ਅਹਿਮਦਪੁਰ ’ਚ ਕਾਵਿ-ਸਿਰਜਣ ਕਾਰਜਸ਼ਾਲਾ
ਪੱਤਰ ਪ੍ਰੇਰਕ
ਮਾਨਸਾ, 4 ਫਰਵਰੀ
ਜ਼ਿਲ੍ਹਾ ਭਾਸ਼ਾ ਵਿਭਾਗ ਮਾਨਸਾ ਵੱਲੋਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਅਹਿਮਦਪੁਰ ਵਿੱਚ ਕਾਵਿ ਸਿਰਜਣ ਕਾਰਜਸ਼ਾਲਾ ਕਰਵਾਈ ਗਈ, ਜਿਸ ਦੌਰਾਨ ਸੰਸਥਾ ਦੇ ਕਰੀਬ ਚਾਲੀ ਵਿਦਿਆਰਥੀਆਂ ਨੇ ਭਾਗ ਲਿਆ। ਸੰਸਥਾ ਦੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਭਾਸ਼ਾ ਵਿਭਾਗ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਬਾਰੇ ਅਹਿਮ ਕਾਰਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਇਟ ਅਹਿਮਦਪੁਰ ਸਾਹਿਤ ਅਤੇ ਭਾਸ਼ਾ ਦੀਆਂ ਗਤੀਵਿਧੀਆਂ ਲਈ ਆਪਣੇ ਦਰਵਾਜ਼ੇ ਖੋਲ੍ਹਦੀ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਾਸ਼ਾ ਐਕਟ ਦੀ ਜਾਣਕਾਰੀ ਦਿੱਤੀ ਅਤੇ ਪੰਜਾਬੀ ਭਾਸ਼ਾ ਦੇ ਮਹੱਤਵ ਨੂੰ ਦਰਸਾਇਆ। ਉਨ੍ਹਾਂ ਕਿਹਾ ਕਿ ਇਸ ਕਾਵਿ ਸਿਰਜਣ ਕਾਰਜਸ਼ਾਲਾ ਵਿੱਚ ਰਚੀਆਂ ਕਵਿਤਾਵਾਂ ਨੂੰ ਵਿਭਾਗ ਦੇ ਰਸਾਲੇ ‘ਜਨ ਸਾਹਿਤ’ ਵਿੱਚ ਪ੍ਰਕਾਸ਼ਿਤ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਵਿਭਾਗ ਦੇ ਖੋਜ ਅਫ਼ਸਰ ਕਵੀ ਗੁਰਪ੍ਰੀਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਵਿਤਾ ਇੱਕ ਵਿਅਕਤੀਗਤ ਹੋਂਦ ਦੇ ਬਾਵਜੂਦ ਸਮਾਜਿਕ ਉਪਜ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਵਿਤਾ ਨਿਜੀ ਅਹਿਸਾਸਾਂ ਅਤੇ ਅਨੁਭਵਾਂ ਨੂੰ ਸਮਾਜਿਕ ਬਣਾਉਣ ਦਾ ਯਤਨ ਹੈ ਅਤੇ ਇਹ ਕੰਮ ਰੂਪਕਾਂ ਅਤੇ ਅਲੰਕਾਰਾਂ ਦੁਆਰਾ ਕੀਤਾ ਜਾਂਦਾ ਹੈ।