Poison in Yamuna remark: ਸੋਨੀਪਤ ਕੋਰਟ ਵੱਲੋਂ ਕੇਜਰੀਵਾਲ 17 ਫਰਵਰੀ ਨੂੰ ਤਲਬ
ਚੰਡੀਗੜ੍ਹ, 29 ਜਨਵਰੀ
ਸੋਨੀਪਤ ਕੋਰਟ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ‘ਯਮੁਨਾ ਦੇ ਪਾਣੀ ਵਿਚ ਜ਼ਹਿਰ’ ਘੋਲਣ ਬਾਰੇ ਟਿੱਪਣੀ ਲਈ ਮਿਲੀ ਸ਼ਿਕਾਇਤ ਦੇ ਅਧਾਰ ’ਤੇ 17 ਫਰਵਰੀ ਲਈ ਸੰਮਨ ਕੀਤਾ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ‘ਯਮੁਨਾ ਨਦੀ ਵਿਚ ਜ਼ਹਿਰ’ ਘੋਲਿਆ ਜਾ ਰਿਹਾ ਹੈ। ਸੋਨੀਪਤ ਦੀ ਚੀਫ਼ ਜੁਡੀਸ਼ਲ ਮੈਜਿਸਟਰੇਟ ਨੇਹਾ ਗੋਇਲ ਦੀ ਕੋਰਟ ਨੇ ਕੇਜਰੀਵਾਲ ਨੂੰ ਨੋਟਿਸ ਜਾਰੀ ਕੀਤਾ ਹੈ। ਕੋਰਟ ਵੱਲੋਂ ਜਾਰੀ ਹੁਕਮਾਂ ਵਿਚ ਕੇਜਰੀਵਾਲ ਨੂੰ ਅਗਲੀ ਸੁਣਵਾਈ ਮੌਕੇ ਕੋਰਟ ਵਿਚ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਹੁਕਮਾਂ ਮੁਤਾਬਕ ਕੇਜਰੀਵਾਲ ਜੇ ਪੇਸ਼ ਨਹੀਂ ਹੁੰਦੇ ਤਾਂ ਇਹ ਸਮਝ ਲਿਆ ਜਾਵੇਗਾ ਕਿ ਉਨ੍ਹਾਂ ਕੋਲ ਇਸ ਮਾਮਲੇ ਵਿਚ ਕਹਿਣ ਲਈ ਕੁਝ ਨਹੀਂ ਹੈ ਤੇ ਅਗਲੇਰੀ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਜਾਵੇਗੀ। ਕੇਜਰੀਵਾਲ ਖ਼ਿਲਾਫ਼ ਸ਼ਿਕਾਇਤ ਰਾਏ ਵਾਟਰ ਸਰਵਸਿਜ਼ ਡਿਵੀਜ਼ਨ ਦੇ ਕਾਰਜਕਾਰੀ ਇੰਜਨੀਅਰ ਵੱਲੋਂ ਦਾਖ਼ਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅੱਜ ਦਿਨੇ ਹਰਿਆਣਾ ਦੇ ਰੈਵੇਨਿਊ ਤੇ ਆਫ਼ਤ ਪ੍ਰਬੰਧਨ ਮੰਤਰੀ ਵਿਪੁਲ ਗੋਇਲ ਨੇ ਕਿਹਾ ਕਿ ਸੂਬਾ ਸਰਕਾਰ ਉਪਰੋਕਤ ਗ਼ੈਰਜ਼ਿੰਮੇਵਾਰਾਨਾ ਟਿੱਪਣੀਆਂ ਲਈ ਕੇਜਰੀਵਾਲ ਖਿਲਾਫ਼ ਕੇਸ ਦਰਜ ਕਰੇਗੀ। -ਪੀਟੀਆਈ