਵਿੱਚ ਬੁੱਧਵਾਰ ਨੂੰ ਧੁਆਂਖਂੀ ਧੁੰਦ ’ਚੋਂ ਮੂੰਹ ਢੱਕ ਕੇ ਲੰਘਦੇ ਹੋਏ ਰਾਹਗੀਰ। -ਫੋਟੋ: ਏਐੱਨਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਨਵੰਬਰ
ਦਿੱਲੀ ਵਿੱਚ ਬੁੱਧਵਾਰ ਨੂੰ ਜ਼ਹਿਰੀਲੀ ਧੁੰਦ ਸੰਘਣੀ ਹੋ ਗਈ, ਜਿਸ ਕਾਰਨ ਦਿੱਲੀ ਭਰ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ’ਚ ਪਹੁੰਚ ਗਈ ਹੈ। ਦਿੱਲੀ ’ਚ ਅੱਜ ਸਵੇਰੇ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 392 ਦਰਜ ਕੀਤਾ ਗਿਆ। ਸ਼ਹਿਰ ਵਿੱਚ ਹਰ ਰੋਜ਼ ਸ਼ਾਮ ਨੂੰ ਰਿਕਾਰਡ ਕੀਤੇ ਜਾਣ ਵਾਲਾ 24 ਘੰਟੇ ਦਾ ਔਸਤ ਏਕਿਊਆਈ ਮੰਗਲਵਾਰ ਨੂੰ 397, ਸੋਮਵਾਰ ਨੂੰ 358 ਅਤੇ ਐਤਵਾਰ ਨੂੰ 218 ਦਰਜ ਕੀਤਾ ਗਿਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਅੱਜ ਆਨੰਦ ਵਿਹਾਰ ਵਿੱਚ ਏਕਿਊਆਈ 430, ਆਰਕੇ ਪੁਰਮ ਵਿੱਚ 417, ਪੰਜਾਬੀ ਬਾਗ ਵਿੱਚ 423 ਅਤੇ ਜਹਾਂਗੀਰਪੁਰੀ ਵਿੱਚ 428 ਦਰਜ ਕੀਤਾ ਗਿਆ। ਸਿਫ਼ਰ ਅਤੇ 50 ਦੇ ਵਿਚਕਾਰ ਏਕਿਊਆਈ ਨੂੰ ‘ਚੰਗਾ’, 51-100 ‘ਤਸੱਲੀਬਖਸ਼’, 101-200 ‘ਮੱਧਮ’, 201-300 ‘ਮਾੜਾ’, 301-400 ‘ਬਹੁਤ ਮਾੜਾ’, 401-450 ‘ਗੰਭੀਰ’ ਅਤੇ 450 ਤੋਂ ਉੱਪਰ ‘ਬਹੁਤ ਜ਼ਿਆਦਾ ਗੰਭੀਰ’ ਮੰਨਿਆ ਜਾਂਦਾ ਹੈ। ਮੰਗਲਵਾਰ ਨੂੰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਦਿੱਲੀ ਪਹਿਲੇ ਸਥਾਨ ’ਤੇ, ਢਾਕਾ ਦੂਜੇ, ਲਾਹੌਰ ਤੀਜੇ ਅਤੇ ਮੁੰਬਈ ਚੌਥੇ ਸਥਾਨ ’ਤੇ ਸੀ। ਪੁਣੇ ਸਥਿਤ ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੀਟੀਓਰੋਲੋਜੀ ਵੱਲੋਂ ਪ੍ਰਦੂਸ਼ਣ ਦੇ ਵੱਖ-ਵੱਖ ਸਰੋਤਾਂ ਦੇ ਯੋਗਦਾਨ ਦੀ ਪਛਾਣ ਕਰਨ ਲਈ ਤਿਆਰ ਕੀਤੀ ਗਈ ਪ੍ਰਣਾਲੀ ਅਨੁਸਾਰ ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਲਈ ਪਰਾਲੀ ਸਾੜਨ ਦੀਆਂ ਘਟਨਾਵਾਂ 12 ਫ਼ੀਸਦ ਜ਼ਿੰਮੇਵਾਰ ਹਨ। ਬੁੱਧਵਾਰ ਨੂੰ ਇਸ ਦੇ 14 ਫੀਸਦੀ ਅਤੇ ਵੀਰਵਾਰ ਨੂੰ ਛੇ ਫੀਸਦੀ ਰਹਿਣ ਦੀ ਉਮੀਦ ਹੈ। ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਗ੍ਰੇਡਡ ਰਿਸਪਾਂਸ ਐਕਸ਼ਨ ਨਾਮੀ ਹਵਾ ਪ੍ਰਦੂਸ਼ਣ ਕੰਟਰੋਲ ਯੋਜਨਾ ਦੇ ਅੰਤਿਮ ਪੜਾਅ ਦੇ ਤਹਿਤ ਨਿਰਮਾਣ ਕਾਰਜ ਅਤੇ ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਦੇ ਦਾਖਲੇ ’ਤੇ ਪਾਬੰਦੀ ਸਮੇਤ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ। ਇਹ ਯੋਜਨਾ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਅਧਿਕਾਰੀ ਨੇ ਕਿਹਾ, ‘ਪਰਾਲੀ ਸਾੜਨ ਦੀਆਂ ਘਟਨਾਵਾਂ ਫਿਰ ਤੋਂ ਵੱਧ ਰਹੀਆਂ ਹਨ ਅਤੇ ਮੌਸਮ ਦੇ ਹਾਲਾਤ ਅਨੁਕੂਲ ਨਹੀਂ ਹਨ। ਅਸੀਂ ਸਥਿਤੀ ਦੀ ਸਮੀਖਿਆ ਕਰਾਂਗੇ ਅਤੇ ਉਸ ਅਨੁਸਾਰ ਕਾਰਵਾਈ ਕਰਾਂਗੇ।’’
ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਦੇ ਵਿਸ਼ਲੇਸ਼ਣ ਅਨੁਸਾਰ ਸ਼ਹਿਰ ਵਿਚ 1 ਤੋਂ 15 ਨਵੰਬਰ ਤੱਕ ਸਭ ਤੋਂ ਵੱਧ ਪ੍ਰਦੂਸ਼ਣ ਪਾਇਆ ਗਿਆ। ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ ਵਾਧਾ ਹੋਇਆ।

Advertisement

ਪ੍ਰਦੂਸ਼ਣ ਦੇ ਨਿਰੀਖਣ ਮਗਰੋਂ ਜਿਸਤ-ਟਾਂਕ ਦਾ ਫ਼ੈਸਲਾ ਕਰਾਂਗੇ: ਗੋਪਾਲ ਰਾਏ

ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਅੱਜ ਕਿਹਾ ਕਿ ਜਿਸਤ-ਟਾਂਕ ਨਿਯਮਾਂ ਜਾਂ ਨਕਲੀ ਮੀਂਹ ਵਰਗੇ ਉਪਾਵਾਂ ਨੂੰ ਲਾਗੂ ਕਰਨ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਰਾਜਧਾਨੀ ’ਚ ਪ੍ਰਦੂਸ਼ਣ ਦੇ ਪੱਧਰਾਂ ’ਤੇ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਨੇੜਿਓਂ ਨਜ਼ਰ ਰੱਖੀ ਜਾਵੇਗੀ। ਦੀਵਾਲੀ ਤੋਂ ਠੀਕ ਪਹਿਲਾਂ ਰਾਤ ਭਰ ਪਏ ਮੀਂਹ ਤੋਂ ਬਾਅਦ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਸੀ। ਹਾਲਾਂਕਿ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਲਗਾਤਾਰ ਮਾੜੀ ਹੁੰਦੀ ਗਈ ਹੈ ਅਤੇ ਅੱਜ ‘ਬਹੁਤ ਖਰਾਬ’ ਸ਼੍ਰੇਣੀ ’ਚ ਪੁੱਜ ਗਈ। ਹਵਾ ਦੀ ਘੱਟ ਗਤੀ ਅਤੇ ਸਵੇਰ ਦੇ ਘੱਟ ਤਾਪਮਾਨ ਦੇ ਮੱਦੇਨਜ਼ਰ ਭਵਿੱਖਬਾਣੀਆਂ ਅਗਲੇ 2-3 ਦਿਨਾਂ ਲਈ ਇਕੋ ਜਿਹੇ ਹਾਲਾਤਾਂ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ,‘‘ਅਸੀਂ ਅਗਲੇ ਦੋ-ਤਿੰਨ ਦਿਨਾਂ ਦੀ ਸਥਿਤੀ ਦਾ ਨਿਰੀਖਣ ਕਰਨ ਤੋਂ ਬਾਅਦ ਨਕਲੀ ਮੀਂਹ ਅਤੇ ਜਿਸਤ-ਟਾਂਕ ਲਾਗੂ ਕਰਨ ਦੇ ਫ਼ੈਸਲੇ ’ਤੇ ਪਹੁੰਚਾਂਗੇ। ਜੇਕਰ ਪ੍ਰਦੂਸ਼ਣ ‘ਬਹੁਤ ਗੰਭੀਰ’ ਸ਼੍ਰੇਣੀ ਤੱਕ ਵਧਦਾ ਹੈ ਤਾਂ ਇਸ ਨੂੰ ਘਟਾਉਣ ਲਈ ਉਪਾਅ ਲਾਗੂ ਕੀਤੇ ਜਾਣਗੇ।’’ ਇਸ ਤੋਂ ਇਲਾਵਾ ਮੰਤਰੀ ਨੇ ਅੱਗੇ ਕਿਹਾ ਕਿ ਛੱਠ ਪੂਜਾ ਲਈ ਦਿੱਲੀ ਵਿਚ ਵੱਖ-ਵੱਖ ਥਾਵਾਂ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਾਰ ਵੀ 1000 ਤੋਂ ਵੱਧ ਥਾਵਾਂ ’ਤੇ ਛਠ ਪੂਜਾ ਦਾ ਆਯੋਜਨ ਕੀਤਾ ਜਾਵੇਗਾ। ਟੀਮਾਂ ਨੇ ਯਮੁਨਾ ਨਦੀ ਦੀ ਸਫ਼ਾਈ ਨੂੰ ਲੈ ਕੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ।

Advertisement
Author Image

sukhwinder singh

View all posts

Advertisement
Advertisement
×