For the best experience, open
https://m.punjabitribuneonline.com
on your mobile browser.
Advertisement

ਪੰਜਾਬ ਉਰਦੂ ਅਕਾਦਮੀ ਵੱਲੋਂ ਸ਼ਾਇਰਾਂ ਦਾ ਸਨਮਾਨ

10:17 AM Feb 26, 2024 IST
ਪੰਜਾਬ ਉਰਦੂ ਅਕਾਦਮੀ ਵੱਲੋਂ ਸ਼ਾਇਰਾਂ ਦਾ ਸਨਮਾਨ
ਸ਼ਾਇਰ ਕਰਨੈਲ ਸਿੰਘ ਦਾ ਸਨਮਾਨ ਕਰਦੇ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾਂ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 25 ਫਰਵਰੀ
ਪੰਜਾਬ ਉਰਦੂ ਅਕਾਦਮੀ ਵੱਲੋਂ ਸਾਲਾਨਾ ਇਨਾਮ ਵੰਡ ਸਮਾਗਮ ਤੇ ਅਕਾਦਮੀ ਦੀਆਂ ਪ੍ਰਕਾਸ਼ਿਤ ਪੁਸਤਕਾਂ ਦੀ ਮੁੱਖ ਵਿਖਾਈ ਲਈ ਸਮਾਗਮ ਕਰਵਾਇਆ ਗਿਆ। ਅਕਾਦਮੀ ਦੇ ਸਕੱਤਰ ਡਾ. ਰਣਜੋਧ ਸਿੰਘ ਦੀ ਦੇਖ-ਰੇਖ ਹੇਠ ਅਕਾਦਮੀ ਦੇ ਵਾਈਸ ਚੇਅਰਮੈਨ ਅਤੇ ਵਿਧਾਇਕ ਮਾਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੀ ਪ੍ਰਧਾਨਗੀ ’ਚ ਸਮਾਗਮ ਹੋਇਆ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਮੁੱਖ ਮਹਿਮਾਨ ਸ੍ਰੀ ਸੰਧਵਾਂ ਅਤੇ ਹੋਰਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਪੰਜਾਬ ਸਰਕਾਰ ਉਰਦੂ ਭਾਸ਼ਾ ਦੇ ਪ੍ਰਸਾਰ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਵਿੱਤੀ ਸਾਲ ਦੌਰਾਨ ਪੰਜਾਬ ਉਰਦੂ ਅਕਾਦਮੀ ਅਤੇ ਉਰਦੂ ਭਾਸ਼ਾ ਦੇ ਪਸਾਰ ਤੇ ਪ੍ਰਚਾਰ ਲਈ ਕਰੀਬ 2 ਕਰੋੜ 23 ਲੱਖ ਰੁਪਏ ਮਨਜ਼ੂਰ ਕੀਤੇ ਗਏ ਸਨ। ਸ੍ਰੀ ਸੰਧਵਾਂ ਨੇ ਕਿਹਾ ਹੈ ਕਿ ਪੰਜਾਬ ਉਰਦੂ ਅਕਾਦਮੀ ਪੰਜਾਬ ਦੀ ਮਾਣਮੱਤੀ ਸੰਸਥਾ ਹੈ, ਜੋ ਕਿ ਉਰਦੂ ਭਾਸ਼ਾ ਦੇ ਪਸਾਰ ਲਈ ਸਾਰਥਕ ਉਪਰਾਲੇ ਕਰ ਰਹੀ ਹੈ। ਸ੍ਰੀ ਸੰਧਵਾਂ ਨੇ ਪੰਜਾਬ ਉਰਦੂ ਅਕਾਦਮੀ ਦੇ ਵਿਕਾਸ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਮਾਗਮ ਦੌਰਾਨ ਸ੍ਰੀ ਸੰਧਵਾਂ ਨੇ ਆਜੀਵਨ ਉਪਲਬਧੀ ਪੁਰਸਕਾਰ ਨਾਲ ਸ਼ਾਇਰ ਕਰਨੈਲ ਸਿੰਘ ‘ਸਰਦਾਰ ਪੰਛੀ’ ਨੂੰ ਇੱਕ ਲੱਖ 50 ਹਜ਼ਾਰ ਰੁਪਏ, ਸ਼ਾਲ ਅਤੇ ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਆਦਤ ਹਸਨ ਮੰਟੋ ਉਰਦੂ ਨਸਰ ਐਵਾਰਡ ਨਾਲ ਮੁਹੰਮਦ ਬਸ਼ੀਰ ਨੂੰ, ਕ੍ਰਿਸ਼ਨ ਚੰਦਰ ਉਰਦੂ ਨਸਰ ਐਵਾਰਡ ਨਾਲ ਡਾ. ਰੇਨੂੰ ਬਹਿਲ ਨੂੰ, ਰਾਜਿੰਦਰ ਸਿੰਘ ਬੇਦੀ ਉਰਦੂ ਨਸਰ ਐਵਾਰਡ ਨਾਲ ਡਾ. ਅਨਵਾਰ ਅਹਿਮਦ ਅਨਸਾਰੀ ਨੂੰ, ਕੰਵਰ ਮਹਿੰਦਰ ਸਿੰਘ ਬੇਦੀ ਸ਼ਾਇਰੀ ਐਵਾਰਡ ਨਾਲ ਖ਼ੁਸ਼ਬੀਰ ਸਿੰਘ ਸਾਨੂੰ, ਤਰਲੋਕ ਚੰਦ ਮਹਿਰੂਮ ਉਰਦੂ ਸ਼ਾਇਰੀ ਐਵਾਰਡ ਨਾਲ ਸ਼ਾਇਰ ਅੰਜੁਮ ਕਾਦਰੀ ਨੂੰ ਅਤੇ ਅੱਲਾਮਾ ਇਕਬਾਲ ਉਰਦੂ ਸ਼ਾਇਰੀ ਐਵਾਰਡ ਨਾਲ ਡਾ. ਨਦੀਮ ਅਹਿਮਦ ਨੂੰ 50-50 ਹਜ਼ਾਰ ਰੁਪਏ, ਸ਼ਾਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਪੰਜਾਬ ਸਿੱਖਿਆ ਬੋਰਡ ਦੇ ਸਕੂਲਾਂ ਵਿੱਚ ਉਰਦੂ ਵਿਸ਼ੇ ’ਚੋਂ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰੀ ਸੰਧਵਾਂ ਨੇ ਅਕਾਦਮੀ ਵੱਲੋਂ ਕਾਵਿ, ਵਾਰਤਕ ਅਤੇ ਆਲੋਚਨਾ ਦੀਆਂ ਪ੍ਰਕਾਸ਼ਿਤ 15 ਪੁਸਤਕਾਂ ਦੀ ਮੁੱਖ ਵਿਖਾਈ ਵੀ ਕੀਤੀ।

Advertisement

Advertisement
Author Image

Advertisement
Advertisement
×