ਕਾਵਿ ਕਿਆਰੀ
ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਉਮਰ ਦੇ ਪੈਂਡਿਆਂ ਦੀ ਇੱਕ ਨਦੀ ਨੂੰ ਤਰਨ ਤੋਂ ਪਹਿਲਾਂ।
ਹਜ਼ਾਰਾਂ ਵਾਰ ਮਰਦਾ ਹੈ ਇਹ ਬੰਦਾ ਮਰਨ ਤੋਂ ਪਹਿਲਾਂ।
ਜਦੋਂ ਤਕ ਡਰ ਸੀ ਦਿਲ ਅੰਦਰ ਕਦੀ ਪਾਣੀ ਨੂੰ ਛੂਹਿਆ ਨਾ,
ਕਿਨਾਰੇ ਤੇ ਖੜ੍ਹੀ ਕੀਤੀ ਮੈਂ ਬੇੜੀ ਡਰਨ ਤੋਂ ਪਹਿਲਾਂ।
ਬੜਾ ਡਰਿਆ ਹਾਂ ਝਕਿਆ ਹਾਂ ਕਿ ਇੰਝ ਹੋ ਜੂ ਕਿ ਉਂਜ ਹੋ ਜੂ,
ਬਿਗਾਨੇ ਖੂਹ ’ਚੋਂ ਲੱਜ ਦੇ ਨਾਲ ਪਾਣੀ ਭਰਨ ਤੋਂ ਪਹਿਲਾਂ।
ਤੇਰਾ ਬਸ ਇੱਕ ਇਸ਼ਾਰਾ ਹੀ ਉਹ ਮੈਨੂੰ ਸਮਝ ਨਾ ਆਇਆ,
ਅਨੇਕਾਂ ਵਾਰ ਮੈਂ ਆਇਆ ਸਾਂ ਤੇਰੀ ਸ਼ਰਨ ਤੋਂ ਪਹਿਲਾਂ।
ਸਿਰਫ਼ ਵਿਸ਼ਵਾਸ ਕੀਤਾ ਸੀ ਮੈਂ ਆਪਣੇ ਸਿਦਕ ਦੇ ਉੱਤੇ,
ਕਦੀ ਮੈਂ ਹਰਨ ਤੋਂ ਪਹਿਲਾਂ ਕਦੀ ਜਿੱਤ ਕਰਨ ਤੋਂ ਪਹਿਲਾਂ।
ਮੇਰੇ ਮਨ ਦੀ ਬੜੀ ਮਜ਼ਬੂਤ ਇੱਛਾ ਉੱਭਰ ਕੇ ਆਈ,
ਜ਼ਖ਼ਮ ਦੀ ਤਿੜਕਦੀ ਇੱਕ ਟੀਸ ਗਹਿਰੀ ਜਰਨ ਤੋਂ ਪਹਿਲਾਂ।
ਕਿ ਪਰਬਤ ਦੀ ਉਚਾਈ ਇਸ ਕਦਰ ਅਹਿਸਾਸ ਦੇਵੇਗੀ,
ਕਦੀ ਵੀ ਸੋਚਿਆ ਨਾ ਸੀ ਅਸਾਂ ਨੇ ਠਰਨ ਤੋਂ ਪਹਿਲਾਂ।
ਕਿ ਆਪਣੇ ਹੀ ਦਗਾ ਦੇ ਕੇ ਚੁਰਾਹੇ ਬਦਲ ਜਾਵਣਗੇ,
ਤੁਸਾਂ ਨੇ ਸੋਚਿਆ ਹੁੰਦਾ ਤਲੀ ਸਿਰ ਧਰਨ ਤੋਂ ਪਹਿਲਾਂ।
ਤਰਜ਼ ਬਿਜਲੀ ਦੀ ਹੁੰਦੀ ਹੈ ਰਿਦਮ ਹੁੰਦਾ ਹਵਾਵਾਂ ਦਾ,
ਜੁਗਲਬੰਦੀ ’ਚ ਆਉਂਦੇ ਨੇ ਇਹ ਬੱਦਲ ਵਰ੍ਹਨ ਤੋਂ ਪਹਿਲਾਂ।
ਕਦੀ ਚੇਪੀ ਲਗਾ ਕੇ ਪਾਟੇ ਵਰਕੇ ਜੋੜਦਾ ਨਈਂ ਹਾਂ,
ਪਰਖ ਵਿੱਚ ਸਮਝ ਰੱਖਦਾ ਹਾਂ ਮੈਂ ਯਾਰੀ ਕਰਨ ਤੋਂ ਪਹਿਲਾਂ।
ਅਸਾਂ ਦੀ ਸ਼ਕਤੀ ਨੂੰ ਬਾਲਮ ਇਹ ਦੁਸ਼ਮਣ ਜਾਣ ਜਾਂਦੇ ਸੀ,
ਅਸੀਂ ਪਹਿਲਾਂ ਹੀ ਜਿੱਤ ਜਾਂਦੇ ਸਾਂ ਬਾਜ਼ੀ ਹਰਨ ਤੋਂ ਪਹਿਲਾਂ।
ਸੰਪਰਕ: 98156-25409
ਗ਼ਜ਼ਲ
ਜਗਤਾਰ ਪੱਖੋ
ਜਦ ਤੋਂ ਸਾਡੇ ਹਾਸੇ ਵਾਦ ਵਿਵਾਦ ਬਣੇ ਨੇ।
ਕੰਧਾਂ ਦੇ ਵੀ ਆਪਸ ਵਿੱਚ ਸੰਵਾਦ ਬਣੇ ਨੇ।
ਖ਼ਾਮੋਸ਼ੀ ਵਿੱਚ ਕਿੰਜ ਲੁਕਾਵਾਂ ਪੀੜਾਂ ਤਾਈਂ,
ਹੁਣ ਤਾਂ ਇੱਥੇ ਚੁੱਪ ਦੇ ਵੀ ਅਨੁਵਾਦ ਬਣੇ ਨੇ।
ਪੈਰਾਂ ਨੂੰ ਭੁੱਲ ਸੋਚਾਂ ਦੇ ਸੰਗ ਉੱਡਣ ਲੱਗੇ,
ਚਾਨਣ ਪੀ ਕੇ ਸੱਜਣ ਆਸ਼ਾਵਾਦ ਬਣੇ ਨੇ।
ਦਿਲ ਦੀ ਧਰਤੀ ਉੱਤੇ, ਮਹੁਰਾ ਉੱਗ ਪਿਆ ਹੈ,
ਕੌੜੇ ਕੋਝੇ ਮਨ ਦੇ ਸੁਹਜ ਸਵਾਦ ਬਣੇ ਨੇ।
ਬੋਲਣ ਤੇ ਤਾਂ ਅਕਸਰ ਝਗੜੇ ਹੁੰਦੇ ਪੱਖੋ,
ਐਪਰ ਤੇਰੀ ਚੁੱਪ ਤੇ, ਯਾਰ ਵਿਵਾਦ ਬਣੇ ਨੇ।
ਸੰਪਰਕ: 94651-96946
ਸੁਪਨਾ ਨਸ਼ਾ ਮੁਕਤ ਪੰਜਾਬ ਦਾ
ਆਓ ਪੂਰਾ ਕਰੀਏ ਸੁਪਨਾ ਨਸ਼ਾ ਮੁਕਤ ਪੰਜਾਬ ਦਾ
ਬਾਬੇ ਨਾਨਕ ਦੀ ਮਿੱਟੀ ’ਚੋਂ,
ਭਗਤ ਸਿੰਘ ਦੇ ਸੁਪਨਿਆਂ ’ਚੋਂ,
ਤੇ ਮਾਵਾਂ ਦੀਆਂ ਅੱਖਾਂ ’ਚੋਂ, ਮੁੱਕ ਨਾ ਜਾਵੇ ਰੰਗ ਗੁਲਾਬ ਦਾ।
ਆਓ ਪੂਰਾ ਕਰੀਏ...
ਛਿੰਝਾਂ, ਸੱਥਾਂ ਤੇ ਸੰਗਰਾਂਦਾਂ ਨੂੰ ਭੁੱਲ ਨਾ ਜਾਇਓ,
ਛੱਡ ਪੰਜਾਬੀਅਤ ਨੂੰ, ਡਾਲਰਾਂ ’ਤੇ ਡੁੱਲ ਨਾ ਜਾਇਓ।
ਗੁਆ ਨਾ ਬੈਠਿਓ ਉਪਦੇਸ਼ ਬਾਬੇ ਨਾਨਕ ਤੇ ਮਰਦਾਨੇ ਦੀ ਰਬਾਬ ਦਾ।
ਆਓ ਪੂਰਾ ਕਰੀਏ...
ਲਹਿਲਹਾਉਂਦੀਆਂ ਫਸਲਾਂ ਦੇ ਖੇਤ, ਚਿੱਟੇ ਦੇ ਕਬਰਸਤਾਨ ਹੋ ਗਏ,
ਨਲੂਏ, ਸਰਾਭੇ ਦੇ ਵਾਰਿਸ ਸਰਿੰਜਾਂ ਜੋਗੇ ਰਹਿ ਗਏ,
ਖ਼ੁਦ ਹੀ ਉਜਾੜੀ ਜਾਂਦੇ ਚਮਨ, ਭਾਰਤ ਦੇ ਤਾਜ ਦਾ।
ਆਓ ਪੂਰਾ ਕਰੀਏ ਸੁਪਨਾ...
ਗਿੱਧੇ, ਭੰਗੜੇ ਤੇ ਕਦੇ ਉੱਚੀਆਂ ਹੇਕਾਂ ਗੂੰਜਦੀਆਂ ਸੀ,
ਚੜ੍ਹੀ ਕਾਲਖ ਨਸ਼ਿਆਂ ਦੀ ਤੇ ਅੱਜ ਵੈਣ ਗੂੰਜਦੇ ਨੇ,
ਅਬਦਾਲੀ, ਫਰੰਗੀਆਂ ਫੇਰ ਗੰਧਲਾ ਕੀਤਾ ਪਾਣੀ ਪੰਜ ਆਬ ਦਾ।
ਆਓ ਪੂਰਾ ਕਰੀਏ...
ਰੱਖੜੀਆਂ, ਗਾਨੇ ਸਜਾਉਣ ਲਈ ਗੁੱਟ ਮੁਕਦੇ ਜਾਂਦੇ ਨੇ,
ਭਾਈਚਾਰੇ, ਪਿਆਰ ਤੇ ਸਾਂਝ ਦੇ ਸੋਮੇ ਸੁਕਦੇ ਜਾਂਦੇ ਨੇ,
ਆਉਣ ਵਾਲੀਆਂ ਨਸਲਾਂ ਨੂੰ ਕੀ ਦੇਈਏ ਤੋਹਫ਼ਾ ਜਿਉਣ ਯੋਗ ਸਮਾਜ ਦਾ।
ਆਓ ਪੂਰਾ ਕਰੀਏ...
ਆਓ ਫਿਰ ਤੋਂ ਸ਼ੰਘਰਸ਼ ਦੇ ਮੋਰਚੇ ਮੱਲੀਏ,
ਸਾਨੂੰ ਉਜਾੜਨ ਵਾਲੀਆਂ ਚਾਲਾਂ ਠੱਲ੍ਹੀਏ,
ਆਪਸੀ ਵੈਰ-ਵਿਰੋਧ ਦੀ ਲਾਹਕੇ ਮਾਲਾ
ਫੇਰ ਲਈਏ ਸੁਪਨਾ ਸੂਹੇ ਪੰਜਾਬ ਵਾਲਾ,
ਏਹੋ ਹੋਕਾ ਯਾਰੋ ਡਾਕਟਰ ਜਸਪਾਲ ਦਾ
ਆਓ ਪੂਰਾ ਕਰੀਏ ਸੁਪਨਾ ਨਸ਼ਾ ਮੁਕਤ ਪੰਜਾਬ ਦਾ।
ਸੰਪਰਕ: 94780-11059