For the best experience, open
https://m.punjabitribuneonline.com
on your mobile browser.
Advertisement

ਜ਼ਹਿਰੀਲੀ ਸ਼ਰਾਬ: ਐਕਸ਼ਨ ਕਮੇਟੀ ਅਤੇ ਪ੍ਰਸ਼ਾਸਨ ਵਿਚਾਲੇ ਸਮਝੌਤੇ ਮਗਰੋਂ 13 ਮ੍ਰਿਤਕਾਂ ਦਾ ਸਸਕਾਰ

08:10 AM Mar 24, 2024 IST
ਜ਼ਹਿਰੀਲੀ ਸ਼ਰਾਬ  ਐਕਸ਼ਨ ਕਮੇਟੀ ਅਤੇ ਪ੍ਰਸ਼ਾਸਨ ਵਿਚਾਲੇ ਸਮਝੌਤੇ ਮਗਰੋਂ 13 ਮ੍ਰਿਤਕਾਂ ਦਾ ਸਸਕਾਰ
ਪਿੰਡ ਗੁੱਜਰਾਂ ਵਿੱਚ ਮ੍ਰਿਤਕਾਂ ਦੇ ਸਸਕਾਰ ਮੌਕੇ ਅੰਤਮ ਰਸਮਾਂ ਨਿਭਾਉਂਦੇ ਹੋਏ ਪਰਿਵਾਰਕ ਮੈਂਬਰ।
Advertisement

ਗੁਰਦੀਪ ਲਾਲੀ/ਰਣਜੀਤ ਸ਼ੀਤਲ
ਸੰਗਰੂਰ/ਦਿੜ੍ਹਬਾ ਮੰਡੀ, 23 ਮਾਰਚ
ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁੱਜਰਾਂ, ਢੰੰਡੋਲੀ, ਟਿੱਬੀ ਰਵਿਦਾਸਪੁਰਾ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾ ਕੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕਰਾਉਣ ਲਈ ਜਨਤਕ ਜਥੇਬੰਦੀਆਂ ਵਲੋਂ ਡੀਸੀ ਦਫ਼ਤਰ ਅੱਗੇ ਲਗਾਇਆ ਪੱਕਾ ਮੋਰਚਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੰਗਾਂ ’ਤੇ ਸਹਿਮਤੀ ਬਣਨ ਮਗਰੋਂ ਅੱਜ ਸਮਾਪਤ ਹੋ ਗਿਆ। ਇਸ ਮਗਰੋਂ ਅੱਜ ਸਿਵਲ ਹਸਪਤਾਲ ਸੰਗਰੂਰ ਅਤੇ ਸੁਨਾਮ ਵਿਚ 13 ਮ੍ਰਿਤਕ ਦੇਹਾਂ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਪਿੰਡਾਂ ’ਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਪੁਲੀਸ ਦੇ ਏਡੀਜੀਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਅਤੇ ਐੱਸਐੱਸਪੀ ਸਰਤਾਜ ਸਿੰਘ ਚਹਿਲ ਆਦਿ ਮੌਜੂਦ ਸਨ। ਪਿੰਡ ਗੁੱਜਰਾਂ ਵਿੱਚ ਸੱਤ, ਢੰਡੋਲੀ ਵਿੱਚ ਦੋ, ਟਿੱਬੀ ਰਵਿਦਾਸਪੁਰਾ ਵਿੱਚ ਦੋ, ਉਪਲੀ ਵਿਚ ਇਕ ਮ੍ਰਿਤਕ ਦਾ ਸਸਕਾਰ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਗੁੱਜਰਾਂ ਵਿਚ ਰਿਸ਼ਤੇਦਾਰੀ ਵਿਚ ਆਏ ਇਕ ਵਿਅਕਤੀ ਦੀ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ, ਉਸ ਦਾ ਸਸਕਾਰ ਅੱਜ ਸਮਾਣਾ ਨੇੜਲੇ ਪਿੰਡ ਵਿਚ ਕੀਤਾ ਗਿਆ।
ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਆਬਕਾਰੀ ਤੇ ਕਰ ਨਿਰੀਖਕ ਸੁਨਾਮ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ, ਪੁਲੀਸ ਥਾਣਾ ਸ਼ੁਤਰਾਣਾ ਦੇ ਐਸ.ਐਚ.ਓ. ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਨਿਰਪੱਖ ਜਾਂਚ ਲਈ ਉਚ ਪੱਧਰੀ ਐਸਆਈਟੀ ਗਠਿਤ ਕਰ ਦਿੱਤੀ ਹੈ, ਪੰਜਾਬ ਦੀ ਇੱਕ ਨਾਮੀ ਸ਼ਰਾਬ ਕੰਪਨੀ ਦੇ ਸੈਂਪਲ ਭਰੇ ਗਏ ਹਨ, ਜਿਸ ਦੇ ਠੇਕਿਆਂ ਦੀ ਸ਼ਰਾਬ ਸੀਲ ਕਰ ਦਿੱਤੀ ਗਈ ਹੈ। ਜੇਕਰ ਸੈਂਪਲ ਫੇਲ੍ਹ ਪਾਏ ਗਏ ਜਾਂ ਕੋਈ ਹੋਰ ਖਾਮੀ ਪਾਈ ਗਈ ਤਾਂ ਕਾਰਵਾਈ ਹੋਵੇਗੀ। ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਰੈਡ ਕਰਾਸ ਤਹਿਤ ਕਰਵਾਈ ਜਾਵੇਗੀ। ਐਕਸ਼ਨ ਕਮੇਟੀ ਆਗੂਆਂ ਨੇ ਦੱਸਿਆ ਕਿ ਸਿੱਟ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਵਿਚ 6 ਅਤੇ ਸਿਵਲ ਹਸਪਤਾਲ ਸੁਨਾਮ ਵਿਚ 7 ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਜਿਸ ਮਗਰੋਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

Advertisement

ਪਟਿਆਲਾ ਜ਼ਿਲ੍ਹੇ ਨਾਲ ਜੁੜੇ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਤਾਰ

ਪਟਿਆਲਾ/ਪਾਤੜਾਂ (ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ): ਦਿੜ੍ਹਬਾ ਅਤੇ ਸੁਨਾਮ ਵਿੱਚ ਵਾਪਰੇ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਤਾਰ ਪਟਿਆਲਾ ਨਾਲ ਜੁੜ ਗਏ ਹਨ ਕਿਉਂਕਿ ਜ਼ਹਿਰੀਲੀ ਸ਼ਰਾਬ ਪਟਿਆਲਾ ਜ਼ਿਲ੍ਹੇ ਦੇ ਪਿੰਡ ਤੇਈਪੁਰ ’ਚ ਤਿਆਰ ਕੀਤੀ ਜਾਂਦੀ ਸੀ। ਇਸੇ ਹੀ ਪਿੰਡ ਦੇ ਹਰਮਨਪ੍ਰ੍ਰੀਤ ਸਿੰਘ ਨੂੰ ਵੀ ਸੰਗਰੂਰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਨਕਲੀ ਸ਼ਰਾਬ ਤਿਆਰ ਕਰਨ ’ਚ ਮਾਹਿਰ ਹੈ। ਤੇਈਪੁਰ ਪਿੰਡ ਪਟਿਆਲਾ ਜ਼ਿਲ੍ਹੇ ਦੇ ਥਾਣਾ ਸ਼ੁਤਰਾਣਾ ਅਤੇ ਪੁਲੀਸ ਚੌਕੀ ਠਰੂਆ ’ਚ ਪੈਂਦਾ ਹੈ ਜਿਸ ਕਰਕੇ ਇਸ ਮਾਮਲੇ ’ਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਸ਼ੁਤਰਾਣਾ ਥਾਣੇ ਦੇ ਐੱਸਐੱਚਓ ਯਸ਼ਪਾਲ ਸ਼ਰਮਾ ਅਤੇ ਠਰੂਆ ਚੌਕੀ ਦੇ ਇੰਚਾਰਜ ਗੁਰਮੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਇਨ੍ਹਾਂ ਦੋਵਾਂ ਪੁਲੀਸ ਅਧਿਕਾਰੀਆਂ ਦੀ ਮੁਅੱਤਲੀ ਦੀ ਪੁਸ਼ਟੀ ਕੀਤੀ ਹੈ। ਉਧਰ ਪਟਿਆਲਾ ਦੇ ਐਸ.ਐਸ.ਪੀ ਵਰੁਣ ਸ਼ਰਮਾ ਦਾ ਕਹਿਣਾ ਸੀ ਮੁਅੱਤਲੀ ਮਗਰੋਂ ਇਨ੍ਹਾਂ ਦੋਵਾਂ ਇੰਚਾਰਜਾਂ ਨੂੰ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ। ਨਕਲੀ ਸ਼ਰਾਬ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਤੇਈਪੁਰ ਵਾਸੀ ਹਰਮਨਪ੍ਰੀਤ ਸਿੰਘ ਦੇ ਘਰੋਂ ਸੰਗਰੂਰ ਪੁਲੀਸ ਨੇ ਕਈ ਤਰ੍ਹਾਂ ਦਾ ਸਾਜ਼ੋ-ਸਾਮਾਨ ਵੀ ਬਰਾਮਦ ਕੀਤਾ ਹੈ। ਸ਼ਰਾਬ ਤਿਆਰ ਕਰਨ ਲਈ ਵਰਤੇ ਜਾਂਦੇ ਈਥੋਨੌਲ ਸਮੇਤ ਸ਼ਰਾਬ ਦੀਆਂ ਬੋਤਲਾਂ ਪੈਕ ਕਰਨ ਵਾਲ਼ੀ ਮਸ਼ੀਨ, ਖਾਲੀ ਬੋਤਲਾਂ ਅਤੇ ਇਨ੍ਹਾਂ ਦੇ ਢੱਕਣਾਂ ਸਮੇਤ ਵੱਖ-ਵੱਖ ਲੇਬਲ, ਫਲੇਵਰ ਆਦਿ ਬਰਾਮਦ ਹੋਏ ਹਨ। ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਜਨਰਲ ਸਕੱਤਰ ਗੁਰਪ੍ਰੀਤ ਰਾਜੂ ਖੰਨਾ, ਹਲਕਾ ਘਨੌਰ ਦੇ ਇੰਚਾਰਜ ਭੁਪਿੰਦਰ ਸ਼ੇਖਪੁਰਾ, ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਜਰਨੈਲ ਕਰਤਾਰਪੁਰ, ਸ਼ਹਿਰੀ ਪ੍ਰਧਾਨ ਅਮਿਤ ਰਾਠੀ ਸਮੇਤ ਭਾਜਪਾ ਆਗੂ ਜਗਦੀਸ਼ ਜੱਗਾ, ਸੁਰਿੰਦਰ ਖੇੜਕੀ, ਹਰਮੇਸ਼ ਗੋਇਲ, ਜਸਪਾਲ ਗਗਰੌਲਾ ਨੇ ਇਸ ਮਾਮਲੇ ’ਚ ‘ਆਪ’ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ।

ਮੁੱਖ ਮੰਤਰੀ ਵੱਲੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਨਾ ਕਰਨ ’ਤੇ ਰੋਸ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਅਕਾਲੀ ਦਲ ਨੇ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੀੜਤਾਂ ਨਾਲ ਮੁਲਾਕਾਤ ਨਾ ਕਰਨ ਦੀ ਨਿਖੇਧੀ ਕੀਤੀ ਹੈ। ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਦਿੱਲੀ ਵਿੱਚ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਲਈ ਹਰਪਾਲ ਚੀਮਾ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇੱਕ ਵਾਰ ਮੁੜ ਗਰੀਬ ਵਰਗ ਦੇ ਲੋਕਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਰਹੇ ਹਨ। ਉਨ੍ਹਾਂ ਸੰਗਰੂਰ ਜ਼ਿਲ੍ਹੇ ਦੇ ਗੁੱਜਰਾਂ, ਢੰਡੋਲੀ ਖੁਰਦ ਅਤੇ ਟਿੱਬਾ ਬਸਤੀ ਸੁਨਾਮ ਵਿੱਚ ਵਾਪਰੀ ਘਟਨਾ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਕੈਂਥ ਨੇ ਵਿੱਤ ਅਤੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇਸ ਅਣਗਹਿਲੀ ਲਈ ਨੈਤਿਕ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ।

Advertisement
Author Image

sukhwinder singh

View all posts

Advertisement
Advertisement
×