For the best experience, open
https://m.punjabitribuneonline.com
on your mobile browser.
Advertisement

ਕਾਵਿ ਕਿਆਰੀ

04:05 AM Mar 16, 2025 IST
ਕਾਵਿ ਕਿਆਰੀ
Advertisement

ਹਾਸਲ

ਕੁਲਵਿੰਦਰ ਵਿਰਕ
ਅਣਜਾਣੇ ਰਾਹਾਂ ’ਚੋਂ ਲੰਘ ਆਇਆ ਹਾਂ, ਆਪਣਾ ਆਪ ਬਚਾ ਕੇ,
ਕਈ ਕਵਿਤਾਵਾਂ ਮਿਲ ਜਾਵਣ ਮੈਨੂੰ, ਸ਼ਬਦਾਂ ਦੇ ਕੋਲ ਆ ਕੇ।
ਕਈ ਤਜਰਬੇ ਮਿਲ ਜਾਂਦੇ ਨੇ, ਧੁੱਪਾਂ-ਛਾਵਾਂ ਹੰਢਾ ਕੇ,
ਬੜਾ ਕੁਝ ਹਾਸਲ ਕਰ ਲਿਆ ਏ, ਅਸੀਂ ਬੜਾ ਕੁਝ ਗਵਾ ਕੇ।

Advertisement

ਮਾਂ ਵੀ ਤੁਰ ਗਈ, ਬਾਪ ਵੀ ਤੁਰ ਗਿਆ, ਪਿੰਡੋਂ ਵੀ ਤੁਰ ਆਏ,
ਜਿਹੜੇ ਨਗ਼ਮੇ ਦਿਲ ਦੁਖਾਉਂਦੇ, ਅਸੀਂ ਉਹੀਓ ਨਗ਼ਮੇ ਗਾਏ।
ਵਿੱਚ ਪਰਦੇਸੀਂ ਦੁੱਖ-ਸੁੱਖ ਕੋਈ, ਸੁਣਦਾ ਨਹੀਂ ਮੋਢੇ ਲਾ ਕੇ,
ਬੜਾ ਕੁਝ ਹਾਸਲ ਕਰ ਲਿਆ ਏ, ਅਸੀਂ ਬੜਾ ਕੁਝ ਗਵਾ ਕੇ।

Advertisement
Advertisement

ਕਾਰਾਂ, ਕੋਠੀਆਂ ਬਣ ਗਈਆਂ, ਧੀਆਂ-ਪੁੱਤਰ ਵੱਡੇ ਹੋ ਗਏ,
ਧੀਆਂ ਗੇੜਾ ਮਾਰ ਜਾਂਦੀਆਂ, ਪਰ ਪੁੱਤਰ ਕੱਬੇ ਹੋ ਗਏ।
ਨਾ ਸ਼ਹਿਰੀ ਬਣੇਂ ਨਾ ਪੇਂਡੂ ਰਹਿਗੇ, ਫਸੇ ਵਿੱਚ-ਵਿਚਾਲੇ ਆ ਕੇ,
ਬੜਾ ਕੁਝ ਹਾਸਲ ਕਰ ਲਿਆ ਏ, ਅਸੀਂ ਬੜਾ ਕੁਝ ਗਵਾ ਕੇ।

ਪਿੰਡ ਵੀ ਹੁਣ ਉਹ ਪਿੰਡ ਨਾ ਰਹਿਗੇ, ਵਿੱਚ ਪਰਦੇਸੀਂ ਖਿੱਲਰ ਗਏ,
ਮਾਂ-ਪਿਓ ਵੀ ਓਧਰ ਤੁਰਦੇ ਜਾਂਦੇ, ਜਵਾਕ ਜਿਨ੍ਹਾਂ ਦੇ ਜਿੱਧਰ ਗਏ।
ਯਾਦ ਸੱਥਾਂ ਦੀ ਆਉਂਦੀ ‘ਵਿਰਕਾ’, ਵਿੱਚ ਪਾਰਕਾਂ ਜਾ ਕੇ,
ਬੜਾ ਕੁਝ ਹਾਸਲ ਕਰ ਲਿਆ ਏ, ਅਸੀਂ ਬੜਾ ਕੁਝ ਗਵਾ ਕੇ।
ਸੰਪਰਕ: 78146-54133

ਗ਼ਜ਼ਲ

ਅਮਨਦੀਪ ਦਰਦੀ

ਤੇਰਾ ਮੇਰਾ ਪਿਆਰ ਨਾ ਹੁੰਦਾ।
ਜੇ ਤੂੰ ਸ਼ਬਦੋਂ ਪਾਰ ਨਾ ਹੁੰਦਾ।

ਕਿੰਝ ਚਾਨਣ ਦੀ ਕੀਮਤ ਪੈਂਦੀ,
ਜੇਕਰ ਅੰਧਕਾਰ ਨਾ ਹੁੰਦਾ।

ਸੋਹਣੀ ਬਾਰੇ ਕੌਣ ਜਾਣਦਾ,
ਮਹੀਂਵਾਲ ਜੇ ਪਾਰ ਨਾ ਹੁੰਦਾ।

ਪਤਾ ਹੁੰਦਾ ਪ੍ਰਸੰਸਾ ਹੋਣੀ,
ਐਵੇਂ ਕੋਈ ਸ਼ਿੰਗਾਰ ਨਾ ਹੁੰਦਾ।

ਸੱਚ ਨੂੰ ਆਂਚ ਨਾ ਆਵੇ ਕੋਈ,
ਝੂਠ ਦਾ ਬੇੜਾ ਪਾਰ ਨਾ ਹੁੰਦਾ।

‘ਦਰਦੀ’ ਇਸ਼ਕ ਗਲ਼ੀ ਨਾ ਛੱਡਦੇ,
ਮਾਰਗ ਖੰਡੇਧਾਰ ਨਾ ਹੁੰਦਾ।

ਮਨ

ਮਨਜੀਤ ਸਿੰਘ ਬੱਧਣ

ਕੋਈ ਆ ਸਮਝਾਵੇ ਮਨ ਨੂੰ, ਇਹ ਆਖੇ ਨਾ ਲੱਗਦਾ।
ਇਹ ਕਦੇ ਬਣੇ ਸੀਤ ਚੰਨ, ਕਦੇ ਸੂਰਜ ਵਾਂਗ ਮਘਦਾ।
ਦਿਨ ਵੇਲੇ ਤੱਕੇ ਤਾਰੇ, ਹੋ ਦੀਵਾ ਤੂਫ਼ਾਨ ਵਿੱਚ ਜਗਦਾ,
ਕੋਈ ਆ ਸਮਝਾਵੇ ਮਨ ਨੂੰ, ਇਹ ਆਖੇ ਨਾ ਲੱਗਦਾ।

ਇਸ ਮਨ ਨੂੰ ਠੱਲਾਂ, ਰੋਕਾਂ, ਮਨਾਵਾਂ ਕਦੇ ਵਰਜ ਰਿਹਾਂ।
ਮਿੰਨਤਾਂ-ਤਰਲੇ ਕੀਤੇ, ਹਾੜੇ ਕੱਢਾਂ, ਕਰ ਅਰਜ਼ ਰਿਹਾਂ।
ਚਿਣਗ ਦਾ ਸਤਾਇਆ, ਫੜਨ ਜਾਵੇ ਭਬੂਕਾ ਅੱਗ ਦਾ,
ਕੋਈ ਆ ਸਮਝਾਵੇ ਮਨ ਨੂੰ, ਇਹ ਆਖੇ ਨਾ ਲੱਗਦਾ।

ਦੁਨੀਆ ਰੰਗ-ਬਰੰਗੀ, ਨਾ ਸਾਰੀ ਮਾੜੀ ਨਾ ਬਾਹਲੀ ਚੰਗੀ।
ਲੱਗਿਆ ਫਿਰੇ ਦੁਨੀਆ ਮਗਰੇ, ਜਾਨ ਮੇਰੀ ਸੂਲੀ ਟੰਗੀ।
ਬੇ-ਸਮਝੇ ਨਾਲ ਕਰ ਮਿੱਠੀਆਂ ਗੱਲਾਂ, ਹਰ ਕੋਈ ਠੱਗਦਾ,
ਕੋਈ ਆ ਸਮਝਾਵੇ ਮਨ ਨੂੰ, ਇਹ ਆਖੇ ਨਾ ਲੱਗਦਾ।

ਮਨਾ! ਜੱਗ ਵਿੱਚ ਅੱਜ ਹਾਂ, ਪਤਾ ਨਹੀਂ ਕਿੱਥੇ ਕੱਲ੍ਹ ਹੋਣਾ।
ਤੁਰ ਵੰਞਣਾ ਇੱਕ ਵਾਰ, ਕੋਈ ਸੁਨੇਹਾ ਵੀ ਨਾ ਘੱਲ ਹੋਣਾ।
ਅਗਲੇ ਪਲ ਭੁੱਲ ਵੰਞਣਾ, ਬਣਿਆ ਦਾਸ ਜਿਸ ਜੱਗ ਦਾ,
ਇਹ ਅੱਥਰਾ ਮਨ ਮਨਜੀਤ ਦਾ, ਆਖੇ ਨਾ ਲੱਗਦਾ।

Advertisement
Author Image

Ravneet Kaur

View all posts

Advertisement