ਸਬਜ਼ੀਆਂ ਦੀ ਬਹੁ-ਫ਼ਸਲੀ ਪ੍ਰਣਾਲੀ ਤਹਿਤ ਵਧੇਰੇ ਮੁਨਾਫ਼ੇ ਦੇ ਨੁਕਤੇ
ਫਤਿਹਜੀਤ ਸਿੰਘ ਸੇਖੋਂ/ਗੁਰਦਰਸ਼ਨ ਸਿੰਘ*
ਸਬਜ਼ੀਆਂ ਸਾਡੇ ਭੋਜਨ ਦਾ ਇੱਕ ਅਨਿਖੜਵਾਂ ਅੰਗ ਹਨ ਕਿਉਂਕਿ ਇਨ੍ਹਾਂ ਤੋਂ ਸਾਨੂੰ ਬਹੁਤ ਸਾਰੇ ਵਿਟਾਮਿਨ ਅਤੇ ਹੋਰ ਤੱਤ ਮਿਲਦੇ ਹਨ ਜੋ ਸਾਡੀ ਚੰਗੀ ਸਿਹਤ ਬਣਾਈ ਰੱਖਣ ਲਈ ਲਾਜ਼ਮੀ ਹੁੰਦੇ ਹਨ। ਇਸ ਲਈ ਖ਼ੁਰਾਕੀ ਮਹੱਤਤਾ ਦੇ ਆਧਾਰ ’ਤੇ ਸਬਜ਼ੀਆਂ ਮਨੁੱਖੀ ਸਿਹਤ ਲਈ ਬਹੁਤ ਹੀ ਪੌਸ਼ਟਿਕ ਮੰਨੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਖੇਤੀ ਵਿਭਿੰਨਤਾ ਵਿੱਚ ਵੀ ਸਬਜ਼ੀਆਂ ਦਾ ਵੱਡਾ ਯੋਗਦਾਨ ਹੈ ਜਿਸ ਕਰ ਕੇ ਸਬਜ਼ੀਆਂ ਦੀ ਕਾਸ਼ਤ ਦਾ ਪੰਜਾਬ ਦੀ ਖੇਤੀ ਵਿੱਚ ਅਹਿਮ ਸਥਾਨ ਹੈ। ਇੱਕ ਰਿਪੋਰਟ ਦੇ ਅਨੁਸਾਰ, ਸਿਹਤਮੰਦ ਆਦਮੀ ਨੂੰ ਘੱਟੋ-ਘੱਟ 280 ਗ੍ਰਾਮ ਸਬਜ਼ੀਆਂ ਪ੍ਰਤੀ ਦਿਨ ਖਾਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਜਦੋਂਕਿ ਅਸਲ ਵਿੱਚ ਅਸੀਂ ਬਹੁਤ ਘੱਟ ਮਾਤਰਾ ਵਿੱਚ ਸਬਜ਼ੀਆਂ ਪ੍ਰਤੀ ਵਿਅਕਤੀ ਪ੍ਰਤੀ ਦਿਨ ਖਾ ਰਹੇ ਹਾਂ। ਇਸ ਪਾੜੇ ਨੂੰ ਪੂੁਰਾ ਕਰਨ ਲਈ ਸਾਨੂੰ ਸਬਜ਼ੀਆਂ ਦੀ ਪੈਦਾਵਾਰ ਵਧਾਉਣ ਦੀ ਲੋੜ ਹੈ। ਪਰ ਸਾਡੀ ਵਧ ਰਹੀ ਆਬਾਦੀ ਕਰ ਕੇ ਸਾਡੇ ਜ਼ਮੀਨੀ ਸੋਮੇ ਵੀ ਖੇਤੀਬਾੜੀ ਹੇਠੋਂ ਲਗਾਤਾਰ ਘਟ ਰਹੇ ਹਨ ਜਿਸ ਦੇ ਨਤੀਜੇ ਵਜੋਂ ਸਬਜ਼ੀਆਂ ਦੀ ਪੈਦਾਵਾਰ ਹੇਠ ਕੁੱਲ ਰਕਬੇ ਦਾ ਸਿਰਫ਼ 6.68 ਫ਼ੀਸਦੀ ਬਣਦਾ ਹੈ। ਇਸ ਲਈ ਸਬਜ਼ੀਆਂ ਦੀ ਪੈਦਾਵਾਰ ਵਧਾਉਣ ਲਈ ਸਾਨੂੰ ਪ੍ਰਤੀ ਇਕਾਈ ਰਕਬੇ ਵਿੱਚੋਂ ਵਧੇਰੇ ਉਤਪਾਦਨ ਲੈਣ ਵਾਲੀਆਂ ਸਿਫ਼ਾਰਸ਼ਾਂ ਅਤੇ ਤਕਨੀਕਾਂ ਅਪਣਾਉਣ ਦੀ ਲੋੜ ਹੈ। ਇਨ੍ਹਾਂ ਸੁਧਰੀਆਂ ਤਕਨੀਕਾਂ ਨੂੰ ਅਪਣਾਉਂਦੇ ਹੋਏ ਜੇਕਰ ਸਬਜ਼ੀਆਂ ਦੀ ਬਹੁ-ਫ਼ਸਲੀ ਪ੍ਰਣਾਲੀ ਨੂੰ ਅਪਣਾ ਲਿਆ ਜਾਵੇ ਤਾਂ ਸਬਜ਼ੀਆਂ ਦੀ ਮੰਗ ਅਤੇ ਉਤਪਾਦਨ ਵਿਚਲਾ ਪਾੜਾ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਸਬਜ਼ੀਆਂ ਦੀ ਬਹੁ-ਫ਼ਸਲੀ ਪ੍ਰਣਾਲੀ: ਸਬਜ਼ੀਆਂ ਦੀ ਬਹੁ-ਫ਼ਸਲੀ ਪ੍ਰਣਾਲੀ ਵਿੱਚ ਜ਼ਮੀਨ ਦੇ ਇੱਕੋ ਟੁਕੜੇ ਉੱਪਰ ਦੋ ਤੋਂ ਵੱਧ ਸਬਜ਼ੀਆਂ ਅੱਗੜ-ਪਿੱਛੜ ਉਗਾਈਆਂ ਜਾਂਦੀਆਂ ਹਨ। ਬਹੁਤ ਸਾਰੀਆਂ ਸਬਜ਼ੀਆਂ ਦੀਆਂ ਫ਼ਸਲਾਂ ਥੋੜ੍ਹੇ ਸਮੇਂ ਦੀਆਂ ਹੀ ਹੁੰਦੀਆਂ ਹਨ ਅਤੇ ਇਹ ਸਬਜ਼ੀਆਂ ਫ਼ਸਲ ਚੱਕਰਾਂ ਵਿਚ ਮੇਚ ਆ ਜਾਂਦੀਆਂ ਹਨ। ਇਸ ਤਰ੍ਹਾਂ ਪ੍ਰਤੀ ਇਕਾਈ ਸਮੇਂ ਅਤੇ ਥਾਂ ਵਿੱਚੋਂ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ, ਬਹੁ-ਫ਼ਸਲੀ ਪ੍ਰਣਾਲੀ ਅਪਣਾਉਣ ਨਾਲ ਕਿਸਾਨ ਨੂੰ ਹੋਰ ਵੀ ਫ਼ਾਇਦੇ ਹੁੰਦੇ ਹਨ ਜਿਵੇਂ ਕਿ ਪ੍ਰਤੀ ਇਕਾਈ ਖੇਤਰ ਵਿੱਚੋਂ ਵਧੇਰੇ ਆਮਦਨ, ਸਾਰਾ ਸਾਲ ਰੁਜ਼ਗਾਰ ਮਿਲਣਾ, ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਫ਼ਸਲਾਂ ਦੀ ਅਦਲਾ-ਬਦਲੀ ਕਰ ਕੇ ਮਿੱਟੀ ਸਿਹਤ ਬਰਕਰਾਰ ਰਹਿਣਾ, ਕੁਦਰਤੀ ਸੋਮਿਆ ਦੀ ਸੁਚੱਜੀ ਵਰਤੋਂ ਅਤੇ ਸਮੇਂ ਅਤੇ ਸਰਮਾਏ ਦੀ ਸੁਚੱਜੀ ਵਰਤੋਂ ਆਦਿ। ਸਬਜ਼ੀਆਂ ਦੀ ਬਹੁ-ਫ਼ਸਲੀ ਪ੍ਰਣਾਲੀ ਦੀ ਸਫ਼ਲਤਾ ਕਿਸਮਾਂ ਅਤੇ ਦੋਗਲੇ ਬੀਜਾਂ ਦੀ ਚੋਣ, ਬਿਜਾਈ ਦੇ ਢੰਗ, ਸਮੇਂ ਦੀ ਤਰਤੀਬ, ਦੇਸੀ ਅਤੇ ਰਸਾਇਣਕ ਖਾਦਾਂ ਦੀ ਸਰਵਪੱਖੀ ਵਰਤੋਂ, ਪਾਣੀ ਦੀ ਸਹੂਲਤ ਅਤੇ ਸੁਚੱਜੀ ਵਰਤੋਂ, ਨਦੀਨਾਂ, ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਸਹੀ ਰੋਕਥਾਮ ਅਤੇ ਸਮੇਂ ਸਿਰ ਕਟਾਈ, ਫ਼ਸਲੀ ਰਹਿੰਦ-ਖੂੰਹਦ ਦੀ ਸਹੀ ਵਰਤੋਂ ਅਤੇ ਸਬਜ਼ੀਆਂ ਦੇ ਸੁਚੱਜੇ ਮੰਡੀਕਰਨ ’ਤੇ ਨਿਰਭਰ ਕਰਦੀ ਹੈ।
ਸਬਜ਼ੀਆਂ ਦੀ ਬਹੁ-ਫ਼ਸਲੀ ਪ੍ਰਣਾਲੀ ਨੂੰ ਕਾਮਯਾਬ ਕਰਨ ਲਈ ਹੇਠਾਂ ਦੱਸੇ ਨੁਕਤਿਆਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ:
* ਉਹ ਸਬਜ਼ੀਆਂ ਜਿਨ੍ਹਾਂ ਨੂੰ ਇੱਕੋ ਤਰ੍ਹਾਂ ਦੇ ਕੀੜੇ-ਮਕੌੜੇ ਜਾਂ ਬਿਮਾਰੀਆਂ ਲਗਦੀਆਂ ਹਨ ਜਿਵੇਂ ਕਿ ਟਮਾਟਰ ਅਤੇ ਮਿਰਚਾਂ, ਉਨ੍ਹਾਂ ਨੂੰ ਫ਼ਸਲ ਪ੍ਰਣਾਲੀ ਵਿੱਚ ਇਕੱਠਿਆਂ ਜਾਂ ਅੱਗੜ-ਪਿੱਛੜ ਨਹੀਂ ਬੀਜਣਾ ਚਾਹੀਦਾ।
* ਘੱਟ ਡੂੰਘੀਆਂ ਜੜਾਂ ਵਾਲੀਆਂ ਸਬਜ਼ੀਆਂ ਨੂੰ ਡੂੰਘੀਆਂ ਜੜਾਂ ਵਾਲੀਆਂ ਸਬਜ਼ੀਆਂ ਤੋਂ ਬਾਅਦ ਬੀਜਣਾ ਚਾਹੀਦਾ ਹੈ ਤਾਂ ਜੋ ਸਬਜ਼ੀਆਂ ਮਿੱਟੀ ਦੀਆਂ ਸਾਰੀਆਂ ਪਰਤਾਂ ਵਿੱਚੋਂ ਤੱਤ ਲੈ ਸਕਣ।
* ਫ਼ਲੀਦਾਰ ਸਬਜ਼ੀਆਂ ਜਿਵੇਂ ਕਿ ਮਟਰ, ਲੋਬੀਆ ਨੂੰ ਬਹੁ-ਫ਼ਸਲੀ ਪ੍ਰਣਾਲੀ ਵਿੱਚ ਸ਼ਾਮਲ ਕਰਨਾ ਬਹੁਤ ਲਾਹੇਵੰਦ ਰਹਿੰਦਾ ਹੈ ਕਿਉਂਕਿ ਇਹ ਫ਼ਸਲਾਂ ਵਾਯੂਮੰਡਲ ਵਿੱਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿੱਚ ਇਕੱਠੀ ਕਰਦੀਆਂ ਹਨ ਜਿਸ ਦਾ ਲਾਭ ਬਾਅਦ ਵਿੱਚ ਬੀਜੀਆਂ ਜਾਣ ਵਾਲੀਆਂ ਗੈਰ-ਫ਼ਲੀਦਾਰ ਸਬਜ਼ੀਆਂ ਨੂੰ ਹੁੰਦਾ ਹੈ।
ਸਬਜ਼ੀਆਂ ਦੀ ਬਹੁ-ਫ਼ਸਲੀ ਪ੍ਰਣਾਲ਼ੀ ਵਿੱਚ ਵੱਖੋ ਵੱਖਰੇ ਢੰਗ ਜਿਵੇਂ ਕਿ ਫ਼ਸਲੀ ਚੱਕਰ, ਅੱਗੜ-ਪਿੱਛੜ ਜਾਂ ਨਾਲ ਨਾਲ ਫ਼ਸਲ ਪ੍ਰਣਾਲੀ, ਅਟੁੱਟਵੀਂ ਫ਼ਸਲ ਪ੍ਰਣਾਲੀ, ਬਹੁ-ਪਰਤੀ ਪ੍ਰਣਾਲੀਅਤੇ ਅੰਤਰ-ਫ਼ਸਲੀ ਪ੍ਰਣਾਲੀ ਵਰਤੇ ਜਾਂਦੇ ਹਨ।
ਫ਼ਸਲੀ-ਚੱਕਰ: ਇਸ ਪ੍ਰਣਾਲੀ ਵਿੱਚ ਇੱਕ ਤੋਂ ਵੱਧ ਫ਼ਸਲਾਂ ਇੱਕ ਤੋਂ ਬਾਅਦ ਇੱਕ ਕਰ ਕੇ ਜ਼ਮੀਨ ਦੇ ਇੱਕੋ ਟੁਕੜੇ ਉੱਪਰ ਇੱਕਸਾਰ ਸਾਲ ਵਿੱਚ ਉਗਾਈਆਂ ਜਾਂਦੀਆਂ ਹਨ। ਮੰਡੀਕਰਨ ਦੇ ਹਿਸਾਬ ਨਾਲ ਪੀਏਯੂ ਵੱਲੋਂ ਹੇਠ ਲਿਖੇ ਫ਼ਸਲੀ ਚੱਕਰ ਸਿਫ਼ਾਰਸ਼ ਕੀਤੇ ਗਏ ਹਨ:
* ਆਲੂ-ਪਿਆਜ਼-ਹਰੀ ਖਾਦ: (ਸਤੰਬਰ-ਦਸੰਬਰ)-(ਦਸੰਬਰ-ਮਈ)-(ਜੂਨ-ਜੁਲਾਈ)
* ਆਲੂ-ਪਛੇਤੀ ਫੁੱਲ ਗੋਭੀ-ਮਿਰਚ: (ਅਕਤੂਬਰ-ਦਸੰਬਰ)-(ਦਸੰਬਰ-ਮਾਰਚ)-(ਮਾਰਚ-ਅਕਤੂਬਰ)
* ਆਲੂ-ਭਿੰਡੀ-ਅਗੇਤੀ ਫੁੱਲ ਗੋਭੀ: (ਨਵੰਬਰ-ਫ਼ਰਵਰੀ)-(ਮਾਰਚ-ਜੁਲਾਈ)-(ਜੁਲਾਈ-ਅਕਤੂਬਰ)
* ਆਲੂ -ਗਾਜਰ/ਮੂਲੀ (ਬੀਜ ਵਾਸਤੇ)-ਭਿੰਡੀ (ਬੀਜ ਵਾਸਤੇ): (ਅਕਤੂਬਰ-ਜਨਵਰੀ)-(ਜਨਵਰੀ-ਮਈ) (ਜੂਨ-ਅਕਤੂਬਰ)
* ਮਟਰ-ਮਿਰਚ: (ਅਕਤੂਬਰ-ਫਰਵਰੀ)-(ਮਾਰਚ-ਸਤੰਬਰ)
ਨਿਰੰਤਰ ਫ਼ਸਲ ਪ੍ਰਣਾਲੀ: ਇਸ ਤਰੀਕੇ ਨਾਲ ਦੋ ਜਾਂ ਦੋ ਤੋਂ ਵੱਧ ਸਬਜ਼ੀਆਂ ਲਗਾਤਾਰ ਇੱਕ ਤੋਂ ਬਾਅਦ ਇੱਕ ਕਰ ਕੇ ਜ਼ਮੀਨ ਦੇ ਇੱਕੋ ਟੁਕੜੇ ਤੇ ਇੱਕੋ ਸਾਲ ਵਿੱਚ ਉਗਾਈਆਂ ਜਾਂਦੀਆਂ ਹਨ। ਇਸ ਪ੍ਰਣਾਲੀ ਦਾ ਮੁੱਖ ਮੰਤਵ ਇਹ ਹੈ ਕਿ ਚੰਗੀਆਂ ਜ਼ਮੀਨਾਂ ਵਿੱਚੋਂ ਇੱਕ ਸਾਲ ਵੱਧ ਤੋਂ ਵੱਧ ਫ਼ਸਲੀ ਧਨ ਪੈਦਾ ਕੀਤਾ ਜਾ ਸਕੇ। ਇਹ ਪ੍ਰਣਾਲੀ ਆਮ ਤੌਰ ’ਤੇ ਮਾਲੇਰਕੋਟਲਾ ਅਤੇ ਰਾਜ ਦੇ ਮੁੱਖ ਸਬਜ਼ੀ ਉਤਪਾਦਕ ਹਿੱਸਿਆਂ ਵਿੱਚ ਅਪਣਾਈ ਜਾਂਦੀ ਹੈ। ਨਿਰੰਤਰ ਫ਼ਸਲ ਪ੍ਰਣਾਲੀ ਤਹਿਤ ਹੇਠ ਲਿਖੀਆਂ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ:
* ਬੈਂਗਣ (ਲੰਬੇ)-ਪਛੇਤੀ ਫੁੱਲ ਗੋਭੀ-ਘੀਆ ਕੱਦੂ: (ਜੂਨ-ਅਕਤੂਬਰ)-(ਨਵੰਬਰ-ਫਰਵਰੀ)-(ਫਰਵਰੀ-ਜੂਨ) (ਘੀਆ ਕੱਦੂ ਦੀ ਪਨੀਰੀ ਸਰਦੀਆਂ ਵਿੱਚ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ)
* ਫੁੱਲ ਗੋਭੀ-ਟਮਾਟਰ ਨੀਵੀਆਂ ਸੁਰੰਗਾ ਥੱਲੇ-ਭਿੰਡੀ: (ਸਤੰਬਰ-ਨਵੰਬਰ)-(ਦਸੰਬਰ-ਮਈ)-(ਮਈ-ਸਤੰਬਰ)
* ਫੁੱਲਗੋਭੀ-ਪਿਆਜ਼-ਭਿੰਡੀ: (ਅਕਤੂਬਰ-ਜਨਵਰੀ)-(ਜਨਵਰੀ-ਮਈ)-(ਮਈ-ਸਤੰਬਰ) ਨੀਮਾਟੋਡ ਤੋਂ ਪ੍ਰਭਾਵਿਤ ਖੇਤਾਂ ਵਿੱਚ ਇਹ ਫ਼ਸਲੀ ਚੱਕਰ ਅਪਣਾਉ ਜਿਸ ਨਾਲ ਨੀਮਾਟੋਡ ਦੀ ਗਿਣਤੀ ਵਿੱਚ ਵਾਧਾ ਨਹੀਂ ਹੁੰਦਾ।
* ਆਲੂ-ਖਰਬੂਜ਼ਾ-ਮੂਲੀ: (ਸਤੰਬਰ-ਜਨਵਰੀ)-(ਫਰਵਰੀ-ਮਈ)-(ਜੂਨ-ਅਗਸਤ) (ਖਰਬੂਜ਼ੇ ਦੀ ਪਨੀਰੀ ਸਰਦੀਆਂ ਵਿੱਚ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ)
* ਪਾਲਕ-ਗੰਢ ਗੋਭੀ-ਮਿਰਚ: (ਅਗਸਤ-ਅਕਤੂਬਰ)-(ਅਕਤੂਬਰ-ਫਰਵਰੀ)-(ਫਰਵਰੀ-ਅਗਸਤ)
* ਲੋਬੀਆ-ਫੁੱਲ ਗੋਭੀ-ਪਿਆਜ਼: (ਜੂਨ-ਅਕਤੂਬਰ)-(ਅਕਤੂਬਰ-ਜਨਵਰੀ)-(ਜਨਵਰੀ-ਮਈ)
* ਆਲੂ-ਪਿਆਜ਼-ਭਿੰਡੀ: (ਅਕਤੂਬਰ-ਜਨਵਰੀ)-(ਜਨਵਰੀ-ਮਈ)- (ਮਈ- ਅਕਤੂਬਰ)
* ਅਗੇਤੀ ਗੋਭੀ- ਮਟਰ- ਮੂਲੀ: (ਜੁਲਾਈ-ਸਤੰਬਰ)- (ਅਕਤੂਬਰ-ਮਾਰਚ)- (ਅਪਰੈਲ-ਜੂਨ)
* ਬੈਂਗਣ-ਮਟਰ-ਪਾਲਕ: (ਜੂਨ-ਨਵੰਬਰ)-(ਨਵੰਬਰ-ਅਪਰੈਲ)-(ਅਪਰੈਲ-ਜੂਨ)
* ਆਲੂ-ਭਿੰਡੀ-ਅਗੇਤੀ ਫੁੱਲ ਗੋਭੀ: (ਨਵੰਬਰ- ਫ਼ਰਵਰੀ)- (ਮਾਰਚ-ਜੁਲਾਈ)- (ਜੁਲਾਈ-ਸਤੰਬਰ)
ਅਟੁੱਟਵੀਂ ਫ਼ਸਲ ਪ੍ਰਣਾਲੀ: ਇਸ ਪ੍ਰਣਾਲੀ ਤਹਿਤ ਵੱਖ ਵੱਖ ਸਬਜ਼ੀਆਂ ਇੱਕੋ ਸਾਲ ਵਿੱਚ ਇੱਕੋ ਜ਼ਮੀਨ ’ਤੇ ਉਗਾਈਆਂ ਜਾਂਦੀਆਂ ਹਨ ਪਰ ਪਹਿਲੀ ਬੀਜੀ ਹੋਈ ਫ਼ਸਲ ਦੇ ਖ਼ਤਮ ਹੋਣ ਤੋਂ ਪਹਿਲਾਂ ਇਸ ਵਿੱਚ ਅਗਲੀ ਫ਼ਸਲ ਦੀ ਬਿਜਾਈ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਇਸ ਢੰਗ ਨਾਲ ਉਗਾਈਆਂ ਸਬਜ਼ੀਆਂ ਦਾ ਕੁਝ ਸਮਾਂ ਰਲਵੀਂ ਫ਼ਸਲ ਦੇ ਤੌਰ ’ਤੇ ਚਲਦਾ ਹੈ ਅਤੇ ਬਾਕੀ ਇਕਹਿਰੀ ਫ਼ਸਲ ਦੇ ਤੌਰ ’ਤੇ ਚਲਦਾ ਹੈ। ਇਸ ਤਰੀਕੇ ਨਾਲ ਹੇਠ ਲਿਖੀਆਂ ਸਬਜ਼ੀਆਂ ਬੀਜੀਆਂ ਜਾ ਸਕਦੀਆਂ ਹਨ:
* ਖੀਰਾ-ਮਿਰਚ: (ਨਵੰਬਰ-ਮਾਰਚ)- (ਫਰਵਰੀ-ਅਕਤੂਬਰ)
* ਮਿਰਚਾਂ ਦੀ ਪਨੀਰੀ ਫਰਵਰੀ ਵਿੱਚ ਖੀਰੇ ਦੀਆਂ ਵੱਟਾਂ ਤੇ ਲਗਾਈ ਜਾਂਦੀ ਹੈ।
* ਮਟਰ- ਘੀਆ ਕੱਦੂ: (ਨਵੰਬਰ-ਅਪਰੈਲ)- (ਫਰਵਰੀ-ਅਕਤੂਬਰ)
* ਘੀਆ ਕੱਦੂ ਦੀ ਪਨੀਰੀ ਸਰਦੀਆਂ ਵਿੱਚ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ ਅਤੇ ਫਰਵਰੀ ਵਿੱਚ ਮਟਰਾਂ ਵਿੱਚ 2.5 ਮੀਟਰ ਦੀ ਦੂਰੀ ’ਤੇ ਤਿਆਰ ਕੀਤੀਆਂ ਖਾਲੀਆਂ ਦੇ ਦੋਵੇਂ ਪਾਸੇ 45 ਸੈਂਟੀਮੀਟਰ ਦੇ ਫ਼ਾਸਲੇ ’ਤੇ ਲਗਾਈਆਂ ਜਾਂਦੀਆਂ ਹਨ
* ਖੀਰਾ-ਰਾਮ ਤੋਰੀ: (ਨਵੰਬਰ-ਅਪਰੈਲ)- (ਮਾਰਚ-ਅਕਤੂਬਰ)
ਮਾਰਚ ਦੇ ਮਹੀਨੇ ਖੀਰੇ ਵਿੱਚ 3 ਮੀਟਰ ਦੀ ਦੂਰੀ ’ਤੇ ਤਿਆਰ ਕੀਤੀਆਂ ਖਾਲੀਆਂ ਦੇ ਦੋਵੇਂ ਪਾਸੇ ਲਾਓ।
ਬਹੁ-ਪਰਤੀ ਪ੍ਰਣਾਲੀ: ਬਹੁ-ਪਰਤੀ ਪ੍ਰਣਾਲੀ ਸਥਾਨ ਅਤੇ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਢੁੱਕਵੀਆਂ ਫ਼ਸਲਾਂ ਅਪਣਾ ਕੇ ਮੌਜੂਦ ਜ਼ਮੀਨ ’ਤੇ ਵੱਧ ਤੋਂ ਵੱਧ ਫ਼ਸਲਾਂ ਉਗਾਉਣ ਨੂੰ ਯਕੀਨੀ ਬਣਾਉਂਦੀ ਹੈ। ਇਸ ਤਕਨੀਕ ਤਹਿਤ ਫ਼ਸਲਾਂ ਦੀ ਚੋਣ ਅਤੇ ਬਿਜਾਈ ਦਾ ਮੁੱਖ ਰੋਲ ਹੁੰਦਾ ਹੈ। ਬਹੁ-ਪੱਧਰੀ ਪ੍ਰਣਾਲੀ ਅਧੀਨ ਪਹਿਲੇ ਪੱਧਰ ਵਿੱਚ ਉਹ ਫ਼ਸਲਾਂ ਆਉਂਦੀਆਂ ਹਨ ਜਿਨ੍ਹਾਂ ਦੀ ਕਾਸ਼ਤ ਧਰਤੀ ਦੇ ਹੇਠਾਂ ਹੁੰਦੀ ਹੈ। ਇਨ੍ਹਾਂ ਵਿੱਚ ਜੜਾਂ ਅਤੇ ਤਣੇ ਵਾਲੀਆਂ ਸਬਜ਼ੀਆਂ ਹੁੰਦੀਆਂ ਹਨ। ਦੂਜੇ ਪੱਧਰ ਤੇ ਉਹ ਸਬਜ਼ੀਆਂ ਆਉਂਦੀਆਂ ਹਨ ਜਿਨ੍ਹਾਂ ਨੂੰ ਜ਼ਮੀਨ ਦੇ ਪੱਧਰ ਦੇ ਨਾਲ ਉਗਾਇਆ ਜਾਂਦਾ ਹੈ। ਇਸ ਵਿੱਚ ਵੱਖ-ਵੱਖ ਕਿਸਮ ਦੀਆਂ ਪੱਤੇਦਾਰ ਅਤੇ ਫ਼ਲਦਾਰ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ। ਬਹੁ-ਪੱਧਰੀ ਪ੍ਰਣਾਲੀ ਦੇ ਤੀਜੇ ਪੱਧਰ ਵਿੱਚ ਵੇਲਾਂ ਵਾਲੀਆਂ ਸਬਜ਼ੀਆਂ ਆਉਂਦੀਆਂ ਹਨ ਜਿਨ੍ਹਾਂ ਨੂੰ ਬਾਂਸ ਜਾਂ ਲੋਹੇ ਦੇ ਖੰਭੇ ਉੱਪਰ (ਜੋ ਕਿ ਆਮ ਤੌਰ ’ਤੇ ਜ਼ਮੀਨ ਤੋਂ ਲਗਪਗ 8 ਫੁੱਟ ਲੰਬਾ) ਚੜ੍ਹਾਇਆ ਜਾਂਦਾ ਹੈ। ਸਬਜ਼ੀਆਂ ਬੀਜਣ ਦੀ ਇਹ ਤਕਨੀਕ ਖੇਤੀ ਖ਼ਰਚਿਆਂ ਨੂੰ ਘਟਾਉਂਦੀ ਹੋਈ ਬਿਜਾਈ ਦਾ ਕੁੱਲ ਰਕਬਾ ਵਧਾ ਦਿੰਦੀ ਹੈ ਅਤੇ ਕੁਦਰਤੀ ਸਰੋਤਾਂ ਦੀ ਘੱਟ ਵਰਤੋਂ ਕਰਦੇ ਹੋਏ ਵਧੇਰੇ ਝਾੜ ਦਿੰਦੀ ਹੈ। ਇਸ ਤੋਂ ਇਲਾਵਾ, ਇਹ ਤਕਨੀਕ ਜ਼ਮੀਨ ਵਿੱਚ ਜੈਵਿਕ ਖ਼ੁਰਾਕੀ ਤੱਤਾਂ ਨੂੰ ਸ਼ਾਮਲ ਕਰ ਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿੱਚ ਵੀ ਮਦਦ ਕਰਦੀ ਹੈ। ਇਸ ਤਰੀਕੇ ਨਾਲ ਹੇਠ ਲਿਖੀਆਂ ਸਬਜ਼ੀਆਂ ਬੀਜੀਆਂ ਜਾ ਸਕਦੀਆਂ ਹਨ:
* ਵੇਲਾਂ ਵਾਲੀਆਂ ਸਬਜ਼ੀਆਂ ਪਿਆਜ਼/ਲਸਣ ਧਨੀਆ
* ਵੇਲਾਂ ਵਾਲੀਆਂ ਸਬਜ਼ੀਆਂ ਭਿੰਡੀ ਪਿਆਜ਼
* ਵੇਲਾਂ ਵਾਲੀਆਂ ਸਬਜ਼ੀਆਂ ਮਿਰਚ ਪਿਆਜ਼
* ਵੇਲਾਂ ਵਾਲੀਆਂ ਸਬਜ਼ੀਆਂ ਪਾਲਕ/ਮੇਥੇ ਗਾਜਰ/ਮੂਲੀ
* ਮਟਰ ਆਲੂ ਮਿਰਚ
ਰਲਵੀਂ ਫ਼ਸਲ ਪ੍ਰਣਾਲੀ: ਇਸ ਪ੍ਰਣਾਲੀ ਵਿੱਚ ਦੋ ਜਾਂ ਦੋ ਤੋਂ ਵੱਧ ਸਬਜ਼ੀਆਂ ਇੱਕੋ ਜ਼ਮੀਨ ਤੇ ਥੋੜ੍ਹੇ ਸਮੇਂ ਦੇ ਵਕਫ਼ੇ ’ਤੇ ਵੱਖੋ ਵੱਖ ਕਤਾਰਾਂ ਵਿੱਚ ਬੀਜੀਆਂ ਜਾਂਦੀਆਂ ਹਨ। ਇਸ ਪ੍ਰਣਾਲੀ ਵਿੱਚ ਫ਼ਸਲਾਂ ਦੀ ਚੋਣ ਕਰਨ ਸਮੇਂ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਦੋਵਾਂ ਫ਼ਸਲਾਂ ਦੇ ਵਾਧੇ ਵਿਕਾਸ ਦੇ ਗੁਣ ਆਪਸ ਵਿੱਚ ਮੇਲ ਨਾ ਖਾਂਦੇ ਹੋਣ। ਇਸ ਲਈ ਇਸ ਪ੍ਰਣਾਲੀ ਵਿੱਚ ਤੇਜ਼ ਵਾਧੇ ਵਾਲੀਆਂ ਫ਼ਸਲਾਂ ਨਾਲ ਹੌਲੀ ਵਾਧੇ ਵਾਲੀਆਂ ਫ਼ਸਲਾਂ, ਡੂੰਘੀਆਂ ਜੜਾਂ ਵਾਲੀਆਂ ਫ਼ਸਲਾਂ ਨਾਲ ਹੋਛੀਆਂ ਜੜਾਂ ਵਾਲੀਆਂ ਫ਼ਸਲਾਂ, ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀਆਂ ਫ਼ਸਲਾਂ ਨਾਲ ਵੱਧ ਸਮੇਂ ਵਿੱਚ ਪੱਕਣ ਵਾਲੀਆਂ ਫ਼ਸਲਾਂ ਅਤੇ ਫ਼ਲੀਦਾਰ ਫ਼ਸਲਾਂ ਨਾਲ ਗ਼ੈਰ-ਫ਼ਲੀਦਾਰ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਚੋਣ ਕੀਤੀਆਂ ਜਾਣ ਵਾਲੀਆਂ ਸਾਰੀਆਂ ਫ਼ਸਲਾਂ ਇੱਕੋ ਜਾਤੀ ਨਾਲ ਸਬੰਧਿਤ ਨਹੀਂ ਹੋਣੀਆਂ ਚਾਹੀਦੀਆਂ। ਇਸ ਪ੍ਰਣਾਲ਼ੀ ਤਹਿਤ ਮੁੱਖ ਤੌਰ ’ਤੇ ਹੇਠ ਲਿਖੀਆਂ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ:
ਇਹ ਫ਼ਸਲਾਂ ਇੱਕੋ ਸਮੇਂ ਵੀ ਬੀਜੀਆਂ ਜਾ ਸਕਦੀਆਂ ਹਨ
* ਖੀਰਾ-ਸ਼ਿਮਲਾ ਮਿਰਚ: (ਨਵੰਬਰ ਦੇ ਅਖੀਰਲੇ ਹਫ਼ਤੇ)- ਦਸੰਬਰ ਦੇ ਪਹਿਲੇ ਹਫ਼ਤੇ
* ਖੀਰਾ-ਕਰੇਲਾ: ਦੋਵੇਂ ਫ਼ਸਲਾਂ ਨਵੰਬਰ ਦੇ ਅਖੀਰ ਵਿੱਚ ਬੀਜੀਆਂ ਜਾਂਦੀਆਂ ਹਨ
* ਖੀਰਾ-ਮਿਰਚ: ਦੋਵੇਂ ਫ਼ਸਲਾਂ ਨਵੰਬਰ ਦੇ ਅਖੀਰ ਵਿੱਚ ਬੀਜੀਆਂ ਜਾਂਦੀਆਂ ਹਨ
* ਖੀਰਾ-ਕਰੇਲਾ-ਸ਼ਿਮਲਾ ਮਿਰਚ: ਤਿੰਨੇ ਫ਼ਸਲਾਂ ਨਵੰਬਰ ਦੇ ਅਖੀਰ ਵਿੱਚ ਬੀਜੀਆਂ ਜਾਂਦੀਆਂ ਹਨ
* ਮਿਰਚ-ਧਨੀਆਂ: ਮਿਰਚ ਨੂੰ ਪਟੜੇ ਦੇ ਵਿਚਕਾਰ ਲਾ ਕੇ ਪਟੜੇ ਦੇ ਦੋਵੇਂ ਪਾਸੇ ਧਨੀਏ ਦੀਆਂ ਦੋ-ਦੋ ਕਤਾਰਾਂ ਲਾਈਆਂ ਜਾਂਦੀਆਂ ਹਨ।
ਇਸੇ ਤਰ੍ਹਾਂ ਲਸਣ, ਮਟਰ, ਲੋਬੀਆ ਅਤੇ ਬੰਦ ਗੋਭੀ ਦੀ ਕਾਸ਼ਤ ਗੰਨੇ ਦੀ ਲੰਬੇ ਸਮੇਂ ਵਾਲੀ ਫ਼ਸਲ ਵਿੱਚ ਵੀ ਰਲਵੀਂ ਫ਼ਸਲ ਵਜੋਂ ਕੀਤੀ ਜਾ ਸਕਦੀ ਹੈ। ਇਸ ਤਰੀਕੇ ਨਾਲ ਗੰਨੇ ਦੀ ਨਿਵੇਕਲੀ ਫ਼ਸਲ ਨਾਲੋਂ ਵੱਧ ਆਮਦਨ ਲਈ ਜਾ ਸਕਦੀ ਹੈ।
*ਫਾਰਮ ਸਲਾਹਕਾਰ ਸੇਵਾ ਕੇਂਦਰ, ਫ਼ਰੀਦਕੋਟ।
ਸੰਪਰਕ: 82848-00299