ਕਾਵਿ ਕਿਆਰੀ
ਜੀ ਆਇਆਂ!
ਸ਼ੇਰ ਸਿੰਘ ਕੰਵਲ
ਨਵਿਆਂ ਵਰ੍ਹਿਆ
ਭਾਗੀਂ ਭਰਿਆ
ਸਾਡੇ ਆਂਗਣ ਆ।
ਲੱਪ ਕਿਰਨਾਂ ਦੀ
ਸੂਹਾ ਚਾਨਣ
ਸਾਡੀ ਝੋਲ਼ੀ ਪਾ।
ਅੱਥਰੂ ਸੁੱਕਣ
ਵੰਗਾਂ ਛਣਕਣ
ਮੌਲਣ ਵਿਗਸਣ ਚਾਅ।
ਪੁੰਗਰੇ ਪਿਆਰ
ਤੇ ਨਫ਼ਰਤ ਨੱਸੇ
ਐਸੇ ਢੋਅ ਢੁਕਾਅ।
ਹਾਲ਼ੀ ਪਾਲ਼ੀ
ਹੱਸਣ ਵੱਸਣ
ਭਰਵੀਂ ਫ਼ਸਲ ਉਗਾਅ।
ਮਿਹਨਤ ਫਲ਼ੇ
ਮੁਹੱਬਤ ਪਲ੍ਹਰੇ
ਰਹੇ ਨਾ ਕੋਈ ਘਟਾਅ।
ਚੱਲੇ ਨਾ ਗੋਲ਼ੀ
ਵੰਝਲੀ ਵੱਜੇ
ਜੱਗ ਵਿਚ ਸੁੱਖ ਵਰਤਾਅ।
ਨਵਿਆਂ ਵਰ੍ਹਿਆ
ਭਾਗੀਂ ਭਰਿਆ
ਸਾਡੇ ਆਂਗਣ ਆ…
ਨਵਾਂ ਸਾਲ ਮੁਬਾਰਕ
ਸੁਰਿੰਦਰ ਗਿੱਲ
ਅੰਤ ਦਸੰਬਰ ਦੀ ਇਹ ਆਥਣ
ਵਿਦਾ ਮੰਗਦੀ ਬੁੱਢੀ ਸਾਥਣ।
ਇਸ ਨੂੰ ਹੱਸ ਕੇ ਵਿਦਾ ਆਖੀਏ
ਜਸ਼ਨ ਮਨਾਈਏ
ਆਵਣ ਵਾਲੇ ਵਰ੍ਹੇ ਦੇ ਰਾਹ ‘ਤੇ ਅੱਖਾਂ ਲਾਈਏ।
ਕੱਲ੍ਹ ਜੋ ਸੂਰਜ ਚੜ੍ਹਨਾ, ਆਪਣਾ ਸੂਰਜ ਹੋਵੇ
ਲੋਕਾਂ ਦੀਆਂ ਅੱਖਾਂ ਵਿਚ ਸੂਹੇ ਸੁਪਨ ਪ੍ਰੋਵੇ।
ਨਵੇਂ ਵਰ੍ਹੇ ਦਾ ਸੂਹਾ ਸੂਰਜ
ਤੇਰੇ ਘਰ ਦੇ ਦਰ-ਦਹਿਲੀਜ਼ਾਂ, ਕਰੇ ਸੁਨਹਿਰੇ
ਮੇਰੇ ਘਰ ਦੇ ਦਰ-ਦਹਿਲੀਜ਼ਾਂ, ਕਰੇ ਸੁਨਹਿਰੇ
ਸਭਨਾਂ ਦੇ ਘਰ ਦਰ-ਦਹਿਲੀਜ਼ਾਂ, ਕਰੇ ਸੁਨਹਿਰੇ
ਸੁੰਨੀਆਂ ਛੱਤਾਂ ਹੇਠ ਨਾ ਕੈਦ ਰਹਿਣ ਮੁਸਕਾਣਾਂ
ਇੱਛਾਵਾਂ ‘ਤੇ ਕਦੇ ਨਾ ਲੱਗਣ, ਕਰੜੇ ਪਹਿਰੇ
ਮੇਰੇ ਪਿਆਰੇ ਦੇਸ਼ ਵਾਸੀਓ! ਮਿੱਤਰੋ!
ਸਭ ਨੂੰ ਨਵਾਂ ਸਾਲ ਮੁਬਾਰਕ।
ਸੰਪਰਕ: 99154-73505
ਨਵੇਂ ਸਾਲ ਦਾ ਸੋਨ ਸਵੇਰਾ
ਜਗਤਾਰ ਗਿੱਲ
ਨਵੇਂ ਸਾਲ ਦਾ ਸੋਨ ਸਵੇਰਾ ਖ਼ੁਸ਼ੀਆਂ ਲੈ ਕੇ ਆਵੇ
ਸੂਰਜ ਮਹਿਕਾਂ ਲੈ ਕੇ ਉੱਗੇ ਰਾਗ ਮੁਹੱਬਤ ਗਾਵੇ
ਨਵੇਂ ਸਾਲ ਦਾ ਸੋਨ ਸਵੇਰਾ ਧਰਤੀ ਨੂੰ ਮਹਿਕਾਵੇ
ਮੁੱਕ ਜਾਣ ਸਭ ਦੁੱਖ ਦਲਿੱਦਰ ਦੂਰ ਗ਼ਮਾਂ ਦੇ ਸਾਏ
ਨਵੇਂ ਸਾਲ ਦਾ ਸੋਨ ਸਵੇਰਾ ਘਰ ਘਰ ਖ਼ੁਸ਼ੀਆਂ ਵੰਡੇ
ਖਿੜਨੇ ਫੁੱਲ ਪਿਆਰਾਂ ਵਾਲੇ ਦੂਰ ਹੋਣ ਸਭ ਕੰਡੇ
ਨਵੇਂ ਸਾਲ ਦਾ ਸੋਨ ਸਵੇਰਾ ਅੱਖ ਪੂਰਬੋਂ ਪੁੱਟੇ
ਜੰਗਲ ਬੇਲੇ ਫ਼ਲ ਫ਼ੁੱਲ ਸਾਰੇ ਜਾਗਣ ਨੀਂਦੋਂ ਸੁੱਤੇ
ਨਵੇਂ ਸਾਲ ਦਾ ਸੋਨ ਸਵੇਰਾ ਆਵੇ ਕਰਮਾਂ ਵਾਲਾ
ਭਰਮ ਭੁਲੇਖੇ ਮੁੱਕਣ ਸਾਰੇ ਹੋਵੇ ਖ਼ੂਬ ਉਜਾਲਾ
ਨਵੇਂ ਸਾਲ ਦਾ ਸੋਨ ਸਵੇਰਾ ਮੁੱਖੋਂ ਘੁੰਡ ਉਠਾ ਕੇ
ਕੁਦਰਤ ਰਾਣੀ ਖਿੜ ਖਿੜ ਹੱਸੇ ਮੱਥੇ ਤਿਲਕ ਲਗਾ ਕੇ
ਨਵੇਂ ਸਾਲ ਦਾ ਸੋਨ ਸਵੇਰਾ ਮਹਿਕਾਂ ਲੈ ਕੇ ਆਵੇ
ਊਚਨੀਚ ਦੀਆਂ ਕੰਧਾਂ ਡਿੱਗਣ ਨਫ਼ਰਤ ਢਿੱਡੋਂ ਜਾਏ
ਨਵੇਂ ਸਾਲ ਦਾ ਸੋਨ ਸਵੇਰਾ ਦਿਲਾਂ ‘ਚੋਂ ਨਫ਼ਰਤ ਕੱਢੇ
ਸਾਰੇ ਇਕ ਬਰਾਬਰ ਦਿਸਣ ਕੀ ਛੋਟੇ ਕੀ ਵੱਡੇ
ਨਵੇਂ ਸਾਲ ਦਾ ਸੋਨ ਸਵੇਰਾ ਅੱਖ ਸੁਵੱਲੀ ਪੁੱਟੇ
ਇੱਕ ਦੂਜੇ ਨੂੰ ਪਾ ਗਲਵੱਕੜੀ ਸੀਨੇ ਲਾ ਕੇ ਘੁੱਟੇ
ਨਵੇਂ ਸਾਲ ਦਾ ਸੋਨ ਸਵੇਰਾ ਤੇਲ ਬਰੂਹੀਂ ਚੋਏ
ਇੱਕ ਦੂਜੇ ਨੂੰ ਗਲ ਨਾਲ ਲਾਈਏ ਚਿਰ ਤੋਂ ਵਿੱਛੜੇ ਹੋਏ
ਸੰਪਰਕ: 94647-80299