ਪ੍ਰਤੀਰੋਧ ਦੀ ਸ਼ਾਇਰੀ
ਕੁਲਦੀਪ ਸਿੰਘ ਦੀਪ (ਡਾ.)
ਸੁਰਜੀਤ ਜੱਜ ਦੀ ਪੁਸਤਕ ‘ਕਿਸਾਨ ਕੂਚ’ ਉਸ ਪੜਾਅ ਦੀ ਸ਼ਾਇਰੀ ਹੈ ਜਿਸ ਪੜਾਅ ‘ਤੇ ਪਹੁੰਚ ਕੇ ਪੰਜਾਬ ਕਿਨਾਰਿਆਂ ‘ਤੇ ਖੜ੍ਹੇ ਹੋ ਕੇ ਤਮਾਸ਼ਾ ਦੇਖਣ ਦੀ ਰਵਾਇਤ ਦੀ ਕੁੰਜ ਉਤਾਰਦਿਆਂ ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।’ ਦੇ ਰਾਹ ‘ਤੇ ਤੁਰਦਾ ਹੋਇਆ ਮੈਦਾਨ ਦੇ ਕੇਂਦਰ ਵਿਚ ਆ ਜਾਂਦਾ ਹੈ। ਪੰਜਾਬ ਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਦਾ ਸੰਘਰਸ਼ ਜ਼ਫ਼ਰਨਾਮਿਆਂ ਦੀ ਸੂਹ ‘ਚੋਂ ਨਿਕਲਦਾ ਹੈ ਅਤੇ ਪੰਜਾਬ ਦੀ ਕਵਿਤਾ ਜ਼ਫ਼ਰਨਾਮਿਆਂ ਦੀ ਜੂਹ ‘ਚੋਂ ਨਿਕਲਦੀ ਹੈ। ਸੁਰਜੀਤ ਜੱਜ ਜ਼ਫ਼ਰਨਾਮਿਆਂ ਦੀ ਜੂਹ ‘ਚੋਂ ਨਿਕਲਣ ਵਾਲੀ ਪ੍ਰਤੀਰੋਧ ਦੀ ਕਵਿਤਾ ਦਾ ਸਮਕਾਲੀ ਸਿਰਨਾਵਾਂ ਹੈ। ਸਾਡੇ ਸਾਹਿਤ ਦੀਆਂ ਦੋ ਧਾਰਾਵਾਂ ਹਨ। ਇਕ ਧਾਰਾ ਗ਼ੁਲਾਮੀ ਦੇ ਸੰਕਲਪ ਨੂੰ ਸਿੱਧਾ ਲਲਕਾਰਦੀ ਅਤੇ ਰੱਬ ਨੂੰ ਵੀ ਉਲਾਂਭਾ ਦੇਣ ਤੱਕ ਪਹੁੰਚਦੀ ਹੈ। ਇਹੀ ਉਹ ਧਾਰਾ ਹੈ ਜੋ ਅਗਲੇ ਦੌਰ ਵਿਚ ਗਦਰ ਗੂੰਜਾਂ ਰਾਹੀਂ ਹੁੰਦੀ ਹੋਈ ਬਾਵਾ ਬਲਵੰਤ, ਸੰਤ ਰਾਮ ਉਦਾਸੀ, ਦਰਸ਼ਨ ਖਟਕੜ, ਲਾਲ ਸਿੰਘ ਦਿਲ ਅਤੇ ਅਵਤਾਰ ਪਾਸ਼ ਰਾਹੀਂ ਪਰਵਾਨ ਚੜ੍ਹਦੀ ਹੈ। ਇਹੀ ਪ੍ਰਤੀਰੋਧ ਦੀ ਸੁਰ ਫੈਜ਼ ਅਹਿਮਦ ਫੈਜ਼ ਦੀ ਕਵਿਤਾ ਵਿਚ ਆਉਂਦੀ ਹੈ। ਉਹ ਕਹਿੰਦਾ ਹੈ:
ਹਮ ਦੇਖੇਂਗੇ
ਲਾਜ਼ਿਮ ਹੈ ਕੇ ਹਮ ਭੀ ਦੇਖੇਂਗੇ
ਇਹ ਵਰਤਾਰਾ ਸਿਰਫ਼ ਭਾਰਤ ਤਕ ਹੀ ਸੀਮਤ ਨਹੀਂ। ਇਸ ਦਾ ਗੌਰਵਸ਼ਾਲੀ ਵਿਸ਼ਵੀ ਪਰਿਪੇਖ ਹੈ। ਜਦ ਵਿਸ਼ਵ ਪ੍ਰਸਿੱਧ ਨਾਟਕਕਾਰ ਅਤੇ ਸ਼ਾਇਰ ਬਰਤੋਲਤ ਬ੍ਰੈਖ਼ਤ ਇਹ ਲਿਖਦਾ ਹੈ:
ਕਿਆ ਜ਼ੁਲਮਤੋਂ ਕੇ ਦੌਰ ਮੇਂ ਭੀ ਗੀਤ ਗਾਏ ਜਾਏਂਗੇ
ਹਾਂ ਜ਼ੁਲਮਤੋਂ ਕੇ ਦੌਰ ਕੇ ਹੀ ਗੀਤ ਗਾਏਂ ਜਾਏਂਗੇ
ਤਾਂ ਦੋ ਸਤਰਾਂ ਵਿਚ ਹੀ ਪ੍ਰਾਪੇਗੰਡਾ ਅਤੇ ਵਿਰੋਧੀ ਪ੍ਰਾਪੇਗੰਡਾ ਦੀ ਪੂਰੀ ਥਿਊਰੀ ਸਮਝਾ ਦਿੰਦਾ ਹੈ। ਸੁਰਜੀਤ ਜੱਜ ਦੀ ਸਮੁੱਚੀ ਕਵਿਤਾ ਅਤੇ ਵਿਸ਼ੇਸ਼ ਤੌਰ ‘ਤੇ ਕਾਵਿ ਸੰਗ੍ਰਹਿ ‘ਕਿਸਾਨ ਕੂਚ’ ਦੀ ਕਵਿਤਾ ਪ੍ਰਤੀਰੋਧ ਦੀ ਸ਼ਾਇਰੀ ਦੀ ਵਿਸ਼ਵਵਿਆਪੀ ਧਾਰਾ ਦੀ ਸਮਕਾਲ ਵਿਚ ਤਰਜ਼ਮਾਨੀ ਕਰਨ ਵਾਲੀ ਸ਼ਾਇਰੀ ਹੈ। ਇਹ ਕਵਿਤਾ ਦਮਨ ਦੀ ਕਨਸੋਅ ਅਤੇ ਪੀੜ ਦੀ ਟੀਸ ਤੋਂ ਸ਼ੁਰੂ ਹੁੰਦੀ ਹੈ। ਅਸਲ ਵਿਚ ਕੋਈ ਵੀ ਵੱਡਾ ਸੰਘਰਸ਼ ਜਾਂ ਅੰਦੋਲਨ ਇਕ ਦਿਨ ਵਿਚ ਸ਼ੁਰੂ ਨਹੀਂ ਹੁੰਦਾ ਸਗੋਂ ਦਹਾਕਿਆਂ ਪਹਿਲਾਂ ਉਸ ਸੰਘਰਸ਼ ਲਈ ਕੋਈ ਆਧਾਰ ਤਿਆਰ ਹੁੰਦਾ ਹੈ। ਉਸ ਆਧਾਰ ਉੱਪਰ ਹੀ ਕਿਸੇ ਅੰਦੋਲਨ ਦਾ ਸਮੁੱਚਾ ਉਸਾਰ ਉਸਰਦਾ ਹੈ। ਕਿਸੇ ਵੀ ਆਧਾਰ ‘ਤੇ ਕੀਤਾ ਪੱਖਪਾਤ, ਅਨਿਆਂ ਅਤੇ ਦਮਨ ਮਨੁੱਖ ਨੂੰ ਪੀੜ ਦਿੰਦਾ ਹੈ। ਇਕੱਲਾ ਇੱਕਲਾ ਮਨੁੱਖ ਇਸ ਪੀੜ ਨਾਲ ਸਦੀਆਂ ਤੋਂ ਦੋ ਚਾਰ ਹੁੰਦਾ ਆਇਆ ਹੈ। ਜਦ ਪੱਖਪਾਤ, ਦਮਨ ਅਤੇ ਅਨਿਆਂ ਸਮੂਹਿਕ ਹੋਵੇ ਤਾਂ ਪੀੜ ਦਾ ਕਿਰਦਾਰ ਸਮੂਹਿਕ ਹੁੰਦਾ ਹੈ ਅਤੇ ਉਸ ਖਿਲਾਫ਼ ਖੜ੍ਹੇ ਹੋਏ ਸੰਘਰਸ਼ ਦਾ ਚਿਹਰਾ-ਮੋਹਰਾ ਵੀ ਸਮੂਹਿਕ ਹੁੰਦਾ ਹੈ। ਸਭ ਤੋਂ ਪਹਿਲਾਂ ਇਸ ਪੱਖਪਾਤ, ਦਮਨ ਅਤੇ ਅਨਿਆਂ ਦੇ ਬੀਜਾਂ ਨੂੰ ਚਿੰਤਕ ਤੇ ਅਦੀਬ ਲੋਕ ਪਛਾਣਦੇ ਹਨ ਅਤੇ ਇਸ ਉੱਪਰ ਚਿੰਤਨੀ ਸੰਵਾਦ ਸ਼ੁਰੂ ਹੁੰਦਾ ਹੈ। 2021-22 ਵਿਚ ਸਿਖਰ ‘ਤੇ ਪਹੁੰਚੇ ਕਿਸਾਨ ਅੰਦੋਲਨ ਦੇ ਬੀਜ ਸੱਠਵਿਆਂ ਵਿਚ ਹੋਈ ਹਰੀ ਕਰਾਂਤੀ ਅਤੇ ਨੱਬੇਵਿਆਂ ਵਿਚ ਹੋਏ ਆਰਥਿਕਤਾ ਦੇ ਕਾਰਪੋਰੇਟੀਕਰਨ ਵਿਚ ਪਏ ਹਨ। ਇਸ ਤਰ੍ਹਾਂ ਅਸਿੱਧੇ ਰੂਪ ਵਿਚ ਇਸ ਕਿਸਾਨ ਸੰਘਰਸ਼ ਦੇ ਬੀਜਾਂ ਦਾ ਪਿਛੋਕੜ ਲਗਭਗ ਅੱਧੀ ਸਦੀ ਪੁਰਾਣਾ ਹੈ ਅਤੇ ਸਿੱਧੇ ਰੂਪ ਵਿਚ ਇਹ ਤੀਹ-ਬੱਤੀ ਸਾਲ ਪਹਿਲਾਂ ਸ਼ੁਰੂ ਹੋਏ ਗੈਟ ਸਮਝੌਤੇ ਨਾਲ ਜੁੜਿਆ ਹੈ। ਇਸੇ ਲਈ ਇਹ ਸ਼ਾਇਰ ਅੱਜ ਤੋਂ 25 ਸਾਲ ਪਹਿਲਾਂ ਉਨ੍ਹਾਂ ਸੰਕਟਾਂ ਦੀ ਨਿਸ਼ਾਨਦੇਹੀ ਕਰਨ ਦੇ ਰਾਹ ਤੁਰਦਾ ਹੈ ਜੋ ਪੱਚੀ-ਤੀਹ ਸਾਲਾਂ ਵਿਚ ਜੁਆਨ ਹੋ ਕੇ ਦਿਉ ਵਾਂਗ 21ਵੀਂ ਸਦੀ ਦੇ ਦੂਜੇ ਦਹਾਕੇ ਵਿਚ ਸਾਡੇ ਸਾਹਮਣੇ ਆਏ। ਉਹ ਲਿਖਦਾ ਹੈ:
ਤੂੰ ਕਿੰਝ ਆਲ੍ਹਣਾ ਸਾਭੇਂਗਾ, ਜਦ ਬਿਰਖ ਉਨ੍ਹਾਂ ਕਟਵਾ ਦੇਣਾ
ਤੂੰ ਮਰਦੈਂ ਚੰਦ ਸਿਆੜਾਂ ਲਈ, ਉਨ੍ਹਾਂ ਪੂਰਾ ਦੇਸ਼ ਵਿਕਾ ਦੇਣਾ
ਸੰਕਟਾਂ ਦੀ ਪਛਾਣ ਦੇ ਪਹਿਲੇ ਪੜਾਅ ਨੂੰ ਸੁਰਜੀਤ ਜੱਜ ‘ਕਿਸਾਨ ਕੂਚ ਤੋਂ ਪੂਰਵਲੇ ਬੋਲਾਂ’ ਦਾ ਨਾਮ ਦਿੰਦਾ ਹੈ ਅਤੇ ਉਸ ਤੋਂ ਬਾਅਦ ਜਿਉਂ ਜਿਉਂ ਸੰਘਰਸ਼ ਮਘਦਾ ਤੇ ਦਗਦਾ ਹੈ, ਉਸ ਦੀ ਸ਼ਾਇਰੀ ਉਸ ਦੇ ਨਾਲ ਬਰ ਮੇਚ ਕੇ ਚਲਦੀ ਹੋਈ ‘ਜਦੋਂ ਤਕ ਰਾਤ ਨਾ ਮੁੱਕੇ’ ਦੇ ਰੂਪ ਵਿਚ ਦਸਵੇਂ ਪੜਾਅ ‘ਤੇ ਪਹੁੰਚ ਕੇ ਇਸ ਅਹਿਦ ਨਾਲ ਸਮਾਪਤ ਹੁੰਦੀ ਹੈ ਕਿ ਕੋਈ ਸੰਘਰਸ਼ ਆਖ਼ਰੀ ਨਹੀਂ ਹੁੰਦਾ। ਹਰ ਦੌਰ ਵਿਚ ਨਾ ਸ਼ੋਸ਼ਣ ਰੁਕਦਾ ਹੈ ਅਤੇ ਨਾ ਸੰਘਰਸ਼। ਉਹ ਕਹਿੰਦਾ ਹੈ:
ਅਜੇ ਵੀ ਚੰਨ ਇਕਹਿਰਾ ਹੈ
ਕਿਤੇ ਰਾਹੂ ਦਾ ਪਹਿਰਾ ਹੈ
ਸਵੇਰਾ ਖੁੱਲ੍ਹ ਕੇ ਨਈਂ ਖਿੜਿਆ
ਕਿਤੇ ਦਰ ਰਹਿ ਗਿਆ ਭਿੜਿਆ
ਦੁਪਹਿਰਾਂ ਹੋਣੀਆਂ ਦਾਗੀ
ਹਨੇਰਾ ਹੋਰ ਵੀ ਪੈਣਾ
ਕਿਸਾਨਾ ਜਾਗਦੇ ਰਹਿਣਾ
ਕਿਰਤੀਆ ਜਾਗਦੇ ਰਹਿਣਾ
ਪ੍ਰਤੀਰੋਧ ਦੀ ਸ਼ਾਇਰੀ ਦੀ ਇਹੀ ਵਿਲੱਖਣਤਾ ਹੈ ਕਿ ਉਹ ਪ੍ਰਤੀਰੋਧ ਦੇ ਕਿਰਦਾਰ ਨੂੰ ਵੀ ਸਮਝਦੀ ਹੈ ਅਤੇ ਇਸ ਦੇ ਪੈਦਾ ਹੋਣ ਦੇ ਸੰਦਰਭਾਂ ਨੂੰ ਵੀ। ਇਸੇ ਲਈ ਸੁਰਜੀਤ ਜੱਜ ਆਪਣੀ ਕਵਿਤਾ ਨੂੰ ਜਿੱਤ ਦੇ ਜਸ਼ਨ ਦੇ ਰੂਪ ਵਿਚ ਨਹੀਂ, ਭਵਿੱਖ ਦੀਆਂ ਚਿਤਾਵਨੀਆਂ ਅਤੇ ਸੰਘਰਸ਼ ਦੀ ਸਦੀਵੀ ਲੋੜ ‘ਤੇ ਲਿਆ ਕੇ ਖ਼ਤਮ ਕਰਦਾ ਹੈ। ਉਹ ਉਨ੍ਹਾਂ ਬਰੀਕ ਤੰਦਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਜਿਸ ਕਰਕੇ ਕਿਰਤੀ ਦਾ ਬੱਝਵਾਂ ਏਕਾ ਅਤੇ ਇਤਫ਼ਾਕ ਭੁਰਨ ਦੇ ਆਸਾਰ ਬਣਦੇ ਹਨ ਅਤੇ ਸੱਤਾ ਦਾ ਲਾਲਚ ਤੇ ਇਸ ਦੀ ਦਹਿਸ਼ਤ ਸੰਘਰਸ਼ਸ਼ੀਲ ਧਿਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੀਆਂ ਹਨ। ਉਹ ਲਿਖਦਾ ਹੈ:
‘ਪਿੰਡੀ’ ਹਰ ਇਕ ਪਿੰਡ ਹੈ, ਹਰ ਜੂਹ ਸਾਂਦਲ-ਬਾਰ
ਜੋ ਵੀ ਕੱਲ੍ਹਾ ਜੂਝਿਆ, ਉਹਦੇ ਲੇਖੀਂ ਹਾਰ
ਇਸ ਤੋਂ ਵੀ ਅੱਗੇ ਉਸ ਦੀ ਸੰਵੇਦਨਸ਼ੀਲ ਅੱਖ ਉਸ ਸਥਿਤੀ ਤਕ ਪਹੁੰਚਦੀ ਹੈ ਜਿੱਥੇ ਅਨੇਕ ਜਾਨਾਂ ਗੁਆ ਕੇ ਕੀਤੇ ਸੰਘਰਸ਼ ਦੇ ਮੁਕਾਬਲੇ ਨਿਰੰਤਰ ਸੁਚੇਤ ਰਹਿਣ ਦੀ ਵਧੇਰੇ ਲੋੜ ਹੈ। ਦਾਨਾ ਸਮਾਜ ਉਹ ਹੁੰਦਾ ਹੈ ਜੋ ‘ਵੈਰੀ ਦੇ ਹੱਥ’ ਨਾਲੋਂ ‘ਵੈਰੀ ਦੀ ਅੱਖ’ ਪਹਿਲਾਂ ਪਛਾਣਦਾ ਹੋਵੇ। ਅਜਿਹਾ ਸਮਾਜ ਉਹੀ ਹੋ ਸਕਦਾ ਹੈ ਜਿਨ੍ਹਾਂ ਦੀਆਂ ਧੌਣਾਂ ‘ਤੇ ਸਿਰ ਨਹੀਂ, ਸੁਚੇਤ ਸੀਸ ਹੋਣ ਅਤੇ ਦਿਮਾਗ਼ਾਂ ਵਿਚ ਸੂਰਜ ਦਗ ਦਗ ਕਰਦਾ ਹੋਵੇ। ਇਸੇ ਲਈ ਸੁਰਜੀਤ ਜੱਜ ਕਹਿੰਦਾ ਹੈ:
ਚਿਰਾਗ਼ਾਂ ਦਾ ਸਫ਼ਰ ਨਹੀਂ ਮੁੱਕਦਾ
ਸ਼ਮ੍ਹਾਂ ਸਾਹ ਨਹੀਂ ਲੈਂਦੀ
ਦੀਵੇ ਦਮ ਨਹੀਂ ਮਾਰਦੇ
ਜੁਗਨੂੰ ਟਿਕ ਕੇ ਨਹੀਂ ਬਹਿੰਦੇ
ਜਦੋਂ ਤਕ ਰਾਤ ਨਾ ਮੁੱਕੇ…
ਇਸ ਪੁਸਤਕ ਦਾ ਇਕ ਅਹਿਮ ਭਾਗ 62 ਪੰਨਿਆਂ ਵਿਚ ਫੈਲੀਆਂ ਸਾਢੇ ਪੰਜ ਸੌ ਇਕ ਸਤਰੀ ਬੋਲੀਆਂ ਕਿਸਾਨ ਸੰਘਰਸ਼ ਦੇ ਸਿਖਰ ਵੱਲ ਵਧਦੇ 550 ਕਦਮ ਹਨ ਜਿਨ੍ਹਾਂ ਦਾ ਆਗਾਜ਼ ਵਿਸ਼ਵ ਦੇ ਸਾਢੇ ਪੰਜ ਸੌ ਸਾਲਾ ਮਹਾਂਨਾਇਕ ਗੁਰੂ ਨਾਨਕ ਦੇਵ ਜੀ ਦੇ ‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ’ ਦੇ ਪ੍ਰਤੀਰੋਧੀ ਸੁਰ ਵਿਚ ਦਿੱਤੇ ਜ਼ਬਰਦਸਤ ਉਲਾਂਭੇ ਤੋਂ ਪ੍ਰੇਰਿਤ ਹੈ ਅਤੇ ਇਸ ਭਾਗ ਦਾ ਅੰਤ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਅਹਿਦ ਦੀ ਧਾਰਾ ਵਿਚ ਵਹਿੰਦਿਆਂ ਹੁੰਦਾ ਹੈ ਜਿਸ ਨੇ ਇਸੇ ਦਿੱਲੀ ਦੀ ਕਤਲਗਾਹ ਵਿਚ ਆਪਣਾ ਸਿਰ ਵਾਰ ਕੇ ਭਾਰਤੀ ਸਮਾਜ ਨੂੰ ਜੂਝਣ ਦਾ ਜਜ਼ਬਾ ਦਿੱਤਾ ਸੀ। ਇਕ ਕਿਰਤੀ ਯੋਧੇ ਨੇ ਨੌਵੇਂ ਗੁਰੂ ਦਾ ਸਿਰ ਸ੍ਰੀ ਆਨੰਦਪੁਰ ਦੀ ਲਿਆਂਦਾ ਸੀ ਤਾਂ ਪੰਜਾਬ ਦੀ ਮਿੱਟੀ ਵਿਚ ਹਜ਼ਾਰਾਂ ਸਿਰ ਉੱਗ ਪਏ ਸਨ। ਉਸੇ ਅਹਿਦ ਨੂੰ ਦੁਹਰਾਉਂਦਿਆਂ ਸੁਰਜੀਤ ਜੱਜ ਲਿਖਦਾ ਹੈ:
ਹਰ ਬੂੰਦ ‘ਚੋਂ ਹਜ਼ਾਰਾਂ ਸਿਰ ਉੱਗਣੇ
ਜੇ ਹਾਲੀਆਂ ਦਾ ਲਹੂ ਡੁੱਲ੍ਹਿਆ
ਉਸ ਦੀ ਇਹ ਸ਼ਾਇਰੀ ਪੰਜਾਬ ਦੇ ਸਭਿਆਚਾਰਕ ਅਵੇਚਤਨ ਨਾਲ ਬਹੁਤ ਗਹਿਰਾਈ ਤਕ ਜੁੜੀ ਹੋਈ ਹੈ। ਅਨੇਕ ਮੈਟਾਫਰ, ਪ੍ਰਤੀਕ ਅਤੇ ਬਿੰਬ ਇਸ ਸ਼ਾਇਰੀ ਦੇ ਪਿਛੋਕੜ ਵਿਚ ਕਾਰਜਸ਼ੀਲ ਸਮੂਹਿਕ ਅਤੇ ਸਭਿਆਚਾਰਕ ਅਵਚੇਤਨ ਨੂੰ ਫੜਦੇ ਅਤੇ ਉਨ੍ਹਾਂ ਰਾਹੀਂ ਕਿਸਾਨ ਸੰਘਰਸ਼ ਨੂੰ ਪੰਜਾਬ ਦੇ ਖਮੀਰ ਨਾਲ ਜੋੜਦੇ ਹਨ। ਪੰਜਾਬ ਦਾ ਖਮੀਰ ਪੰਜਾਬ ਦੀ ਇਨਕਲਾਬੀ ਵਿਰਾਸਤ ਹੈ ਜੋ ਬਾਬਾ ਫਰੀਦ ਤੋਂ ਸ਼ੁਰੂ ਹੋ ਕੇ ਗੁਰੂ ਸਾਹਿਬਾਨ ਰਾਹੀਂ ਹੁੰਦੀ ਹੋਈ ਬਾਬਾ ਬੰਦਾ ਸਿੰਘ ਬਹਾਦਰ, ਗਦਰੀਆਂ, ਬੱਬਰਾਂ, ਕਿਰਤੀਆਂ, ਅਜੀਤ ਸਿੰਘ, ਭਗਤ ਸਿੰਘ, ਸੁਖਦੇਵ, ਊਧਮ ਸਿੰਘ ਅਤੇ ਕਰਤਾਰ ਸਰਾਭਿਆਂ ਤਕ ਪਹੁੰਚਦੀ ਹੈ। ਇਹ ਸਾਰੀ ਇਨਕਲਾਬੀ ਪਰੰਪਰਾ ਕਿਸਾਨ ਸੰਘਰਸ਼ ਦੀ ਤਾਕਤ ਬਣੀ ਹੈ ਅਤੇ ਸ਼ਾਇਰ ਨੇ ਇਸ ਕਵਿਤਾ ਵਿਚ ਉਸ ਤਾਕਤ ਨੂੰ ਮੈਟਾਫਰਾਂ ਅਤੇ ਪ੍ਰਤੀਕਾਂ ਰਾਹੀਂ ਪੇਸ਼ ਕਰਕੇ ਆਪਣੀ ਕਵਿਤਾ ਨੂੰ ਸੁਹਜਾਤਮਕ ਅਤੇ ਚਿੰਤਨ ਪੱਖੋਂ ਅਮੀਰ ਬਣਾਇਆ ਹੈ।
ਇਹ ਯੁੱਧ ਹੈ ਕੱਚੀਆਂ ਗੜ੍ਹੀਆਂ ਦਾ
ਇਹ ਯੁੱਧ ਕਿਤਾਬਾਂ ਪੜ੍ਹੀਆਂ ਦਾ
ਹੈ ਸੱਚ ਸਦੀਵੀ ਸਮਿਆਂ ਦਾ
ਤੇ ਉਜਰ ਅਗੇਤ-ਪਛੇਤ ਦਾ ਏ
ਇਹ ਯੁੱਧ ਹਲਾਂ-ਹਥਿਆਰਾਂ ਦਾ
ਇਹ ਯੁੱਧ ਤਖ਼ਤ ਤੇ ਖੇਤ ਦਾ ਏ
ਇਹ ਕਿਹਾ ਜਾ ਸਕਦਾ ਹੈ ਕਿ ‘ਕਿਸਾਨ ਕੂਚ’ ਪੰਜਾਬ ਦੇ ਸੱਭਿਆਚਾਰਕ ਅਵੇਚਤਨ ਵਿਚ ਵੱਸੇ ਬਿੰਬਾਂ ਨਾਲ ਸ਼ਿੰਗਾਰੀ ਪ੍ਰਤੀਰੋਧ ਦੀ ਕਵਿਤਾ ਹੈ ਜੋ ਕਿਸਾਨ ਸੰਘਰਸ਼ ਦੇ ਵਿਭਿੰਨ ਪਾਸਾਰਾਂ ਨੂੰ ਪੇਸ਼ ਕਰਦੀ ਹੈ। ਇਸ ਦੇ ਨਾਲ ਨਾਲ ਦਮਨ ਰਾਹੀਂ ਪੈਦਾ ਹੁੰਦੇ ਸੰਕਟਾਂ ਅਤੇ ਪੀੜ ਦੀ ਪਛਾਣ ਤੇ ਸੰਦਰਭਾਂ ਬਾਰੇ ਪਾਠਕ ਅੰਦਰ ਡੂੰਘੀ ਸਮਝ ਪੈਦਾ ਕਰਦੀ ਹੈ ਤਾਂ ਜੋ ਸਮੇਂ ਸਿਰ ਸੱਤਾ ਦੇ ਕਪਟ ਤੇ ਦੰਭ ਨੂੰ ਸਮਝਿਆ ਜਾ ਸਕੇ ਅਤੇ ਜਲਦੀ ਹੀ ਉਸ ਦਾ ਖੁਰਾ-ਖੋਜ ਲੱਭ ਕੇ ਇਸ ਨਾਲ ਨਿਪਟਿਆ ਜਾ ਸਕੇ।
ਸੰਪਰਕ: 98768-20600