ਕਣਕ ਦੇ ਸੁਚੱਜੇ ਮੰਡੀਕਰਨ ਦੇ ਨੁਕਤੇ
ਡਾ. ਮਨਮੀਤ ਮਾਨਵ
ਦੇਸ਼ ਦੇ ਸਿਰਫ਼ 1.53 ਫ਼ੀਸਦੀ ਭੂਗੋਲਿਕ ਖੇਤਰ ਵਾਲੇ ਪੰਜਾਬ ਨੇ ਦੇਸ਼ ਦੇ ਅੰਨ ਭੰਡਾਰ ਵਿੱਚ ਕਣਕ ਦਾ 51.32 ਫ਼ੀਸਦੀ ਹਿੱਸਾ ਪਾਇਆ ਹੈ (ਸਾਲ 2023 ਅਨੁਸਾਰ)। ਪੰਜਾਬ ਵਿਸ਼ਵ ਭਰ ਵਿੱਚ ਕਣਕ ਦੇ ਕੁੱਲ ਉਤਪਾਦਕ ਵਜੋਂ 7ਵੇਂ ਸਥਾਨ ’ਤੇ ਹੈ। ਇਹ ਕੈਨੇਡਾ ਅਤੇ ਆਸਟਰੇਲੀਆ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਮੰਡੀਕਰਨ ਸਰਪਲੱਸ ਪੈਦਾ ਕਰਦਾ ਹੈ ਜੋ ਕਣਕ ਦੇ ਵਿਸ਼ਵ ਵਪਾਰ ਦਾ ਦਸਵਾਂ ਹਿੱਸਾ ਹੈ। ਹਾੜ੍ਹੀ ਸੀਜ਼ਨ 2024 ਅਨੁਸਾਰ ਪੰਜਾਬ ਵਿੱਚ ਕਣਕ ਦੀ ਕਾਸ਼ਤ ਅਧੀਨ ਕੁਝ ਰਕਬਾ 35.8 ਲੱਖ ਹੈਕਟੇਅਰ ਹੈ। ਇਸ ਤੋਂ 161.00 ਲੱਖ ਮੀਟਰਿਕ ਟਨ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਕਈ ਮਹੀਨਿਆਂ ਦੀ ਮਿਹਨਤ ਅਤੇ ਲਾਗਤ ਨਾਲ ਪਾਲੀ ਫ਼ਸਲ ਤੋਂ ਉੱਚ ਮੁੱਲ ਪਾਉਣਾ ਹਰ ਕਿਸਾਨ ਦਾ ਸੁਫ਼ਨਾ ਹੁੰਦਾ ਹੈ ਜੋ ਉਸ ਫ਼ਸਲ ਦੇ ਸਫਲ ਮੰਡੀਕਰਨ ’ਤੇ ਨਿਰਭਰ ਕਰਦਾ ਹੈ।
ਕਣਕ ਦੇ ਮੰਡੀਕਰਨ ਤੋਂ ਪਹਿਲਾਂ ਫ਼ਸਲ ਦਾ ਵਾਜਬ ਮੁੱਲ ਪਾਉਣ ਲਈ ਕਿਸਾਨਾਂ ਨੂੰ ਕੁਝ ਨੁਕਤੇ, ਸੁਝਾਅ ਅਤੇ ਮਾਪਦੰਡਾਂ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਦੀ ਹਾੜ੍ਹੀ ਸੀਜ਼ਨ 2024-25 ਦੀ ਖ਼ਰੀਦ ਨੀਤੀ ਅਨੁਸਾਰ ਕਣਕ ਦਾ ਖ਼ਰੀਦ ਸੀਜ਼ਨ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਕੇ 31 ਮਈ ਤੱਕ ਹੋਵੇਗਾ। ਇਸ ਸਾਲ ਕਣਕ ਦੀ ਖ਼ਰੀਦ ਲਈ ਘੱਟੋ-ਘੱਟ ਸਮਰਥਨ ਮੁੱਲ 2275 ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸੀਜ਼ਨ 2024-25 ਦੌਰਾਨ 132 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਲਈ ਵੱਖ-ਵੱਖ ਏਜੰਸੀਆਂ ਪਨਗਰੇਨ (33.66 ਲੱਖ ਮੀਟਰਿਕ ਟਨ; 25.50%) ਮਾਰਕਫੈਡ (31.68 ਲੱਖ ਮੀ. ਟਨ; 24.00%) ਪਨਸਪ (31.02 ਲੱਖ ਮੀ. ਟਨ; 23.50%) ਵੇਅਰ ਹਾਊਸ (19.14 ਲੱਖ ਮੀ. ਟਨ;14.50%) ਐਫ.ਸੀ.ਆਈ (16.50 ਲੱਖ ਮੀ. ਟਨ; 12.50%) ਨੂੰ ਟੀਚੇ ਨਿਰਧਾਰਿਤ ਕੀਤੇ ਗਏ ਹਨ।
ਮੰਡੀਕਰਨ ਨੂੰ ਸਫ਼ਲ ਬਣਾਉਣ ਲਈ ਕੁਝ ਸੁਝਾਅ
ਪੋਰਟਲ ’ਤੇ ਰਜਿਟ੍ਰੇਸ਼ਨ: ਸੁਚਾਰੂ ਮੰਡੀਕਰਨ ਲਈ ਸਭ ਤੋਂ ਪਹਿਲਾਂ ਅਨਾਜ ਖ਼ਰੀਦ ਪੋਰਟਲ (https:/anaajkharid.in) ’ਤੇ ਰਜਿਸਟਰ ਕਰਵਾਉਣਾ ਲਾਜ਼ਮੀ ਹੈ ਕਿਉਂਕਿ ਨਵੇਂ ਨਿਯਮਾਂ ਅਨੁਸਾਰ ਕਣਕ ਦੀ ਫ਼ਸਲ ਦੀ ਖ਼ਰੀਦ ਜ਼ਮੀਨੀ ਰਕਬੇ ਦੇ ਆਧਾਰ ’ਤੇ ਕੀਤੀ ਜਾਣੀ ਹੈ। ਇਸ ਦੇ ਲਈ e-mandikaran.pb.in ’ਤੇ ਆੜ੍ਹਤੀਆ ਲੈਂਡ ਮੈਪਿੰਗ ਪੋਰਟਲ ’ਤੇ ਆੜ੍ਹਤੀਆਂ ਰਾਹੀਂ ਜ਼ਮੀਨ ਦੀ ਮੈਪਿੰਗ ਕਰਵਾ ਕੇ ਫਾਰਮ ਆਈਡੀ ਨਾਲ ਲਿੰਕ ਕਰਵਾ ਲਿਆ ਜਾਵੇ ਤਾਂ ਜੋ ਰਕਬੇ ਅਨੁਸਾਰ ਐੱਮਐੱਸਪੀ ਦਾ ਫ਼ਾਇਦਾ ਲਿਆ ਜਾ ਸਕੇ। ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਇਨ੍ਹਾਂ ਪੋਰਟਲਜ਼ ’ਤੇ ਕਿਸਾਨਾਂ ਦਾ ਰਜਿਸਟਰ ਹੋਣਾ ਲਾਜ਼ਮੀ ਹੈ। ਜੇ ਕਿਸੇ ਕਿਸਾਨ ਵੱਲੋਂ ਕਿਸੇ ਜ਼ਮੀਨ ਦਾ ਇੰਦਰਾਜ ਕਰਵਾਉਣਾ ਜਾਂ ਅਪਡੇਟ ਕਰਵਾਉਣਾ ਹੋਵੇ ਤਾਂ ਉਹ ਵੀ ਮੰਡੀ ਵਿੱਚ ਜਿਣਸ ਵੇਚਣ ਤੋਂ ਪਹਿਲਾਂ ਕਰਵਾ ਲਿਆ ਜਾਵੇ ਕਿਉਂਕਿ ਫ਼ਸਲ ਵਿਕਣ ਤੋਂ ਬਾਅਦ ਵੇਰਵੇ ਦਰੁਸਤ ਕਰਵਾਉਣਾ ਸੰਭਵ ਨਹੀਂਂ ਹੈ। ਇਸ ਪੋਰਟਲ ਰਾਹੀਂ ਹੀ ‘ਜੇ’ ਫਾਰਮ ਤੇ ਜਿਣਸ ਦੀ ਸਿੱਧੀ ਅਦਾਇਗੀ ਪ੍ਰਾਪਤ ਹੋਵੇਗੀ।
ਫ਼ਸਲ ਦੀ ਕਟਾਈ ਲਈ ਸੁਝਾਅ: ਸਮੇਂ ਸਿਰ ਅਤੇ ਸੁਖਾਲੇ ਮੰਡੀਕਰਨ ਲਈ ਉਤਪਾਦਕਾਂ ਨੂੰ ਜਿਣਸ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਗੁਣਵੱਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ (ਬੀਜ ਗੁਣਵੱਤਾ, ਬਿਜਾਈ ਦਾ ਸਮਾਂ, ਖਾਦ ਦੀ ਮਾਤਰਾ, ਪਾਣੀ ਦੀ ਮਾਤਰਾ, ਮਿੱਟੀ ਦੀ ਸਿਹਤ, ਕਟਾਈ ਦਾ ਸਮਾਂ) ਨੂੰ ਸਮਝਣਾ ਅਤਿ ਜ਼ਰੂਰੀ ਹੈ। ਕਿਸਾਨਾਂ ਨੂੰ ਇਹ ਜਾਣ ਲੈਣਾ ਲਾਜ਼ਮੀ ਹੈ ਕਿ ਸਮੇਂ ਤੋਂ ਪਹਿਲਾਂ ਅਤੇ ਦੇਰੀ ਨਾਲ ਕੀਤੀ ਕਟਾਈ ਫ਼ਸਲ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ। ਕਣਕ ਦੀ ਵਾਢੀ ਉਦੋਂ ਕਰਨੀ ਚਾਹੀਦੀ ਹੈ ਜਦੋਂ ਦਾਣਿਆਂ ਵਿੱਚ ਪਰਿਪੱਕਤਾ ਆ ਜਾਵੇ।
ਇਹ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਕਟਾਈ ਸਮੇਂ ਦਾਣੇ ਹੇਠਾਂ ਤੋਂ ਉੱਪਰ ਤੱਕ ਇਕਸਾਰ ਸੁੱਕੇ ਹੋਣ, ਸਖ਼ਤ ਹੋਣ ਅਤੇ ਨਮੀ ਦੀ ਮਾਤਰਾ 12 ਫ਼ੀਸਦੀ ਤੋਂ ਵੱਧ ਨਾ ਹੋਵੇ, ਬੂਟਾ ਪੂਰਾ ਸੁਨਹਿਰੀ/ਭੂਰੇ ਰੰਗ ਦਾ ਹੋਵੇ। ਕਟਾਈ ਸਮੇਂ ਬੂਟਿਆਂ ’ਤੇ ਤਰੇਲ ਬਿਲਕੁਲ ਨਹੀਂ ਹੋਣੀ ਚਾਹੀਦੀ। ਸਵੇਰੇ 10 ਤੋਂ ਸ਼ਾਮ 7 ਵਜੇ ਤੱਕ ਕਟਾਈ ਲਈ ਸਹੀ ਸਮਾਂ ਹੈ। ਸਮੇਂ ਤੋਂ ਪਹਿਲਾਂ ਕੀਤੀ ਕਟਾਈ ਨਾਲ ਦਾਣਿਆਂ ਵਿੱਚ ਕੱਚਾਪਣ, ਟੁੱਟ-ਭੱਜ, ਵੱਧ ਨਮੀ ਅਤੇ ਬਿਮਾਰੀਆਂ ਦੀ ਖ਼ਤਰਾ ਰਹਿੰਦਾ ਹੈ। ਦੇਰੀ ਨਾਲ ਕਟਾਈ ਨਾਲ ਦਾਣੇ ਫਟਣ ਅਤੇ ਖਿੰਡਣ ਕਾਰਨ ਚੂਹਿਆਂ, ਪੰਛੀਆਂ, ਕੀੜਿਆਂ ਤੋਂ ਹੋਣ ਵਾਲੇ ਨੁਕਸਾਨ ਦਾ ਖ਼ਤਰਾ ਵਧ ਸਕਦਾ ਹੈ।
ਸਿੱਲ੍ਹੇ ਮੌਸਮ ’ਚ ਕਟਾਈ ਨਾ ਕੀਤੀ ਜਾਵੇ। ਖੇਤ ਵਿੱਚ ਜੇ ਚੂਹਿਆਂ ਦੀਆ ਖੱਡਾਂ ਹਨ ਤਾਂ ਉਹ ਕਟਾਈ ਤੋਂ ਪਹਿਲਾਂ ਭਰ ਦੇਣੀਆਂ ਚਾਹੀਦੀਆਂ ਹਨ ਜਾਂ ਉਸ ਜਗ੍ਹਾ ਮਿੱਟੀ ਦਾ ਪੱਧਰ ਬਰਾਬਰ ਕਰ ਦੇਣਾ ਚਾਹੀਦਾ ਹੈ ਤਾਂ ਜੋ
ਕੰਬਾਈਨ ਨਾਲ ਕਟਾਈ ਸਮੇਂ ਦਾਣਿਆਂ ਵਿੱਚ ਮਿੱਟੀ ਨਾ ਰਲੇ।
ਬੀਤੇ ਦਿਨਾਂ ਵਿੱਚ ਤੇਜ਼ ਬਾਰਸ਼ਾਂ ਅਤੇ ਗੜਿਆਂ ਕਾਰਨ ਡਿੱਗੀਆਂ ਫ਼ਸਲਾਂ ਦੀ ਧਿਆਨਪੂਰਵਕ ਕਟਾਈ ਲਈ ਕੰਬਾਈਨ ਦੀ ਰਫ਼ਤਾਰ ਘੱਟ ਰੱਖੀ ਜਾਣੀ ਚਾਹੀਦੀ ਹੈ। ਕਟਾਈ ਦੇ ਸਮੇਂ ਤੋਂ ਪਹਿਲਾਂ ਸੰਭਾਵਿਤ ਬਾਰਸ਼ਾਂ ਅਤੇ ਗੜਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਅਗਲੇ ਸਾਲ ਤੋਂ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀ ਕਣਕ ਦੀ ਕਿਸਮ ‘PBW826’ ਬੀਜਣ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ। ਇਸ ਦੀ ਭਾਰੀਆਂ ਬਾਰਸ਼ਾਂ ਵਿੱਚ ਵੀ ਖੜ੍ਹੇ ਰਹਿਣ ਦੀ ਸਮੱਰਥਾ ਵੱਧ ਹੈ। ਇਸ ਕਿਸਮ ਦਾ ਬੀਜ ਅਗਲੇ ਸਾਲ ਦੀ ਬਿਜਾਈ ਲਈ ਸਾਂਭ ਕੇ ਰੱਖ ਲਿਆ ਜਾਵੇ।
ਗੁਣਵੱੱਤਾ ਮਾਪਦੰਡਾਂ ਦੀ ਪੂਰਤੀ: ਜਿਣਸ ਦਾ ਉੱਚ ਵਪਾਰਕ ਮੁੱਲ ਲੈਣ ਲਈ ਨਿਰਧਾਰਤ ਗੁਣਵੱਤਾ ਮਾਪਦੰਡਾਂ ’ਤੇ ਪੂਰਾ ਉਤਰਨ ਨੂੰ ਯਕੀਨੀ ਬਣਾਇਆ ਜਾਵੇ। ਸਰਕਾਰ ਵੱਲੋਂ ਕਣਕ ਦੀ ਨਿਰਧਾਰਿਤ ਐੱਮਐੱਸਪੀ ’ਤੇ ਖ਼ਰੀਦ ਲਈ ਨਿਰਧਾਰਿਤ ਮਾਪਦੰਡਾਂ ਅਨੁਸਾਰ ਆਪਣੇ ਪੱਧਰ ’ਤੇ ਜਿਣਸ ਦੀ ਗ੍ਰੇਡਿੰਗ ਕੀਤੀ ਜਾਣੀ ਚਾਹੀਦੀ ਹੈ।
* ਜਿਣਸ ਪੂਰੀ ਤਰ੍ਹਾਂ ਸਾਫ਼, ਸੁੱਕੀ ਅਤੇ ਪੱਕੇ ਦਾਣਿਆਂ ਵਾਲੀ ਹੋਵੇ।
* ਦਾਣਿਆਂ ਦਾ ਰੰਗ, ਸ਼ਕਲ, ਆਕਾਰ ਅਤੇ ਚਮਕ ਕੁਦਰਤੀ ਹੋਵੇ।
* ਦਾਣੇ ਮਿੱਠੇ, ਸਾਫ਼, ਸਿਹਤਮੰਦ, ਅਣਚਾਹੀ ਗੰਧ ਅਤੇ ਹੋਰ ਨਦੀਨਾਂ ਦੇ ਬੀਜਾਂ ਤੋਂ ਰਹਿਤ ਹੋਣ।
ਨਿਰਧਾਰਿਤ ਮਾਪਦੰਡ: ਕਣਕ ਦੀ ਗੁਣਵੱਤਾ ਨੂੰ ਨਿਰਧਾਰਿਤ ਕਰਦੇ ਮਾਪਦੰਡਾਂ ਤੇ ਉਨ੍ਹਾਂ ਦੀ ਵੱਧ ਤੋਂ ਵੱਧ ਮਾਤਰਾ ਇਸ ਪ੍ਰਕਾਰ ਹੈ- ਨਮੀ ਦੀ ਮਾਤਰਾ (12-14%), ਅਜੈਵਿਕ/ ਵਿਦੇਸ਼ੀ ਅਸ਼ੁੱਧੀਆਂ (0.75%) ਜੈਵਿਕ/ ਹੋਰ ਫ਼ਸਲਾਂ ਦੀ ਅਸ਼ੁੱਧੀਆਂ (2.00%), ਖ਼ਰਾਬ ਹੋਏ ਦਾਣੇ (2.00%), ਘੱਟ ਖਰਾਬ ਦਾਣੇ (4.00%), ਸੁੰਗੜੇ ਅਤੇ ਟੁੱਟੇ ਹੋਏ ਦਾਣੇ (6.00%), ਕੀੜੇ ਖਾਧੇ ਦਾਣੇ (1.00%), ਬਿਮਾਰੀ (ਅਰਗਟ) ਪ੍ਰਭਾਵਿਤ ਦਾਣੇ ( 0.05%)।
ਸਫਲ ਮੰਡੀਕਰਨ ਬਦਲ: ਭਾਰਤ, ਕਣਕ ਦਾ ਵਿਸ਼ਵ ਵਿੱਚ ਦੂਜਾ ਸਭ ਤੋਂ ਵੱਡਾ ਖ਼ਪਤਕਾਰ ਹੈ। ਇਸ ਲਈ ਉਤਪਾਦਕ ਕੋਲ ਮੰਡੀਕਰਨ ਦੇ ਕਈ ਬਦਲ ਹਨ।
ਨਿੱਜੀ ਮੰਡੀਕਰਨ ਬਦਲ: ਇਹ ਮੰਡੀਕਰਨ ਦਾ ਆਮ ਅਤੇ ਰਵਾਇਤੀ ਤਰੀਕਾ ਹੈ।
* ਕਿਸਾਨ ਤੋਂ ਖ਼ਪਤਕਾਰ।
* ਕਿਸਾਨ ਤੋਂ ਪ੍ਰਚੂਨ ਜਾਂ ਪਿੰਡ ਦਾ ਵਪਾਰੀ।
* ਕਿਸਾਨ ਤੋਂ ਥੋਕ ਵਪਾਰੀ ਜਾਂ ਆਟਾ ਮਿੱਲਰ।
ਢੋਆ-ਢੁਆਈ ਅਤੇ ਮੰਡੀਆਂ ਦੇ ਖ਼ਰਚੇ ਕੀਤੇ ਬਿਨਾਂ ਕਿਸਾਨ ਪਿੰਡ ਪੱਧਰ ’ਤੇ ਹੀ ਸਿੱਧਾ ਖ਼ਪਤਕਾਰ ਨੂੰ ਜਾਂ ਪਿੰਡ ਦੇ ਵਪਾਰੀ/ਰਿਟੇਲਰ ਨੂੰ ਕਣਕ ਵੇਚ ਸਕਦਾ ਹੈ। ਹੋਰ ਮੁਨਾਫ਼ਾ ਕਮਾਉਣ ਲਈ ਆਟਾ ਮਿੱਲਾਂ ਵਾਲਿਆਂ ਨੂੰ ਸਿੱਧੇ ਹੀ ਕਣਕ ਵੇਚ ਸਕਦਾ ਹੈ। ਇਨ੍ਹਾਂ ਤੋਂ ਪ੍ਰਤੀ ਕੁਇੰਟਲ 40-45 ਰੁਪਏ (2%) ਐੱਮਐੱਸਪੀ ਨਾਲੋਂ ਵੱਧ ਭਾਅ ਮਿਲ ਜਾਂਦਾ ਹੈ ਕਿਉਂਕਿ ਇਨ੍ਹਾਂ ਆਟਾ ਮਿੱਲ ਵਾਲਿਆਂ ਨੂੰ ਵੀ ਸਿੱਧੀ ਖ਼ਰੀਦ ਨਾਲ ਮੰਡੀ ਦੀ 6 ਫ਼ੀਸਦੀ ਫੀਸ ਤੋਂ ਛੋਟ ਮਿਲ ਜਾਂਦੀ ਹੈ।
ਸੰਸਥਾਈ ਮੰਡੀਕਰਨ ਬਦਲ: ਇਸ ਵਿੱਚ ਕਿਸਾਨ ਉਪਜ ਨੂੰ ਨਿਰਧਾਰਿਤ ਮੰਡੀਆਂ ਵਿੱਚ ਸਰਕਾਰ ਵੱਲੋਂ ਤੈਅ ਨੋਡਲ ਸੰਸਥਾਵਾਂ (ਖ਼ਰੀਦ ਏਜੰਸੀਆਂ) ਜਾਂ ਫਿਰ ਪ੍ਰਾਈਵੇਟ ਆਟਾ ਮਿੱਲਰਾਂ ਅਤੇ ਥੋਕ ਵਪਾਰੀਆਂ ਨੂੰ ਐੱਮਐੱਸਪੀ ਜਾਂ ਇਸ ਤੋਂ ਵੱਧ ’ਤੇ ਵੇਚ ਸਕਦਾ ਹੈ।
ਜੋ ਮੰਡੀਕਰਨ ਚੈਨਲ ਛੋਟਾ ਹੋਵੇ ਅਤੇ ਲਾਗਤ ਘਟਾਵੇ, ਉਤਪਾਦਕ ਨੂੰ ਵੱਧ ਹਿੱਸਾ ਦਿਲਾਵੇ ਅਤੇ ਖ਼ਪਤਕਾਰ ਨੂੰ ਸ਼ੁੱਧ ਉਤਪਾਦ ਮੁਹੱਈਆ ਕਰਵਾਏ, ਉਪਜ ਦਾ ਕੋਈ ਨੁਕਸਾਨ ਹੋਣ ਤੋਂ ਬਚਾਵੇ ਅਤੇ ਉੱਚਿਤ ਢੰਗ ਨਾਲ ਨਿਬੇੜਾ ਕਰੇ; ਆਦਰਸ਼ ਮੰਡੀਕਰਨ ਬਦਲ/ਚੈਨਲ ਹੁੰਦਾ ਹੈ।
ਸਰਕਾਰ ਵੱਲੋਂ ਨਿਰਧਾਰਿਤ ਸਮਰਥਨ ਮੁੱਲ ’ਤੇ ਕਣਕ ਦੀ ਖ਼ਰੀਦ ਦੇ ਫ਼ੈਸਲੇ ਦਾ ਫ਼ਾਇਦਾ ਲੈਣ ਲਈ ਸਾਫ਼, ਸੁੱਕੀ ਅਤੇ ਆਪਣੇ ਪੱਧਰ ਦੇ ਗ੍ਰੇਡ ਕੀਤੀ ਜਿਣਸ ਮੰਡੀ ਵਿੱਚ ਲੈ ਕੇ ਜਾਓ।
*ਸਹਾਇਕ ਮੰਡੀਕਰਨ ਅਫ਼ਸਰ, ਲੁਧਿਆਣਾ।