ਕਾਵਿ ਸੰਗ੍ਰਹਿ ‘ਲਫ਼ਜ਼ਾਂ ਦੇ ਸਾਗਰ’ ਲੋਕ ਅਰਪਣ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 25 ਜੁਲਾਈ
ਸ਼ਾਇਰ ਰਮਣੀਕ ਸਿੰਘ ਘੁੰਮਣ ਅਤੇ ਜਸ਼ਨਜੋਤ ਘੁੰਮਣ ਦੇ ਸਾਂਝੇ ਕਾਵਿ ਸੰਗ੍ਰਹਿ ‘ਲਫ਼ਜ਼ਾਂ ਦੇ ਸਾਗਰ’ ਦਾ ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਖੋਜ ਅਫ਼ਸਰ ਡਾ. ਜਸਵੰਤ ਰਾਏ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ ਚੌਬੇ ਅਤੇ ਯੁਵਕ ਸੇਵਾਵਾਂ ਭਲਾਈ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਵਲੋਂ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਡਾ. ਜਸਵੰਤ ਰਾਏ ਨੇ ਕਿਹਾ ਕਿ ਰਮਣੀਕ ਸਿੰਘ ਘੁੰਮਣ ਤੇ ਜਸ਼ਨਜੋਤ ਘੁੰਮਣ ਦਾ ਪਲੇਠਾ ਸਾਂਝਾ ਕਾਵਿ ਸੰਗ੍ਰਹਿ ਹੈ। ਉਨ੍ਹਾਂ ਕਿਹਾ ਕਿ ਇਸ ਕਾਵਿ ਸੰਗ੍ਰਹਿ ਵਿਚ ਜ਼ਿੰਦਗੀ ਜੀਉਣ ਦਾ ਸਲੀਕਾ, ਖੁਦ ਨੂੰ ਪਿਆਰ ਅਤੇ ਸਤਿਕਾਰ ਕਰਨ ਦਾ ਬਲ ਅਤੇ ਸਮਾਜਿਕ ਬੰਦਸ਼ਾਂ ਨੂੰ ਤੋੜ ਕੇ ਬਰਾਬਰਤਾ ਵਾਲੇ ਜੀਵਨ ਦਾ ਬਿਰਤਾਂਤ ਸਿਰਜਿਆ ਗਿਆ ਹੈ। ਲੋਕੇਸ਼ ਚੌਬੇ ਤੇ ਪ੍ਰੀਤ ਕੋਹਲੀ ਨੇ ਦੋਵੇਂ ਸਿਰਜਣਕਾਰਾਂ ਨੂੰ ਪੰਜਾਬੀ ਕਾਵਿ ਜਗਤ ਵਿਚ ਇਸ ਪਲੇਠੀ ਪਹਿਲ ਲਈ ਮੁਬਾਰਕਾਂ ਦਿੱਤੀਆਂ। ਦੋਹਾਂ ਸ਼ਾਇਰਾਂ ਨੇ ਕਿਤਾਬ ਵਿਚੋਂ ਆਪਣੀਆਂ ਨਜ਼ਮਾਂ ਵੀ ਸਰੋਤਿਆਂ ਨਾਲ ਸਾਂਝੀਆਂ ਗਈਆਂ। ਸਟੇਜ ਦਾ ਸੰਚਾਲਨ ਅਧਿਆਪਕ ਅਜੇ ਕੁਮਾਰ ਨੇ ਕੀਤਾ। ਇਸ ਮੌਕੇ ਅਮਨਜੀਤ ਕੌਰ, ਲਵਪ੍ਰੀਤ, ਲਾਲ ਸਿੰਘ, ਰਵਿੰਦਰ ਭਾਰਦਵਾਜ, ਪੁਸ਼ਪਾ ਰਾਣੀ ਮੌਜੂਦ ਸਨ।