ਕਵਿਤਾ ਮੇਰੇ ਲਈ ਜ਼ਹਿਰ ਨੂੰ ਊਰਜਾ ਵਿੱਚ ਬੰਨ੍ਹਣ ਦਾ ਹੁਨਰ ਹੈ
ਅਮਰਜੀਤ ਕੌਂਕੇ
ਸੁਖ਼ਨ ਭੋਇੰ 26
ਮੈਂ ਸਦਾ ਹੀ ਆਪਣੀ ਕਵਿਤਾ ਬਾਰੇ ਕੁਝ ਲਿਖਣ/ਆਖਣ ਤੋਂ ਝਿਜਕਦਾ ਰਿਹਾ ਹਾਂ। ਇਸ ਦਾ ਕਾਰਨ ਸ਼ਾਇਦ ਇਹ ਰਿਹਾ ਹੈ ਕਿ ਮੈਨੂੰ ਕਵਿਤਾ ਸਦਾ ਹੀ ਕਿਸੇ ਰਹੱਸ ਵਾਂਗ ਮਹਿਸੂਸ ਹੁੰਦੀ ਰਹੀ ਹੈ- ਅਬੁੱਝ, ਅਣਕਿਆਸੀ ਤੇ ਅਚਨਚੇਤ। ਆਪਣੀ ਸਿਰਜਣਾ ਪ੍ਰਕਿਰਿਆ ਦੇ ਅਬੁੱਝ ਰਹੱਸ ਜਾਣਨ ਲਈ ਮੈਂ ਕਵਿਤਾ ਦੀਆਂ ਗਲੀਆਂ ’ਚੋਂ ਗੁਜ਼ਰਦਾ ਆਪਣੀ ਸਿਰਜਣਾ ਦੇ ਆਦਿ ਸਰੋਤ ਵੱਲ ਪਰਤਦਾ ਅਤੇ ਅਤੀਤ ਦੀ ਪੁਸਤਕ ਦੇ ਵਰਕੇ ਫਰੋਲਦਾ ਹਾਂ।
ਮੇਰੀ ਸਿਰਜਣਾ ਦੇ ਮੁੱਢਲੇ ਸ੍ਰੋਤ ਮੈਨੂੰ ਮੇਰੇ ਬਚਪਨ ਵਿਚ ਪਏ ਮਿਲਦੇ ਹਨ- ਬਲਕਿ ਬਚਪਨ ਤੋਂ ਵੀ ਕਿਤੇ ਪਿਛਾਂਹ। ਸ਼ਬਦਾਂ ਤੇ ਦੁੱਖਾਂ ਦੀ ‘ਗੁੜ੍ਹਤੀ’ ਜਨਮ ਤੋਂ ਹੀ ਮੇਰੇ ਹੋਠਾਂ ਨੂੰ ਲਾ ਦਿੱਤੀ ਗਈ ਸੀ। ਇਸ ਲਈ ਬਚਪਨ ’ਚ ਹੀ ਸ਼ਬਦਾਂ ਨਾਲ ਅਜੀਬ ਜਿਹਾ ਰਿਸ਼ਤਾ ਜੁੜ ਗਿਆ ਸੀ। ਘਰ ਦੀਆਂ ਤੰਗੀਆਂ ਤੁਰਸ਼ੀਆਂ ਨੇ ਨਿੱਕੀ ਉਮਰ ’ਚ ਚਾਰੇ ਪਾਸੇ ਇਕ ਤਲਖ਼ ਅਤੇ ਅਜਨਬੀ ਜਿਹੇ ਵਾਤਾਵਰਣ ਦੀ ਉਸਾਰੀ ਸ਼ੁਰੂ ਕਰ ਦਿੱਤੀ। ਇਸ ਮਾਹੌਲ ਵਿਚ ਪੁਸਤਕਾਂ ਨਾਲ ਦੋਸਤੀ ਹੋਣੀ ਬਹੁਤ ਹੀ ਸੁਭਾਵਿਕ ਕਰਮ ਸੀ। ਮੇਰਾ ਬਚਪਨ ਉਸ ਕੈਕਟਸ ਵਾਂਗ ਸੀ ਜਿਸ ਦੀਆਂ ਜੜ੍ਹਾਂ ਨੂੰ ਪਾਣੀ ਨਸੀਬ ਨਹੀਂ ਹੁੰਦਾ, ਰੁੱਖੀ ਹਵਾ, ਬਲਦੀ ਦੁਪਹਿਰ, ਅਣਸੁਖਾਵਾਂ ਮੌਸਮ, ਪਰ ਫਿਰ ਵੀ ਉਸ ਕੈਕਟਸ ’ਤੇ ਇੱਕ ਨਿੱਕਾ ਜਿਹਾ ਫੁੱਲ ਖਿੜ ਪੈਂਦਾ ਹੈ- ਕਵਿਤਾ ਦਾ ਫੁੱਲ।
ਅਜਿਹੇ ਮਾਹੌਲ ਵਿਚ ਮੈਂ ਸ਼ਬਦਾਂ ਦੇ ਅੰਗ ਸੰਗ ਰਹਿੰਦਾ, ਸ਼ਬਦਾਂ ’ਚ ਵਿਚਰਦਾ ਹੌਲੀ-ਹੌਲੀ ਅੱਖਰ ਜੋੜਨ ਦੀ ਥੋੜ੍ਹੀ-ਥੋੜ੍ਹੀ ਜਾਚ ਸਿੱਖਣ ਲੱਗਿਆ। ਆਲੇ-ਦੁਆਲੇ ਦੇ ਮਾਹੌਲ ਖਿਲਾਫ਼ ਮੈਂ ਆਪਣੀ ਕਵਿਤਾ ਵਿਚ ਆਪਣਾ ਮਨ-ਇੱਛਤ ਸੰਸਾਰ ਸਿਰਜ ਲਿਆ। ਇਹ ਇਸ ਤਰ੍ਹਾਂ ਸੀ ਜਿਵੇਂ ਕੋਈ ਰੇਗਿਸਤਾਨ ’ਚ ਵਸਦਿਆਂ ਆਪਣੇ ਮਨ ਦੇ ਕਿਸੇ ਕੋਨੇ ’ਚ ਇਕ ਨਿੱਕਾ ਜਿਹਾ ਨਖਲਿਸਤਾਨ ਸਿਰਜ ਲਵੇ। ਇਸ ਸੰਸਾਰ ਵਿਚ ਮੈਂ ਖੇਡਣਾ ਅਤੇ ਪਰਚਣਾ ਸਿੱਖ ਲਿਆ। ਇਸ ਸੰਸਾਰ ਵਿਚ ਸਭ ਕੁਝ ਮਨ ਵਰਗਾ ਸੀ। ਮੇਰੀ ਸਿਰਜਣਾ ਦਾ ਮੁੱਢਲਾ ਦੌਰ ਜੀਵਨ ਦੇ ਇਸ ਕਰੂਰ ਯਥਾਰਥ ਦੇ ਵਿਰੋਧ ’ਚ ਸ਼ਬਦਾਂ ਦੇ ਇਕ ਸੂਖ਼ਮ ਜਗਤ ਦੀ ਸਿਰਜਣਾ ਹੀ ਸੀ:
ਨਜ਼ਮ ਉਂਜ ਮਹਬਿੂਬ ਨਹੀਂ ਹੈ
ਫਿਰ ਵੀ ਰਾਤ ਜਦੋਂ
ਬਰਫ਼ ਦੀ ਸਿੱਲ ਵਾਂਗ ਜੰਮ ਜਾਵੇ
ਤਾਂ ਚਿਪਕ ਜਾਂਦੀ ਹੈ
ਛਾਤੀ ਨਾਲ ਨਜ਼ਮ
ਚੁੰਮਦੀ ਹੈ ਕਦੇ ਹੋਠਾਂ ਨੂੰ ਕਦੇ ਮੱਥੇ ਨੂੰ
ਖੋਲ੍ਹਦੀ ਕਦੇ ਬੰਦ ਕਰਦੀ ਹੈ
ਪਲਕਾਂ ਦੇ ਕਿਵਾੜ...
ਕੁਝ ਵੀ ਨਹੀਂ ਹੈ ਉਂਜ ਤਾਂ ਨਜ਼ਮ
ਪਰ ਫਿਰ ਵੀ ਜਦੋਂ ਉਦਾਸ ਹੁੰਦਾ ਹਾਂ
ਨਜ਼ਮ ਦੀ ਦਹਿਲੀਜ਼ ਤੇ ਅਲਖ਼ ਜਗਾਉਂਦਾ ਹਾਂ
ਬੂਹਾ ਖੜਕਾਉਂਦਾ ਹਾਂ...
ਇਸ ਅਤਿ-ਤਣਾਅਗ੍ਰਸਤ ਮਾਹੌਲ ਵਿਚ ਕਵਿਤਾ ਮੇਰੇ ਲਈ ਮੁਕਤੀ ਦਾ ਸਾਧਨ ਬਣ ਗਈ। ਫੈਕਟਰੀਆਂ ਦਾ ਹੁੰਮਸ ਭਰਿਆ ਮਾਹੌਲ, ਨਿੱਕੀਆਂ-ਨਿੱਕੀਆਂ ਲੋੜਾਂ, ਥੁੜ੍ਹਾਂ, ਬੇਰੁਜ਼ਗਾਰ ਮੌਸਮ ਦੇ ਥਪੇੜੇ- ਇਸ ਸਾਰੇ ਵਾਤਾਵਰਣ ’ਚ ਜਦੋਂ ਕਵਿਤਾ ਜਨਮਦੀ ਤਾਂ ਮੈਂ ਸਾਰਾ ਦੁੱਖ ਦਰਦ ਭੁਲਾ ਕੇ ਕਵਿਤਾ ਦੇ ਅਨੋਖੇ ਸੁਆਦ ਤੇ ਲੱਜ਼ਤ ਨਾਲ ਭਰ ਜਾਂਦਾ। ਕੁਝ ਪਲਾਂ ਲਈ ਮੈਂ ਇਕਦਮ ਸਹਿਜ ਤੇ ਉਤੇਜਿਤ ਇਕੱਠਾ ਹੀ ਹੁੰਦਾ। ਇਉਂ ਮੇਰੀ ਸਿਰਜਣ ਪ੍ਰਕਿਰਿਆ ਮੇਰੇ ਲਈ ਮੇਰੀ ਮੁਕਤੀ ਦੇ ਦੁਆਰ ਦੇ ਰੂਪ ’ਚ ਪ੍ਰੀਭਾਸ਼ਤ ਹੁੰਦੀ ਹੈ। ਮੈਂ ਆਪਣੀ ਮੁੱਢਲੀ ਪੁਸਤਕ ‘ਨਿਰਵਾਣ ਦੀ ਤਲਾਸ਼ ’ਚ’ ਜੀਵਨ ਦੀ ਅਜਿਹੀ ਸਹਿਜ ਸਿਰਜਣਾਤਮਕਤਾ ਨੂੰ ਹੀ ਨਿਰਵਾਣ ਮੰਨਿਆ ਹੈ:
ਫੇਰ ਜਦੋਂ
ਉਮਰਾਮਤਾ ਦਾ ਮੀਂਹ ਥੰਮਿਆ
ਤੇ ਮੈਂ
ਉਦਾਸ ਸਮੁੰਦਰ ਵਿਚੋਂ
ਕਿਸੇ ਉਦਾਸ ਜਜ਼ੀਰੇ ਵਾਂਗ ਸਿਰ ਉਭਾਰਿਆ
ਕਿ ਸਾਹਵੇਂ ਆਕਾਸ਼ ਤੇ ਉੱਗਦੇ ਸੂਰਜ ਦੀ ਟਿੱਕੀ
ਤੜਕਸਾਰ ਪਰਿੰਦਿਆਂ ਦੀ ਪਹਿਲੀ ਚਹਿਚਹਾਟ
ਕਲੋਲ ਕਰਦੇ ਪੰਛੀਆਂ ਦਾ ਸੰਗੀਤ
ਤੇ ਖੇਡਦੇ ਬੱਚੇ ਦੀ ਕਿਲਕਾਰੀ
ਕੀ ਮੁਕਤੀ ਨਹੀਂ ਸੀ?
ਮੇਰੀ ਸਿਰਜਣਾ ਦਾ ਦਾਇਰਾ ਸਦਾ ਸਮੁੱਚਾ ਸਗਲਾ ਮਨੁੱਖ ਰਿਹਾ ਹੈ ਭਾਵੇਂ ਮੈਂ ਆਪਣੀ ਕਵਿਤਾ ਨੂੰ ਅਮੂਮਨ ‘ਮੈਂ’ ਨਾਲ ਸਬੰਧਤ ਕਰ ਕੇ ਪੇਸ਼ ਕਰਦਾ ਰਿਹਾ ਹਾਂ। ‘ਮੈਂ’ ਮੇਰੀ ਕਵਿਤਾ, ਮੇਰੀ ਸਿਰਜਣਾ ਦੀ ਇਕ ਕਾਵਿ-ਜੁਗਤ ਹੀ ਹੈ ਜਿਸ ਵਿਚੋਂ ਮੇਰੇ ਆਲੇ-ਦੁਆਲੇ ’ਚ ਵਿਚਰਦੇ ਮਨੁੱਖਾਂ ਦੀਆਂ ਆਹਤ ਸੰਵੇਦਨਾਵਾਂ ਦੀ ਕਾਵਿਕ ਪੇਸ਼ਕਾਰੀ ਹੁੰਦੀ ਹੈ। ‘ਮੈਂ’ ਨਾਲ ਸਬੰਧਿਤ ਕਰ ਕੇ ਮੈਂ ਕੁਰਸੀਆਂ ਬੁਣਨ ਵਾਲੇ ਬਾਰੇ ਕਵਿਤਾ ਲਿਖੀ ਜਿਹੜਾ ਮੇਰੇ ਸਾਹਮਣੇ ਬੈਠਾ ਕੁਰਸੀਆਂ ਬੁਣਦਾ, ਇਕ ਤਾਰ ਦੱਬਦਾ ਕਦੇ ਦੋ ਚੁੱਕਦਾ ਮੈਨੂੰ ਕਿਸੇ ਖ਼ੁਦਾ ਵਾਂਗ ਲੱਗਦਾ ਹੈ। ਉਸ ਦੇ ਸਹਿਜ, ਸਬਰ ਅਤੇ ਉਸ ਸਾਹਮਣੇ ਬੈਠੇ ਮੇਰੇ ਮਨ ਅੰਦਰਲੀ ਬੇਚੈਨੀ, ਦੋਵੇਂ ਹੀ ਸਾਡੇ ਦੋਹਾਂ ਦੇ ਵਿਅਕਤੀਗਤ ਨਹੀਂ ਸਗੋਂ ਇਹ ਦੋਵੇਂ ਪਾਤਰ, ਦੋਵੇਂ ਕਿਰਿਆਵਾਂ, ਦੋ ਵਰਗਾਂ ਦੀਆਂ ਭਾਵਨਾਵਾਂ ਵਜੋਂ ਪੇਸ਼ ਹੁੰਦੀਆਂ ਹਨ। ਇਸੇ ਤਰ੍ਹਾਂ ਮੋਗੇ ਦੇ ਬੱਸ ਅੱਡੇ ’ਤੇ ਚਾਕੂ ਛੱਲੇ ਵੇਚਦਾ ਛਿੰਦਾ ਮੇਰੀ ਕਵਿਤਾ ਵਿਚ ਨਾਇਕ ਬਣਦਾ ਹੈ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਇਹ ਸਾਧਾਰਨ ਜਿਹਾ ਅਣਗੌਲਿਆ ਪਾਤਰ ਕਿਵੇਂ ਮੇਰੀ ਸਿਰਜਣਾ ਦੇ ਸੰਸਾਰ ’ਚ ਪ੍ਰਵੇਸ਼ ਕੀਤਾ ਤੇ ਮੇਰੀ ਕਵਿਤਾ ਵਿੱਚ ਛਾ ਗਿਆ। ਮੰਦਿਰ ਸਾਹਮਣੇ ਬੈਠੇ ਨਿੱਕੇ ਨਿੱਕੇ ਬੱਚਿਆਂ ਤੇ ਮੈਰੇਜ ਪੈਲੇਸ ਵਿਚ ਨਿੱਕੀ ਉਮਰੇ ਸ਼ਰਾਬ ਵਰਤਾਉਂਦੇ ਮਾਸੂਮਾਂ ਵਿਚ ਮੈਨੂੰ ਆਪਣਾ ਆਪ ਤੁਰਦਾ ਮਹਿਸੂਸ ਹੋਣ ਲੱਗ ਪੈਂਦਾ ਹੈ। ਬੱਸ ਵਿਚ ਗੀਤ ਗਾ ਰਹੀ ਨਿੱਕੀ ਜਿਹੀ ਕੁੜੀ ਮੈਨੂੰ ਆਪਣੀ ਬੱਚੀ ਮਹਿਸੂਸ ਹੋਣ ਲੱਗਦੀ ਹੈ ਤੇ ਮੇਰੇ ਮਨ ਵਿਚਲੀ ਤਰਲਤਾ ਮੇਰੀ ਕਵਿਤਾ ਵਿਚ ਆਣ ਉਤਰਦੀ ਹੈ। ਆਮ ਜੀਵਨ ਵਿਚ ਆਪਣੇ ਜਾਪਦੇ ਇਨ੍ਹਾਂ ਪਾਤਰਾਂ ਦੇ ਐਨ ਉਲਟ ਅਨੇਕ ਥਾਂ ਮੇਰੀਆਂ ਕਵਿਤਾਵਾਂ ਵਿਚ ਸਿਧਾਰਥ ਤੇ ਰਾਮ ਜਿਹੇ ਮਹਾਂਨਾਇਕਾਂ ਸਾਹਮਣੇ ਵੀ ਪ੍ਰਸ਼ਨਚਿੰਨ੍ਹ ਲੱਗਦੇ ਪ੍ਰਤੀਤ ਹੁੰਦੇ ਹਨ:
ਫੇਰ ਮੇਰੇ ਅੰਦਰੋਂ ਅਚਾਨਕ
ਕੋਈ ਇਲਹਾਮ ਹੁੰਦਾ
ਤੇ ਮੇਰੇ ਅੰਦਰੋਂ ‘ਮੈਂ’ ਜਾਗਦਾ
ਬੋਧ ਬਿਰਖ ਦੇ ਥੱਲੇ ਬੈਠੇ
ਮੈਂ ਸਿਧਾਰਥ ਨੂੰ ਆਖਦਾ-
ਕਿ ਮੈਂ ਜਿਊਂਵਾਂਗਾ
ਜਿਵੇਂ ਫੁੱਲ ਖਿੜਦਾ ਤੇ ਮੁਰਝਾ ਜਾਂਦਾ ਹੈ
ਮੈਂ ਜਿਊਂਵਾਂਗਾ
ਆਪਣੀ ਕਵਿਤਾ ਵਿਚ
ਮੈਂ ਆਪਣੇ ਬੱਚਿਆਂ
ਫਿਰ ਉਨ੍ਹਾਂ ਦੇ ਬੱਚਿਆਂ ਵਿਚ ਜਿਊਵਾਂਗਾ
ਤੂੰ ਮੈਨੂੰ ਜਿਊਣ ਦੇ...।
... ... ...
ਰਾਮ ਜਿਵੇਂ ਬਨਵਾਸ ਤੋਂ ਪਰਤਿਆ ਸੀ
ਮੈਂ ਵੀ ਪਰਤ ਕੇ ਆਵਾਂਗਾ/ ਇਕ ਨਾ ਇਕ ਦਿਨ
ਮੈਨੂੰ ਪਤਾ ਹੈ
ਕਿ ਮੇਰੇ ਪਰਤਣ ’ਤੇ/ ਮੇਰੀ ਅਯੁੱਧਿਆ ਵਿਚ
ਦੀਵੇ ਨਹੀਂ ਜਗਣੇ
ਨਾ ਹੀ ਘਰ ਘਰ ਵੰਡੀ ਜਾਣੀ ਹੈ ਮਠਿਆਈ
ਪਰ ਮਹਾਂਕਾਵਿ ਤੇ ਕਵਿਤਾ ਵਿਚ
ਏਨਾ ਫਰਕ ਕਿਵੇਂ ਹੋ ਜਾਂਦਾ
ਮੈਨੂੰ ਪਤਾ ਨਹੀਂ ਲੱਗਦਾ...।
ਸਹਿਜ ਤੇ ਸਰਲ, ਆਮ ਸਾਧਾਰਨ ਮਨੁੱਖ ਨੂੰ ਨੇੜਿਉਂ ਤੱਕਣ ਦੀ ਲੋਚਾ ਮੇਰੀ ਕਵਿਤਾ ’ਚ ਹਮੇਸ਼ਾ ਬਰਕਰਾਰ ਰਹੀ ਹੈ। ਮੇਰੀ ਧਾਰਨਾ ਹੈ ਕਿ ਹਰ ਕਵਿਤਾ, ਕਵਿਤਾ ਦਾ ਹਰ ਪਹਿਲਾ ਸ਼ਬਦ, ਆਮ ਸਾਧਾਰਨ ਮਨੁੱਖ ਦੇ ਮਨ ਦੀ ਮਿੱਟੀ ਵਿਚੋਂ ਫੁੱਟਦਾ ਹੈ ਤੇ ਹਰ ਕਵਿਤਾ, ਇਕ ਕਵੀ ਤੋਂ ਪਹਿਲਾਂ ਆਮ ਲੋਕਾਂ ਦੇ ਮਨ ਦੀ ਧਰਤੀ ’ਚੋਂ ਉਗਮਦੀ ਹੈ- ਕਵੀ ਕੋਲ ਤਾਂ ਇਹ ਬਹੁਤ ਦੇਰ ਬਾਅਦ ਪ੍ਰਗਟ ਹੁੰਦੀ ਹੈ। ਮੇਰਾ ਇਹ ਵਿਸ਼ਵਾਸ ਹੈ ਕਿ ਜਿਨ੍ਹਾਂ ਲੋਕਾਂ ਲਈ ਜਾਂ ਜਿਨ੍ਹਾਂ ਬਾਰੇ ਤੁਸੀਂ ਕਵਿਤਾ ਲਿਖਦੇ ਹੋ ਜੇ ਤੁਹਾਡੀ ਕਵਿਤਾ ਦੇ ਸ਼ਬਦਜਾਲ ਨੂੰ ਉਹੀ ਨਹੀਂ ਸਮਝ ਸਕਦੇ ਤਾਂ ਅਜਿਹੀ ਕਵਿਤਾ ਸਿਰਫ਼ ਸ਼ਬਦਾਂ ਦੇ ਜਾਲ ਤੋਂ ਬਿਨਾਂ ਕੁਝ ਨਹੀਂ।
ਮੇਰੀ ਕਵਿਤਾ ਮੇਰੇ ਜੀਵਨ, ਮੇਰੇ ਸਮਿਆਂ ਦੇ ਸਮਾਜ ਦਾ ਵਾਸਤਵਿਕ ਯਥਾਰਥਕ ਚਿੱਤਰ ਪੇਸ਼ ਕਰਦੀ ਹੈ। ਮੇਰੀਆਂ ਕਵਿਤਾਵਾਂ ਵਿਚ ਉਹੋ ਜਿਹਾ ਸੰਸਾਰ ਹੀ ਪੇਸ਼ੋ ਪੇਸ਼ ਹੈ ਜਿਸ ਤਰ੍ਹਾਂ ਦਾ ਇਨ੍ਹਾਂ ਕਵਿਤਾਵਾਂ ਦੇ ਰਚਨਾ ਕਾਲ ਵੇਲੇ ਹਾਜ਼ਰ ਸੀ। ਮੇਰੀਆਂ ਕਵਿਤਾਵਾਂ ਨੂੰ ਉਨ੍ਹਾਂ ਦੇ ਸਿਰਜਣ ਵਰ੍ਹਿਆਂ ਦੇ ਪਰਿਪੇਖ ਵਿਚ ਪੜ੍ਹਦਿਆਂ ਤੁਸੀਂ ਉਨ੍ਹਾਂ ਵੇਲਿਆਂ ਦੇ ਇਤਿਹਾਸਕ, ਰਾਜਨੀਤਕ, ਸਮਾਜਿਕ ਹਾਲਾਤ ਦੇ ਵੇਰਵਿਆਂ ਨੂੰ ਜਾਣਨ ਵਿਚ ਕਾਮਯਾਬ ਹੋ ਸਕਦੇ ਹੋ। ਮੇਰੀ ਕਵਿਤਾ ਵਿਚ ਆਪਣੇ ਸਮਕਾਲੀ ਸਮਿਆਂ ਦੀਆਂ ਧੁਨੀਆਂ ਸੁਣਾਈ ਦਿੰਦੀਆਂ ਹਨ। ‘ਨਿਰਵਾਣ ਦੀ ਤਲਾਸ਼ ‘ਚ’ ਤੋਂ ਲੈ ਕੇ ‘ਪਿਆਸ’ ਤੱਕ ਮੇਰੀਆਂ ਸਾਰੀਆਂ ਪੁਸਤਕਾਂ ਵਿਚ ਸਮਕਾਲੀ ਸਮਾਜਿਕ ਜੀਵਨ ਯਥਾਰਥ ਵਿਚ ਵਾਪਰਦੇ ਪਰਿਵਰਤਨਾਂ ਤੇ ਸੰਕਟਾਂ ਦੇ ਅਨੇਕ ਝਲਕਾਰੇ ਵੇਖਣ ਨੂੰ ਮਿਲ ਸਕਦੇ ਹਨ।
ਕਾਵਿ-ਸਿਰਜਣਾ ਮੇਰੇ ਮਨ ’ਚ ਵਕਤ ਅਤੇ ਅਹਿਸਾਸ ਦੇ ਨਿੱਕੇ-ਨਿੱਕੇ ਟੁਕੜਿਆਂ ਦਾ ਹੌਲੀ-ਹੌਲੀ ਜੁੜਨਾ ਹੈ। ਅਚਾਨਕ ਇਹ ਨਿੱਕੇ-ਨਿੱਕੇ ਟੁਕੜੇ ਇਕਦਮ ਵਿਸਫੋਟ ’ਚ ਖਿਲਰਦੇ ਹਨ ਤੇ ਕਵਿਤਾ ਪ੍ਰਗਟ ਹੁੰਦੀ ਹੈ। ਬਹੁਤ ਵਾਰ ਇਹ ਪ੍ਰਕਿਰਿਆ ਵਰ੍ਹਿਆਂ ਤੀਕ ਲੰਮੀ ਹੁੰਦੀ ਹੈ ਤੇ ਬਹੁਤ ਵਾਰ ਸਿਰਫ਼ ਕੁਝ ਪਲਾਂ ਦੀ ਹੀ। ਬਹੁਤ ਸਾਰੀਆਂ ਘਟਨਾਵਾਂ, ਸਥਿਤੀਆਂ, ਵਿਅਕਤੀਆਂ ਸਬੰਧੀ ਮੈਂ ਵਰ੍ਹਿਆਂ ਦੇ ਬੀਤ ਜਾਣ ’ਤੇ ਵੀ ਕੁਝ ਨਹੀਂ ਲਿਖ ਸਕਿਆ (ਭਾਵੇਂ ਮੈਂ ਸਦਾ ਉਨ੍ਹਾਂ ਬਾਰੇ ਲਿਖਣ ਲਈ ਸੋਚਦਾ ਰਿਹਾ) ਪਰ ਅਨੇਕ ਵਾਰ ਮੈਂ ਇਕਦਮ ਮਨਇਛਿੱਤ ਕਵਿਤਾ ਸਿਰਜਣ ’ਚ ਸਫ਼ਲ ਹੁੰਦਾ ਰਿਹਾ ਹਾਂ। ਅਚਨਚੇਤ ਕੋਈ ਇਕ ਸ਼ਬਦ, ਕੋਈ ਇਕ ਚਿਹਰਾ, ਕੋਈ ਇਕ ਸਥਿਤੀ ਮੇਰੀ ਕਵਿਤਾ ਲਈ ਪ੍ਰੇਰਣਾ ਬਣ ਜਾਂਦੀ ਹੈ। ਮੁਹੱਬਤ ਦੀ ਸਥਿਤੀ ’ਚ ਮੈਂ ਕਿੰਨੀ ਵਾਰ ਕਿੰਨੀਆਂ-ਕਿੰਨੀਆਂ ਕਵਿਤਾਵਾਂ ਇਕੱਠੀਆਂ ਲਿਖੀਆਂ ਤੇ ਬਹੁਤ ਵਾਰ ਕਈ ਵਰ੍ਹਿਆਂ ਤੀਕ ਮੈਥੋਂ ਇਕ ਸ਼ਬਦ ਵੀ ਨਹੀਂ ਲਿਖ ਹੋਇਆ। ਕਿੰਨੀ ਵਾਰ ਇਉਂ ਲੱਗਿਆ ਕਿ ਹੁਣ ਮਨ ਦੀ ਬੰਜਰ ਧਰਤੀ ’ਚ ਕੋਈ ਫੁੱਲ ਨਹੀਂ ਖਿੜਨਾ ਪਰ ਅਚਨਚੇਤ ਕਵਿਤਾ ਜਦੋਂ ਕਿਸੇ ਬਿਜਲੀ ਵਾਂਗ ਲਿਸ਼ਕਦੀ ਹੈ ਤਾਂ ਮੈਂ ਮੁੜ ਸਾਰੇ ਦਾ ਸਾਰਾ ਕਵਿਤਾ ਬਣ ਜਾਂਦਾ ਹਾਂ। ਰਚਨਾਤਮਕਤਾ ਦਾ ਇਹ ਰਹੱਸ ਮੈਨੂੰ ਅਕਸਰ ਹੈਰਾਨ ਕਰਦਾ ਰਿਹਾ ਹੈ।
ਮੇਰੀ ਕਵਿਤਾ ਦਾ ਸ਼ਿਲਪ ਸਦਾ ਹੀ ਸਰਲ ਤੇ ਸਹਿਜ ਕਿਸਮ ਦਾ ਰਿਹਾ ਹੈ। ਮੈਂ ਆਮ ਭਾਸ਼ਾ ’ਚ ਕਵਿਤਾ ਲਿਖਣ ਵਾਲਾ ਸਾਧਾਰਨ ਜਿਹਾ ਕਵੀ ਹਾਂ- ਜਿਸ ਨੂੰ ਆਪਣੀਆਂ ਸੀਮਾਵਾਂ ਦਾ ਗਿਆਨ ਹੈ। ਮੈਨੂੰ ਆਪਣੀ ਕਵਿਤਾ ਬਾਰੇ ਕੋਈ ਬਹੁਤ ਵੱਡੇ ਭਰਮ ਭੁਲੇਖੇ ਵੀ ਨਹੀਂ। ਬੌਧਿਕ ਕਵੀ ਜਾਂ ਬੌਧਿਕ ਆਲੋਚਕਾਂ ਦਾ ‘ਵੱਡਾ ਕਵੀ’ ਅਖਵਾਉਣ ਦਾ ਵੀ ਮੈਨੂੰ ਕੋਈ ਸ਼ੌਕ ਨਹੀਂ। ਮੈਂ ਮੱਥੇ ’ਤੇ ਪੈਨ ਰੱਖ ਕੇ ਉਤਾਂਹ ਮੂੰਹ ਚੁੱਕੀ ਬੈਠੇ ਕਵੀ ਕਵਿਤਾ ਤਲਾਸ਼ਦੇ ਵੇਖੇ ਹਨ। ਮੈਂ ਆਪਣੀ ਕੋਈ ਕਵਿਤਾ ਇਸ ਤਰ੍ਹਾਂ ਬਣ ਸੰਵਰ, ਬੈਠ ਕੇ ਨਹੀਂ ਲਿਖੀ। ਫੈਕਟਰੀਆਂ ’ਚ ਕੰਮ ਕਰਦਿਆਂ ਮੈਂ ਮਸ਼ੀਨਾਂ ਦੇ ਕੰਨ ਚੀਰਵੇਂ ਰੌਲੇ ਵਿਚ ਕਾਗਜ਼ ਦੇ ਮੈਲੇ ਕੁਚੈਲੇ ਟੁਕੜਿਆਂ ’ਤੇ ਕਿੰਨੀਆਂ ਕਵਿਤਾਵਾਂ ਲਿਖੀਆਂ। ਬੱਸਾਂ ਵਿੱਚ ਸਫ਼ਰ ਕਰਦਿਆਂ ਟਿਕਟਾਂ ਦੇ ਪਿੱਛੇ ਮੈਂ ਕਈ ਵਾਰ ਕਵਿਤਾ ਲਿਖਦਾ ਰਿਹਾ। ਲਿਖਣ ਪੜ੍ਹਨ ਦੇ ਮੇਜ਼ ’ਤੇ ਬੈਠ ਕੇ ਮੈਂ ਦੁਨੀਆਂ ਭਰ ਦੇ ਹੋਰ ਸਾਰੇ ਕੰਮ ਕੀਤੇ ਪਰ ਕਵਿਤਾ ਕਦੇ ਨਹੀਂ ਲਿਖੀ। ਕਵਿਤਾ ਨੂੰ ਮੈਂ ਸਦਾ ਨਿਰਉਚੇਚ ਤੇ ਆਪਣੇ ਆਪ ਵਰਗਾ ਹੋ ਕੇ ਮਿਲਦਾ ਰਿਹਾ ਹਾਂ- ਇਸ ਲਈ ਮੈਨੂੰ ਇਸ ਦੇ ਗੁਆਚ ਜਾਣ ਦਾ ਕਦੇ ਤੌਖ਼ਲਾ ਨਹੀਂ ਰਿਹਾ:
...ਪਤਾ ਹੁੰਦੈ ਮੈਨੂੰ
ਕਿ ਕਿਤੇ ਵੀ ਤੁਰ ਜਾਣ ਭਾਵੇਂ
ਅਨੰਤ ਸੀਮਾਵਾਂ
ਅਨੰਤ ਦਿਸ਼ਾਵਾਂ ਵਿਚ ਸ਼ਬਦ
ਆਖ਼ਿਰ ਆਉਣਗੇ ਪਰਤ ਕੇ
ਮੇਰੇ ਕਵੀ-ਮਨ ਦੇ ਆਂਗਨ ’ਚ
ਭਰਨਗੇ ਸੋਂਧੀ ਮਹਿਕ ਨਾਲ ਮਨ...
ਕਵਿਤਾ ਦੀ ਨਦੀ ਮੈਨੂੰ ਸਦਾ ਮੇਰੇ ਜਿਸਮ ’ਚ ਵਗਦੀ ਮਹਿਸੂਸ ਹੁੰਦੀ ਰਹੀ ਹੈ। ਉਸ ਵੇਲੇ ਵੀ ਜਦੋਂ ਮੈਂ ਵਰ੍ਹਿਆਂ ਤੀਕ ਇਕ ਸ਼ਬਦ ਨਹੀਂ ਲਿਖ ਸਕਿਆ, ਉਦੋਂ ਵੀ ਜਦੋਂ ਮੇਰਾ ਅੰਦਰ ਬਾਹਰ ਕਵਿਤਾ ਨਾਲ ਭਰਿਆ ਪਿਆ ਸੀ। ਡਾ. ਹਰਿਭਜਨ ਸਿੰਘ ਨੇ ਇਕ ਵਾਰ ਮੇਰੀ ਪੁਸਤਕ ‘ਦਵੰਦ ਕਥਾ’ ਬਾਰੇ ਲਿਖਦਿਆਂ ਕਿਹਾ ਸੀ ਕਿ ਕਵੀ ਦੀ ਹੋਂਦ ਇਕ ਗਰਭਵਤੀ ਇਸਤਰੀ ਵਾਂਗ ਹੁੰਦੀ ਹੈ ਜਿਹੜੀ ਹਰ ਵੇਲੇ, ਸੁੱਤੀ ਜਾਂ ਜਾਗਦੀ, ਉੱਠਦੀ ਬਹਿੰਦੀ, ਰੁੱਝੀ ਜਾਂ ਵਿਹਲੀ ਆਪਣੇ ਭਾਵੀ ਬੱਚੇ ਦੀ ਆਮਦ ਬਾਰੇ ਸੋਚਦੀ ਰਹਿੰਦੀ ਹੈ। ਇਹੋ ਹਾਲ ਕਵੀ ਦਾ ਹੈ ਉਹ ਜ਼ਿੰਦਗੀ ਦੇ ਕਿਸੇ ਵੀ ਮੁਕਾਮ ’ਤੇ ਕਵਿਤਾ ਦੇ ਨਿਰੰਤਰ ਚੱਲ ਰਹੇ ਅਮਲ ਤੋਂ ਵਿਛੜ ਨਹੀਂ ਸਕਦਾ। ਉਸ ਦੇ ਰੋਜ਼ੀ ਕਮਾਉਣ ਦੇ ਨਿੱਕੇ ਨਿਗੂਣੇ ਕੰਮਾਂ ਵਿਚ ਵੀ ਕਵਿਤਾ ਦਾ ਹੁਸਨ ਦਾ ਜ਼ਹੂਰ ਹੁੰਦਾ ਹੈ। ਉਸ ਦੀ ਲਿਖਤ ਤੇ ਨਾਲਿਖਤ ਵਿਚ ਵੀ ਉਸ ਦੀ ਸ਼ਖ਼ਸੀਅਤ ਦਾ ਜਲੌਅ ਵੇਖਿਆ ਜਾ ਸਕਦਾ ਹੈ। ਕਵਿਤਾ ਦੇ ਅਮਲ ’ਚੋਂ ਗੁਜ਼ਰਦਿਆਂ, ਕਵਿਤਾ ਸਿਰਜਦਿਆਂ, ਨਾ ਸਿਰਜਦਿਆਂ ਮੈਂ ਸ਼ਬਦਾਂ ਦੇ ਓਹਲੇ ਕਿੰਨੇ ਰਹੱਸਾਂ, ਰੰਗਾਂ ਨੂੰ ਤੱਕਦਾ, ਜੀਵਨ ਦੇ ਵਿਹਾਰਕ ਕੰਮਾਂ ਕਾਰਾਂ ’ਚ ਵਿਚਰਦਾ ਆਪਣੀ ਕਵਿਤਾ ਸੰਗ ਸਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹਾਂ। ਕਵਿਤਾ ਮੇਰੇ ਲਈ ਇਕ ਕਵਚ ਵਾਂਗ ਹੈ ਜਿਹੜੀ ਮੈਨੂੰ ਸਦਾ ਬਾਹਰਲੇ ਖ਼ਤਰਿਆਂ ਤੋਂ ਸੁਰੱਖਿਅਤ ਰੱਖਦੀ ਹੈ, ਕੇਵਲ ਸੁਰੱਖਿਅਤ ਹੀ ਨਹੀਂ ਸਗੋਂ ਕਵਿਤਾ ਹੀ ਹੈ ਜੋ ਮੈਨੂੰ ਜੀਵਨ ’ਚੋਂ ਮਿਲੀ ਜ਼ਹਿਰ ਨੂੰ ਊਰਜਾ ਵਿਚ ਬੰਨ੍ਹਣ ਦਾ ਅਨੋਖਾ ਹੁਨਰ ਸਿਖਾਉਂਦੀ ਹੈ:
ਜਦੋਂ ਉਹ ਮੇਰੀ ਪਿੱਠ ਨੂੰ/ ਡੰਗੋ ਡੰਗ ਕਰ ਰਹੇ ਸਨ
ਤੇ ਮੇਰੇ ਅੰਗ ਨੂੰ ਲਹੂ ਨਾਲ ਭਰ ਰਹੇ ਸਨ
ਉਦੋਂ ਉਹ ਨਹੀਂ ਸੀ ਜਾਣਦੇ
ਕਿ ਮੈਂ/ ਬਚਪਨ ਤੋਂ ਇਹ ਜ਼ਹਿਰ
ਪੀ ਪੀ ਕੇ ਵੱਡਾ ਹੋਇਆ ਹਾਂ...
ਤੇ ਮੈਨੂੰ
ਸੱਪਾਂ ਦੀਆਂ ਸਿਰੀਆਂ ਭੰਨਣ ਦਾ
ਅਤੇ ਜ਼ਹਿਰ ਨੂੰ ਊਰਜਾ ਵਿਚ
ਬੰਨ੍ਹਣ ਦਾ
ਅਨੋਖਾ ਹੁਨਰ ਆਉਂਦਾ ਹੈ...।
ਇਉਂ ਕਵਿਤਾ ਨੇ ਮੈਨੂੰ ਜ਼ਹਿਰ ਨੂੰ ਊਰਜਾ ਵਿਚ ਪ੍ਰਵਰਤਿਤ ਕਰਨ ਦਾ ਅਨੋਖਾ ਹੁਨਰ ਦਿੱਤਾ ਹੈ। ਇਸ ਹੁਨਰ ਨੂੰ ਮੇਰਾ ਸਲਾਮ ਹੈ।
ਸੰਪਰਕ: 98142-31698