ਕਾਵਿ ਕਿਆਰੀ
ਦੋਹੇ
ਪ੍ਰਿੰ. ਨਵਰਾਹੀ ਘੁਗਿਆਣਵੀ
ਮਤਲਬ ਦੀਆਂ ਸਕੀਰੀਆਂ, ਹੋਰ ਨਾ ਦੂਜੀ ਗੱਲ।
ਆਪੇ ਪਾਉਣ ਬੁਝਾਰਤਾਂ, ਆਪੇ ਲੱਭਣ ਹੱਲ।
ਕੁਰਸੀ ਉੱਤੇ ਬੈਠ ਕੇ, ਭੁੱਲ ਜਾਂਦੇ ਇਨਸਾਫ਼।
ਬਦਨੀਤਾਂ ਨੂੰ ਕਿਸ ਤਰ੍ਹਾਂ, ਕੀਤਾ ਜਾਵੇ ਮਾਫ਼?
ਬਾਬੇ ਨਾਨਕ ਆਖਿਆ, ‘ਕਰਨ ਕਾਰਨ ਕਰਤਾਰ’।
ਸਭ ਤੋਂ ਉੱਤਮ ਨਿਮਰਤਾ, ਬੇਲੋੜਾ ਹੰਕਾਰ।
ਕਿਰਤ ਕਮਾਈ ਆਪਣੀ, ਹੈ ਜੱਗ ਦੀ ਬੁਨਿਆਦ।
ਨੇਕ ਨੀਤੀਆਂ ਨਾਲ ਹੀ, ਰਹਿ ਸਕਦੇ ਹਾਂ ਸ਼ਾਦ।
ਵਿਹਲੜ ਕਰਨ ਸ਼ਰਾਰਤਾਂ, ਮਿਹਨਤਕਸ਼ ਮਜਬੂਰ।
ਭਲਿਆਂ ਤਾਈਂ ਸਤਾਵਣਾ, ਇਹ ਕੇਹਾ ਦਸਤੂਰ?
ਵਾਤਾਵਰਣ ਸੁਹਾਵਣਾ, ਵੰਡ ਰਿਹਾ ਖ਼ੁਸ਼ਬੋਅ।
ਅੱਖੀਆਂ ਨੂੰ ਤ੍ਰਿਪਤਾਂਵਦੀ, ਅਤਿ ਸੁਹਾਣੀ ਲੋਅ।
ਨਾ ਕਰ ਚਿੰਤਾ ਦੋਸਤਾ, ਹੋ ਜਾ ਬੇਪ੍ਰਵਾਹ।
ਵੇਖ ਖ਼ੁਦਾ ਦਾ ਸਿਲਸਿਲਾ, ਅਦਭੁਤ ਅਤੇ ਅਥਾਹ।
‘ਨਵਰਾਹੀ’ ਵਿਸ਼ਵਾਸ ਕਰ, ਸਹਿਜ, ਸਬਰ ਅਪਣਾ!
ਇਸ ਵਿੱਚ ਜੀਵਨ-ਜਾਚ ਹੈ, ਇਸ ਵਿੱਚ ਲੁਤਫ਼ ਮਜ਼ਾ।
ਸੰਪਰਕ: 98150-02302
ਸਰਹਿੰਦ ਕਦੇ ਫੇਰ
ਜਗਤਾਰ ਗਰੇਵਾਲ ‘ਸਕਰੌਦੀ’
ਅੱਜ ਤਾਂ ਉੱਥੇ ਸ਼ੋਰ ਬੜਾ ਹੈ।
ਸੁਣਿਆ ਲੰਗਰਾਂ ਦਾ ਜ਼ੋਰ ਬੜਾ ਹੈ।
ਗ਼ਲਤ ਸਹੀ ਮੈਂ ਨਹੀਂ ਜਾਣਦਾ
ਕਰਨਾ ਬਣਦਾ ਗੌਰ ਬੜਾ ਹੈ।
ਮਨ ਭਰਿਆ ਹੈ ਰੋ ਕੇ ਆਵਾਂਗਾ।
ਮੈਂ ਸਰਹਿੰਦ ਕਦੇ ਫੇਰ ਜਾਵਾਂਗਾ।
ਰਾਹ ’ਚ ਵੇਖੇ ਸੀ ਟਰੈਕਟਰ ਜਾਂਦੇ।
ਵੱਡੇ ਸਪੀਕਰ ਝੰਡੇ ਲਹਿਰਾਉਂਦੇ।
ਮੈਨੂੰ ਸੱਚੀਂ ਚੰਗੇ ਨਹੀਂ ਲੱਗੇ
ਜ਼ਿਦ ਜ਼ਿਦ ਕੇ ਉਹ ਰੇਸਾਂ ਲਾਉਂਦੇ।
ਰੱਬ ਦੇ ਘਰ ਕਿਵੇਂ ਚੈਨ ਪਾਵਾਂਗਾ।
ਮੈਂ ਸਰਹਿੰਦ ਕਦੇ ਫੇਰ ਜਾਵਾਂਗਾ।
ਪਹਿਲਾਂ ਵੀ ਮੁੰਡੇ ਲੜੇ ਸੀ ਉੱਥੇ।
ਤਮਾਸ਼ਬੀਨ ਵੀ ਬੜੇ ਸੀ ਉੱਥੇ।
ਸ਼ਾਇਦ ਕਤਲ ਵੀ ਸੀ ਹੋਇਆ
ਤਲਵਾਰਾਂ ਲਈ ਵੀ ਖੜ੍ਹੇ ਸੀ ਉੱਥੇ।
ਕਿਹਨੂੰ ਉੱਥੇ ਕੀ ਸਮਝਾਵਾਂਗਾ?
ਮੈਂ ਸਰਹਿੰਦ ਕਦੇ ਫੇਰ ਜਾਵਾਂਗਾ।
‘ਜਗਤਾਰ’ ਨੂੰ ਰੱਬਾ ਸੋਗ ’ਚ ਰੱਖੀਂ।
ਪੋਹ ਦੇ ਮਹੀਨੇ ਵਿਯੋਗ ’ਚ ਰੱਖੀਂ।
ਭੁੱਖਾ ਪਿਆਸਾ ਤੜਫ਼ਦਾ ਰੱਖੀਂ
ਪਰਿਵਾਰ ਹਿਜਰ ਦੇ ਰੋਗ ’ਚ ਰੱਖੀਂ।
ਮੈਂ ਪਾਪੀ ਭੁੱਲਾਂ ਬਖਸ਼ਾਵਾਂਗਾ।
ਮੈਂ ਸਰਹਿੰਦ ਕਦੇ ਫੇਰ ਜਾਵਾਂਗਾ।
ਮਨ ਭਰਿਆ ਹੈ ਰੋ ਕੇ ਆਵਾਂਗਾ।
ਮੈਂ ਸਰਹਿੰਦ ਕਦੇ ਫੇਰ ਜਾਵਾਂਗਾ।
ਸੰਪਰਕ: 94630-36033
* * *
ਗ਼ਜ਼ਲ
ਰੋਜ਼ੀ ਸਿੰਘ
ਤੇਰਾ ਸੂਰਜ ਨਿਗਲ ਹੀ ਜਾਂਦੈ, ਮੇਰੇ ਮੰਨ ਦੇ ਅੰਬਰ ਨੂੰ,
ਤਾਰੇ ਡੁੱਬਣ ਦੇ ਲਈ ਤੁਰ ਪਏ ਡੂੰਘੇ ਸ਼ਾਂਤ ਸਮੰਦਰ ਨੂੰ।
ਲਾਸ਼ਾਂ ਦੀ ਗਿਣਤੀ ਔਖੀ ਸੀ, ਵੈਣ ਕਲੇਜੇ ਵੱਜਦੇ ਸੀ,
ਕਾਤਲ ਪੱਥਰਦਿਲ ਪਰ ਹੱਸੇ ਵੇਖ ਕੇ ਐਸੇ ਮੰਜ਼ਰ ਨੂੰ।
ਜਿਹੜਾ ਰੋਟੀ ਅੱਗੇ ਹਰਦਾ ਰੋਜ਼ ਹੀ, ਗਰਜ਼ਾਂ ਅੱਗੇ ਵੀ,
ਭੁੱਖੇ ਬਚਪਨ ਨੇ ਕੀ ਲੈਣਾ ਪੜ੍ਹ ਕੇ ਯਾਰ ਸਿਕੰਦਰ ਨੂੰ।
ਜਿਸਦੇ ਪੈਰਾਂ ਦੇ ਵਿੱਚ ਛਾਲੇ, ਸੀਨੇ ਅੰਦਰ ਖਿੱਚ ਹੋਵੇਗੀ,
ਇੱਕ ਰਾਹੀ ਨਾ ਸਮਝ ਬੈਠਣਾ ਐਸੇ ਕਿਸੇ ਮੁਸਾਫ਼ਰ ਨੂੰ।
ਮੇਰੇ ਧੁਰ ਸੀਨੇ ਦੇ ਅੰਦਰ ਜਿਹੜਾ ਗੱਡਿਆ ਹਾਕਮ ਨੇ,
ਤਮਗ਼ਾ ਕਿਵੇਂ ਸਮਝ ਲਵਾਂ ਮੈਂ ਛਾਤੀ ਵਿਚਲੇ ਖੰਜਰ ਨੂੰ।
ਹਰ ਇੱਕ ਏਥੇ ਦੂਜੇ ਦੇ ਹੀ ਐਬ ਦਿਖਾਉਂਦਾ ਰਹਿੰਦਾ ਹੈ,
ਕੋਈ ਵੀ ਨਾ ਝਾਤੀ ਮਾਰੇ ਆਪੋ-ਆਪਣੇ ਅੰਦਰ ਨੂੰ।
ਜਿਸ ਦੇ ਵਿੱਚ ਮੁਹੱਬਤ ਦਾ, ਇੱਕ ਬੂਟਾ ਵੀ ਨਾ ਵਿਗਸੇ,
ਕੀ ਕਰੋਗੇ ਐਸੀ ਜ਼ਾਲਿਮ, ਦਿਲ ਦੀ ਧਰਤੀ ਬੰਜਰ ਨੂੰ।
ਸੰਪਰਕ: 99889-64633