ਪੋਹ, ਤਵਾ ਲਾਹ ਤੇ ਤੌੜੀ ਧੋ
ਜੋਗਿੰਦਰ ਕੌਰ ਅਗਨੀਹੋਤਰੀ
ਸਮੇਂ ਦਾ ਚੱਕਰ ਘੁੰਮਦਾ ਆ ਰਿਹਾ ਹੈ। ਇਹ ਕਿਤੇ ਵੀ ਨਹੀਂ ਰੁਕਦਾ। ਰੁੱਤਾਂ ਬਦਲਦੀਆਂ ਰਹਿੰਦੀਆਂ ਹਨ। ਦਿਨ ਕਦੇ ਵੱਡੇ ਹੁੰਦੇ ਹਨ ਅਤੇ ਕਦੇ ਛੋਟੇ। ਇਸ ਤਰ੍ਹਾਂ ਰੁੱਤਾਂ ਵੀ ਆਪਣੇ ਆਪਣੇ ਸਮੇਂ ’ਤੇ ਆ ਜਾਂਦੀਆਂ ਹਨ। ਸਾਲ ਵਿੱਚ ਛੇ ਰੁੱਤਾਂ ਆਉਂਦੀਆਂ ਹਨ। ਸਰਦੀ, ਪਤਝੜ, ਬਸੰਤ, ਗਰਮੀ, ਬਰਸਾਤ ਤੇ ਹੇਮੰਤ ਰੁੱਤ। ਇਨ੍ਹਾਂ ਰੁੱਤਾਂ ਦਾ ਆਨੰਦ ਮਾਣਨ ਲਈ ਮਨੁੱਖ ਦੇ ਸਭ ਤਰੀਕੇ ਸਫਲ ਹੋਏ ਹਨ। ਉਸ ਨੇ ਹਰ ਰੁੱਤ ਦੇ ਖਾਣ-ਪੀਣ ਤੇ ਰਹਿਣ-ਸਹਿਣ ਤੋਂ ਇਲਾਵਾ ਮੌਸਮ ਅਨੁਸਾਰ ਆਪਣਾ ਪਹਿਰਾਵਾ ਵੀ ਤਿਆਰ ਕੀਤਾ ਹੈ। ਸਰਦੀ ਨੂੰ ਮਾਣਨ ਲਈ ਰਜਾਈਆਂ ਗੱਦਿਆਂ ਦੀ ਕਾਢ ਕੱਢੀ ਤੇ ਗਰਮੀ ਨੂੰ ਮਾਣਨ ਲਈ ਦਰੀਆਂ ਖੇਸ ਆਦਿ ਤਿਆਰ ਕੀਤੇ। ਇਸ ਤਰ੍ਹਾਂ ਮੌਸਮ ਦੇ ਹਿਸਾਬ ਨਾਲ ਹੀ ਉਸ ਨੇ ਖਾਣ ਪੀਣ ਦਾ ਪ੍ਰਬੰਧ ਕੀਤਾ।
ਸਰਦੀ ਦੀ ਰੁੱਤ ਵਿੱਚ ਪੋਹ ਦੇ ਮਹੀਨੇ ਨੂੰ ਜ਼ਿਆਦਾ ਠੰਢਾ ਮੰਨਿਆ ਜਾਂਦਾ ਹੈ। ਇਸ ਮਹੀਨੇ ਦਿਨ ਛੋਟੇ ਹੁੰਦੇ ਹਨ। ਦੇਸੀ ਮਹੀਨੇ ਮੁਤਾਬਿਕ ਅੱਠ ਪੋਹ ਤੱਕ ਦਿਨ ਘਟਦੇ ਹਨ। ਨੌਂ ਪੋਹ ਨੂੰ ਦਿਨ ਖੜ੍ਹ ਜਾਂਦਾ ਹੈ ਤੇ ਦਸ ਪੋਹ ਤੋਂ ਦਿਨ ਵਧਣੇ ਸ਼ੁਰੂ ਹੋ ਜਾਂਦੇ ਹਨ। ਅੰਗਰੇਜ਼ੀ ਮਹੀਨੇ ਯਾਨੀ ਦਸੰਬਰ ਦੀ 25 ਤਰੀਕ ਨੂੰ ਕ੍ਰਿਸਮਿਸ ਦੇ ਦਿਨ ਨੂੰ ਵੀ ਵੱਡਾ ਮੰਨਿਆ ਜਾਂਦਾ ਹੈ ਕਿਉਂਕਿ ਉਸ ਦਿਨ ਤੋਂ ਦਿਨ ਵਧਣੇ ਸ਼ੁਰੂ ਹੋ ਜਾਂਦੇ ਹਨ। ਦੇਸੀ ਮਹੀਨਿਆਂ ਵਿੱਚ ਦਿਨਾਂ ਦੇ ਵੱਧ ਘੱਟ ਹੋਣ ਨਾਲ ਵੀ ਸਹੀ ਦਿਨ ਦਾ ਕਦੇ ਕਦੇ ਮੇਲ ਨਹੀਂ ਖਾਂਦਾ।
ਇਸ ਪਦਾਰਥ ਨੂੰ ਸਾਰਾ ਪਰਿਵਾਰ ਤਿਉੜ (ਗਾੜ੍ਹੀ ਲੱਸੀ ਵਿੱਚ ਸੱਜਰੇ ਦੁੱਧ ਦੀਆਂ ਧਾਰਾਂ) ਨਾਲ ਖਾਂਦਾ। ਇਹ ਖਿਚੜੀ ਦੁੱਧ, ਦਹੀਂ, ਮੱਖਣ ਤੇ ਘਿਓ ਪਾ ਕੇ ਵੀ ਖਾਧੀ ਜਾਂਦੀ ਹੈ। ਪੋਹ ਦਾ ਮਹੀਨਾ ਠੰਢਾ ਹੈ, ਦਿਨ ਛੋਟੇ ਹਨ, ਪਰ ਫੇਰ ਵੀ ਇਸ ਠੁਰ ਠੁਰ ਕਰਾਉਂਦੀ ਸਰਦੀ ਦਾ ਆਨੰਦ ਹੀ ਵੱਖਰਾ ਹੈ। ਪੋਹ ਦੇ ਮਹੀਨੇ ਵਿੱਚ ਮੂੰਗਫਲੀ, ਰਿਉੜੀਆਂ, ਤਿਲਕੁਟਾ, (ਤਿਲ ਤੇ ਗੁੜ ਨੂੰ ਮਿਲਾ ਕੇ ਕੁੱਟਣਾ। ਇਸ ਨੂੰ ਭੁੱਗਾ ਵੀ ਕਿਹਾ ਜਾਂਦਾ ਹੈ।) ਆਦਿ ਖਾਧੇ ਜਾਂਦੇ ਹਨ। ਬਦਾਮ, ਕਾਜੂ , ਅਖਰੋਟ, ਦਾਖਾਂ ਅਤੇ ਛੁਹਾਰੇ ਵੀ ਖਾਧੇ ਜਾਂਦੇ ਹਨ। ਭਿੰਨ ਭਿੰਨ ਪ੍ਰਕਾਰ ਦੇ ਸੁੱਕੇ ਮੇਵੇ ਪਾ ਕੇ ਪੰਜੀਰੀ ਰਲਾ ਕੇ ਖਾਧੀ ਜਾਂਦੀ ਹੈ। ਖੋਏ ਦੀਆਂ ਪਿੰਨੀਆਂ ਵੀ ਬਣਾਈਆਂ ਜਾਂਦੀਆਂ ਹਨ। ਇਹ ਸਭ ਚੀਜ਼ਾਂ ਸਰੀਰ ਨੂੰ ਗਰਮ ਰੱਖਦੀਆਂ ਹਨ। ਇਸ ਲਈ ਕਿਹਾ ਗਿਆ ਹੈ:
ਜਿਨ੍ਹਾਂ ਨੇ ਖਾਧਾ ਰੱਜ ਕੇ ਪੋਹ
ਸਦਾ ਰਹਿਣਗੇ ਉਹ ਅਰੋਗ।
ਪੋਹ ਦੇ ਮਹੀਨੇ ਵਿੱਚ ਮੱਕੀ, ਬਾਜਰੇ ਦੀ ਰੋਟੀ ਖਾਣ ਦਾ ਸਵਾਦ ਹੀ ਨਿਰਾਲਾ ਹੈ। ਸਰ੍ਹੋਂ ਦੇ ਸਾਗ ਨੂੰ ਬਣਾਉਣ ਲਈ ਕਾਫ਼ੀ ਸਮਾਂ ਲੱਗਦਾ ਹੈ। ਮਿੱਟੀ ਦੇ ਕੁੱਜੇ ਵਿੱਚ ਬਣਿਆ ਸਾਗ ਬਹੁਤ ਸਵਾਦ ਹੁੰਦਾ ਹੈ। ਮਿੱਟੀ ਦੇ ਕੁੱਜੇ ਨੂੰ ਤਪਲਾ ਵੀ ਕਹਿੰਦੇ ਹਨ। ਸੁੱਘੜ ਸਿਆਣੀ ਔਰਤ ਮਿੱਟੀ ਦੇ ਕੁੱਜੇ ਨੂੰ ਅੱਗ ’ਤੇ ਰੱਖਣ ਤੋਂ ਪਹਿਲਾਂ ਉਸ ਦੇ ਲਿਉ ਲਾਉਂਦੀਆਂ ਹਨ। ਜਿਸ ਕਰਕੇ ਇਹ ਮਿੱਟੀ ਦਾ ਭਾਂਡਾ ਮਚਦੀ ਹੋਈ ਤੇਜ਼ ਅੱਗ ਦੀ ਝਾਲ ਝੱਲ ਜਾਂਦਾ ਹੈ ਤੇ ਟੁੱਟਦਾ ਫੁੱਟਦਾ ਨਹੀਂ। ਇਸ ਤੋਂ ਇਲਾਵਾ ਦੂਜੇ ਨੰਬਰ ’ਤੇ ਭਰਤ (ਸੱਤ ਧਾਤਾਂ ਦੇ ਮਿਸ਼ਰਣ ਤੋਂ ਬਣਿਆ) ਦਾ ਪਤੀਲਾ ਆਉਂਦਾ ਹੈ। ਬਾਕੀ ਸਭ ਸਾਧਨ ਮਜਬੂਰੀ ਦੀ ਭੇਂਟ ਚੜ੍ਹ ਜਾਂਦੇ ਹਨ। ਸਾਗ ਬਣਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਪਹਿਲਾਂ ਸਾਗ ਤੋੜ ਕੇ ਲਿਆਉਣਾ ਪੈਂਦਾ ਹੈ। ਫਿਰ ਉਸ ਨੂੰ ਛਾਂਟ ਕੇ ਦਾਤ ਨਾਲ ਚੀਰਿਆ ਜਾਂਦਾ ਹੈ। ਉਂਜ ਅੱਜਕੱਲ੍ਹ ਸਾਗ ਚੀਰਨ ਵਾਲੀਆਂ ਮਸ਼ੀਨਾਂ ਵੀ ਆ ਗਈਆਂ ਹਨ। ਇਸ ਸਰ੍ਹੋਂ ਦੇ ਸਾਗ ਵਿੱਚ ਪਾਲਕ, ਮੇਥੇ, ਬਾਥੂ ਆਦਿ ਵੀ ਚੀਰ ਕੇ ਪਾਏ ਜਾਂਦੇ ਹਨ। ਇਹ ਵਸਤਾਂ ਸਾਗ ਨੂੰ ਮੁਲਾਇਮ ਤੇ ਸਵਾਦ ਬਣਾਉਂਦੀਆਂ ਹਨ। ਇਸ ਵਿੱਚ ਅਜਿਹੇ ਤੱਤ ਵੀ ਹੁੰਦੇ ਹਨ ਜੋ ਅਨੇਕਾਂ ਬਿਮਾਰੀਆਂ ਨੂੰ ਦੂਰ ਕਰਦੇ ਹਨ। ਇਸ ਵਿੱਚ ਮੋਠਾਂ ਦਾ ਆਲਣ ਵੀ ਪਾਇਆ ਜਾਂਦਾ ਹੈ। ਰਿੱਝ ਰਹੇ ਸਾਗ ਵਿੱਚ ਲਸਣ, ਅਦਰਕ ਅਤੇ ਚਿੱਬੜ ਵੀ ਕੱਟ ਕੇ ਪਾਏ ਜਾਂਦੇ ਹਨ। ਇਸ ਨੂੰ ਸਾਢੇ ਤਿੰਨ ਘੰਟੇ ਲਗਾਤਾਰ ਰਿੰਨ੍ਹਿਆ ਜਾਂਦਾ ਹੈ। ਸਾਗ ਰਿੰਨ੍ਹਣ ਲਈ ਬਹੁਤ ਜ਼ਿਆਦਾ ਬਾਲਣ ਲੱਗਦਾ ਹੈ। ਉਸ ਤੋਂ ਇਸ ਵਿੱਚ ਮਿਰਚਾਂ ਤੇ ਨਮਕ ਰਗੜ ਕੇ ਪਾਇਆ ਜਾਂਦਾ ਹੈ। ਇਸ ਤੋਂ ਪਿੱਛੋਂ ਇਸ ਨੂੰ ਕੁੱਝ ਚਿਰ ਰਿੱਝਣ ਤੋਂ ਬਾਅਦ ਮੱਕੀ ਦਾ ਆਟਾ ਜਾਂ ਬਾਜਰੇ ਦਾ ਆਟਾ ਜਾਂ ਬੇਸਣ ਪਾ ਕੇ ਘੋਟਣੇ ਨਾਲ ਘੋਟਿਆ ਜਾਂਦਾ ਹੈ।
ਸਾਗ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਕੋਮਲ ਗੰਦਲਾਂ ਦਾ ਸਾਗ ਤੋੜਿਆ ਜਾਂਦਾ ਹੈ। ਕਈ ਵਾਰ ਜਦੋਂ ਕੋਈ ਪਤਲਾ ਤੇ ਨਰਮ ਜਿਹੀ ਕੁੜੀ ਸਾਗ ਤੋੜਦੀ ਹੈ ਤਾਂ ਉਸ ਵੱਲ ਇਸ਼ਾਰਾ ਕਰਕੇ ਇਹ ਵੀ ਕਿਹਾ ਜਾਂਦਾ ਹੈ:
ਗੰਦਲ ਵਰਗੀ ਕੁੜੀ ਗੰਦਲਾਂ ਤੋੜਦੀ ਫਿਰੇ।
ਖੇਤਾਂ ਵਿੱਚੋਂ ਸਾਗ ਲਿਆਉਣ ਵੇਲੇ ਕੁੜੀਆਂ ਇਕੱਠੀਆਂ ਹੋ ਕੇ ਤੁਰਦੀਆਂ ਤੇ ਨਾਲ ਆਪਣੇ ਮਨ ਦੇ ਭਾਵਾਂ ਨੂੰ ਇੱਕ ਦੂਜੇ ਨਾਲ ਸਾਂਝੇ ਕਰਦੀਆਂ ਤੇ ਇਹ ਭਾਵ ਲੋਕ ਗੀਤਾਂ ਦਾ ਰੂਪ ਧਾਰਨ ਕਰ ਜਾਂਦੇ:
ਲੈ ਪੋਣਾ ਕੁੜੀ ਚੱਲੀ ਸਾਗ ਨੂੰ
ਖੜ੍ਹੀ ਉਡੀਕੇ ਸਾਥਣ ਨੂੰ
ਕੱਚੀ ਕੈਲ ਮਰੋੜੇ ਦਾਤਣ ਨੂੰ।
ਸਿਆਣਿਆਂ ਦੇ ਕਥਨ ਅਨੁਸਾਰ ਪੋਹ ਦਾ ਮਹੀਨਾ ਮੈਲਾ ਹੁੰਦਾ ਹੈ। ਇਸ ਮਹੀਨੇ ਵਿੱਚ ਵਿਆਹ ਨਹੀਂ ਕੀਤੇ ਜਾਂਦੇ। ਬੇਸ਼ੱਕ ਅਜਿਹੇ ਵਹਿਮਾਂ ਨੂੰ ਅਗਾਂਹਵਧੂ ਸੋਚ ਦੇ ਲੋਕ ਨਹੀਂ ਮੰਨਦੇ ਤੇ ਉਹ ਇਨ੍ਹਾਂ ਦਿਨਾਂ ਵਿੱਚ ਵਿਆਹ ਰੱਖ ਲੈਂਦੇ ਹਨ। ਜੇ ਗ਼ੌਰ ਨਾਲ ਦੇਖਿਆ ਜਾਵੇ ਤਾਂ ਪੋਹ ਦਾ ਮੈਲਾ ਹੋਣਾ ਸਿਰਫ਼ ਇਸ ਲਈ ਹੈ ਕਿ ਦਿਨ ਛੋਟੇ ਹੁੰਦੇ ਹਨ ਤੇ ਸੂਰਜ ਜਲਦੀ ਛਿਪ ਜਾਂਦਾ। ਦਿਨ ਵੇਲੇ ਕਰਨ ਵਾਲੇ ਕੰਮਾਂ ਨੂੰ ਰਾਤ ਨੂੰ ਨਹੀਂ ਕੀਤਾ ਜਾ ਸਕਦਾ। ਇਸ ਵਿੱਚ ਹੋਰ ਵੀ ਸਮੱਸਿਆਵਾਂ ਹੁੰਦੀਆਂ ਸਨ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਘਰ ਛੋਟੇ ਹੁੰਦੇ ਸਨ ਤੇ ਸਾਰਿਆਂ ਨੂੰ ਠੰਢ ਤੋਂ ਬਚਾਉਣ ਲਈ ਕਮਰਿਆਂ ਦੀ ਘਾਟ ਹੁੰਦੀ ਸੀ। ਦੂਜੇ ਨੰਬਰ ’ਤੇ ਬਿਸਤਰਿਆਂ ਦੀ ਕਮੀ। ਪਾਉਣ ਵਾਲੇ ਕੱਪੜਿਆਂ ਦੀ ਕਮੀ। ਇਹ ਉਸ ਸਮੇਂ ਦੇ ਲੋਕਾਂ ਦੀ ਮਜਬੂਰੀ ਸੀ। ਉਸ ਸਮੇਂ ਬਰਾਤ ਦੇ ਠਹਿਰਨ ਦਾ ਪ੍ਰਬੰਧ ਪਿੰਡ ਦੀ ਸਾਂਝੀ ਥਾਂ ਹਥਾਈ ਜਾਂ ਕਿਸੇ ਧਰਮਸ਼ਾਲਾ ਵਿੱਚ ਹੁੰਦਾ ਸੀ। ਹੋਰ ਨਹੀਂ ਤਾਂ ਜੇਕਰ ਪਿੰਡ ਵਿੱਚ ਕੋਈ ਸਕੂਲ ਹੁੰਦਾ ਤਾਂ ਉੱਥੇ ਵੀ ਇਹ ਪ੍ਰਬੰਧ ਕੀਤਾ ਜਾਂਦਾ। ਅੱਜ ਵਾਂਗ ਮੈਰਿਜ ਪੈਲੇਸ ਵਿੱਚੋਂ ਹੀ ਲੜਕੀ ਨੂੰ ਵਿਦਾ ਨਹੀਂ ਕੀਤਾ ਜਾਂਦਾ ਸੀ। ਘਰ ਵਿੱਚ ਆਏ ਮੇਲ ਲਈ ਤੇ ਬਰਾਤੀਆਂ ਵਾਸਤੇ ਪਿੰਡ ਵਿੱਚੋਂ ਮੰਜੇ ਬਿਸਤਰੇ ਇਕੱਠੇ ਕੀਤੇ ਜਾਂਦੇ ਸਨ। ਇਨ੍ਹਾਂ ਸਮੱਸਿਆਵਾਂ ਕਰਕੇ ਹੀ ਪੋਹ ਨੂੰ ਮੈਲਾ ਮੰਨਣ ਦਾ ਵਿਚਾਰ ਰੱਖ ਲਿਆ।
ਪੋਹ ਦੇ ਮਹੀਨੇ ਨੂੰ ਇਸ ਕਰਕੇ ਵੀ ਵਿਲੱਖਣ ਮੰਨਿਆ ਜਾਂਦਾ ਹੈ ਕਿ ਪੋਹ ਦੇ ਅਖੀਰਲੇ ਦਿਨ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪੋਹ ਦਾ ਮਹੀਨਾ ਉਣੱਤੀ ਦਿਨਾਂ ਦਾ ਵੀ ਹੁੰਦਾ ਹੈ ਤੇ ਕਈ ਵਾਰ ਇਹ ਤੀਹ ਦਿਨਾਂ ਦਾ ਵੀ ਹੁੰਦਾ ਹੈ। ਲੋਹੜੀ ਦਾ ਤਿਉਹਾਰ ਭਾਰਤੀ ਸੰਸਕ੍ਰਿਤੀ ਦਾ ਮਹੱਤਵਪੂਰਨ ਤਿਉਹਾਰ ਹੈ। ਲੋਹੜੀ ਵਾਲੇ ਦਿਨ ਧੂਣੀ ਪਾਉਣ ਦਾ ਮੁੱਖ ਮੰਤਵ ਇਹੀ ਹੈ ਕਿ ਸਰਦੀ ਖ਼ਤਮ ਹੋ ਰਹੀ ਹੈ। ਉਂਜ ਵੀ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਲੋਹੜੀ ਨੇ ਪਿੱਠ ਦਿੱਤੀ ਤੇ ਪਾਲਾ ਗਿਆ। ਇਸ ਲਈ ਲੋਹੜੀ ਵਾਲੇ ਦਿਨ ਸਾਗ ਜਾਂ ਖਿਚੜੀ ਵੀ ਬਣਾਈ ਜਾਂਦੀ ਹੈ ਤੇ ਅਗਲੇ ਦਿਨ ਖਾਧੀ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪੋਹ ਰਿੱਧੀ ਮਾਘ ਖਾਧੀ। ਲੋਹੜੀ ਵਾਲੇ ਦਿਨ ਧੂਣੀ ’ਤੇ ਕਾਲੇ ਜਾਂ ਚਿੱਟੇ ਤਿਲ਼ ਪਾ ਕੇ ਕਿਹਾ ਜਾਂਦਾ ਹੈ:
ਈਸ਼ਰ ਆਏ ਦਲਿੱਦਰ ਜਾਏ
ਦਲਿੱਦਰ ਦੀ ਜੜ ਚੁੱਲ੍ਹੇ ਪਾਏ।
ਸੰਪਰਕ: 94178-40323