For the best experience, open
https://m.punjabitribuneonline.com
on your mobile browser.
Advertisement

ਡਾਕੂਆਂ ਦੀਆਂ ਕਾਵਿਕ ਗਾਥਾਵਾਂ

11:58 AM Aug 31, 2024 IST
ਡਾਕੂਆਂ ਦੀਆਂ ਕਾਵਿਕ ਗਾਥਾਵਾਂ
Advertisement

ਭੋਲਾ ਸਿੰਘ ਸ਼ਮੀਰੀਆ

ਇਤਿਹਾਸਕ ਤੌਰ ’ਤੇ ਡਾਕੂਆਂ ਦੇ ਕਿੱਸੇ ਸਾਡੀ ਦਿਲਚਸਪੀ ਦਾ ਕਾਰਨ ਬਣਦੇ ਹੋਏ ਸਾਡੇ ਦ੍ਰਿਸ਼ਟੀਗੋਚਰ ਹੁੰਦੇ ਹਨ। ਇੱਕ ਸਮਾਂ ਤਾਂ ਅਜਿਹਾ ਵੀ ਸੀ ਜਦੋਂ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਰਾਤ ਨੂੰ ਜਾਂ ਵਿਹਲੇ ਸਮੇਂ ਵਿੱਚ ਕਿਸੇ ਛੰਦਾ-ਬੰਦੀ ਵਾਲੇ ਵਿਅਕਤੀ ਤੋਂ ਡਾਕੂਆਂ ਦੇ ਚਿੱਠੇ (ਕਿੱਸੇ) ਬੜੀ ਦਿਲਚਸਪੀ ਨਾਲ ਸੁਣਿਆ ਕਰਦੇ ਸਨ। ਨਵੀਂ ਤਕਨਾਲੋਜੀ, ਮੀਡੀਆ ਅਤੇ ਜ਼ਿੰਦਗੀ ਦੇ ਰੁਝੇਵਿਆਂ ਨੇ ਕਿੱਸੇ ਪੜ੍ਹਨ ਦੀ ਇਹ ਪਰੰਪਰਾ ਖ਼ਤਮ ਕਰ ਦਿੱਤੀ ਹੈ, ਪ੍ਰੰਤੂ ਪੰਜਾਬੀਆਂ ਦੇ ਚੇਤਿਆਂ ਵਿੱਚੋਂ ਅਜੇ ਵੀ ਸੂਰਮਗਤੀ ਵਾਲੀ ਭਾਵਨਾ ਮਨਫ਼ੀ ਨਹੀਂ ਹੋਈ ਹੈ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਸ਼ੁਰੂ ਤੋਂ ਹੀ ਵਿਦੇਸ਼ੀ ਧਾੜਵੀਆਂ ਜਾਂ ਹਮਲਾਵਰਾਂ ਨਾਲ ਜੂਝਦਾ ਹੋਇਆ ਬੀਰ-ਰਸੀ ਭਾਵਨਾ ਵਾਲਾ ਖਿੱਤਾ ਬਣ ਗਿਆ। ਇਸੇ ਕਰਕੇ ਬੀਰ-ਰਸੀ ਜਾਂ ਸੂਰਮਗਤੀ ਵਾਲੇ ਕਿੱਸੇ ਪੰਜਾਬੀਆਂ ਦੀ ਸਭ ਤੋਂ ਹਰਮਨ ਪਿਆਰੀ ਵਿਧਾ ਬਣ ਕੇ ਉੱਭਰਦੇ ਹਨ। ਸੂਰਮਗਤੀ ਵਾਲੀ ਧਾਰਾ ਦਾ ਸਬੰਧ ਆਪਣੇ ਆਪ ਹੀ ਡਾਕੂਆਂ ਵੱਲ ਸੇਧਤ ਹੋ ਜਾਂਦਾ ਹੈ।
ਪਹਿਲਾਂ ਜਾਣੀਏ ਕਿ ਇਹ ਡਾਕੂ ਕੌਣ ਸਨ? ਸਮੇਂ ਦੇ ਹੁਕਮਰਾਨਾਂ, ਜਾਗੀਰਦਾਰਾਂ, ਜ਼ੈਲਦਾਰਾਂ ਜਾਂ ਉਨ੍ਹਾਂ ਦੇ ਝੋਲੀ-ਚੁੱਕਾਂ ਵਿੱਚ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਦੇ ਮੰਤਵ ਨਾਲ ਲੋਕਾਂ ’ਤੇ ਤੜੀ ਰੱਖਣ ਦੀ ਭਾਵਨਾ ਹਾਵੀ ਰਹਿੰਦੀ ਸੀ। ਕੁਝ ਮਨੁੱਖ ਉਨ੍ਹਾਂ ਦੀ ਹੈਂਕੜ ਨੂੰ ਚੁਣੌਤੀ ਦਿੰਦੇ ਹੋਏ ਬਾਗੀ ਹੋ ਜਾਂਦੇ ਸਨ। ਹਕੂਮਤ ਜਾਂ ਚੌਧਰੀਆਂ ਵੱਲੋਂ ਅਜਿਹੇ ਮਨੁੱਖਾਂ ਨੂੰ ਡਾਕੂ, ਅਪਰਾਧੀ, ਲੁਟੇਰੇ ਜਾਂ ਚੋਰ ਕਿਹਾ ਜਾਣ ਲੱਗ ਪਿਆ। ਬੇਸ਼ੱਕ ਅਜਿਹੇ ਆਦਮੀ ਆਪਣੇ ਨਾਲ ਹੁੰਦੀ ਧੱਕੇਸ਼ਾਹੀ ਜਾਂ ਬੇਇਨਸਾਫ਼ੀ ਕਰਕੇ ਹੀ ਬਾਗੀ ਹੁੰਦੇ ਸਨ। ਆਪਣੀ ਨਿੱਜੀ ਰੰਜ਼ਿਸ਼ ਨਾਲ ਜੂਝਦਿਆਂ ਹੋਇਆਂ ਉਨ੍ਹਾਂ ਦੇ ਪੈਰ ਲੋਕ ਨਾਇਕ ਬਣਨ ਵੱਲ ਆਪਣੇ ਆਪ ਹੀ ਮੁੜਦੇ ਗਏ। ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਹੁੰਦਾ ਸੀ ਕਿ ਹਾਕਮ ਉਨ੍ਹਾਂ ਦੀ ਜ਼ਿੰਦਗੀ ਦੇ ਵੈਰੀ ਹਨ ਤਾਂ ਉਹ (ਬਾਗੀ) ਲੋਕਾਂ ਵਿੱਚ ਹਰਮਨ ਪਿਆਰੇ ਹੋਣ ਦੇ ਮੰਤਵ ਨਾਲ ਕੁਝ ਕੰਮ ਅਜਿਹੇ ਵੀ ਕਰਦੇ ਸਨ ਜੋ ਲੋਕ ਭਲਾਈ ਵਾਲੇ ਹੋਣ। ਜਿਵੇਂ ਡਾਕੂਆਂ ਵੱਲੋਂ ਬੁੱਚੜਾਂ ਤੋਂ ਗਊਆਂ ਛੁਡਵਾਉਣੀਆਂ, ਕਿਸੇ ਗ਼ਰੀਬ ਦੀ ਧੀ ਦੇ ਵਿਆਹ ਲਈ ਲੁੱਟ ਦੇ ਪੈਸੇ ਦੇ ਜਾਣੇ, ਸਰਕਾਰੀ ਟਾਊਟਾਂ ਜਾਂ ਹਕੂਮਤੀ ਛਤਰਛਾਇਆ ਵਾਲੇ ਵਿਅਕਤੀਆਂ ਨੂੰ ਮਾਰ ਦੇਣਾ ਆਦਿ ਕਾਰਨਾਮਿਆਂ ਕਰਕੇ ਇਹ ਡਾਕੂ ਲੋਕਾਂ ਵਿੱਚ ਹਰਮਨ ਪਿਆਰੇ ਹੋ ਜਾਂਦੇ ਸਨ। ਅਸਲ ਵਿੱਚ ਇਹ ਲੋਕ ਧਰਾਤਲ ਤੋਂ ਉੱਠੇ ਹੋਣ ਕਰਕੇ ਲੋਕਾਂ ਦੀਆਂ ਪੀੜਾਂ ਤੋਂ ਭਲੀਭਾਂਤ ਜਾਣੂ ਸਨ। ਇਹ ਡਾਕੂ ਸੂਰਮੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਸੂਦਖੋਰ ਸ਼ਾਹੂਕਾਰਾਂ, ਜਾਗੀਰਦਾਰਾਂ, ਸੁਨਿਆਰਿਆਂ, ਜ਼ੈਲਦਾਰਾਂ ਆਦਿ ਨੂੰ ਲੁੱਟ ਕੇ ਆਮ ਜਨਤਾ ਦਾ ਵਿਸ਼ਵਾਸ ਜਿੱਤ ਲਿਆ ਕਰਦੇ ਸਨ।
ਲੋਕਾਂ ਵਿੱਚ ਹਰਮਨ ਪਿਆਰੇ ਹੋਣ ਦਾ ਇੱਕ ਕਾਰਨ ਇਹ ਵੀ ਹੁੰਦਾ ਸੀ ਕਿ ਡਾਕੂਆਂ ਨੂੰ ਪਤਾ ਹੁੰਦਾ ਸੀ ਕਿ ਸਾਡੀ ਮੌਤ ਅਟੱਲ ਹੈ ਤੇ ਇਹ ਕਿਸੇ ਵੀ ਸਮੇਂ ਆ ਸਕਦੀ ਹੈ। ਜਦੋਂ ਮੌਤ ਸਾਹਮਣੇ ਦਿਸਦੀ ਹੋਵੇ ਤਾਂ ਮਰਨ ਵਾਲਾ ਕੁਝ ਕੰਮ ਅਜਿਹੇ ਵੀ ਕਰਦਾ ਹੈ ਜਿਸ ਨੂੰ ਲੋਕ ਉਸ ਦੇ ਮਰਨ ਤੋਂ ਬਾਅਦ ਵੀ ਯਾਦ ਰੱਖਣ। ਫਿਰ ਇਹ ਹਰਮਨ ਪਿਆਰਤਾ ਇਸ ਕਦਰ ਵਧ ਜਾਂਦੀ ਸੀ ਕਿ ਲੋਕ ਅਜਿਹੇ ਵਿਅਕਤੀਆਂ ਨੂੰ ਪਨਾਹ ਵੀ ਦੇ ਦਿਆ ਕਰਦੇ ਸਨ। ਆਮ ਲੋਕ ਸੰਕਟ ਸਮੇਂ ਹਕੂਮਤੀ ਅੱਖਾਂ ਵਿੱਚ ਘੱਟਾ ਪਾ ਕੇ ਅਜਿਹੇ ਬਾਗੀ ਮਨੁੱਖਾਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾ ਲੈਂਦੇ ਸਨ। ਲੋਕਾਂ ਦੀ ਡਾਕੂਆਂ ਨਾਲ ਹਮਦਰਦੀ ਇੰਨੀ ਵਧ ਗਈ ਕਿ ਉਨ੍ਹਾਂ ਦੇ ਕਾਰਨਾਮਿਆਂ ਤੇ ਵਾਰਦਾਤਾਂ ਨੂੰ ਲੋਕਾਂ ਨੇ ਕਾਵਿ-ਰੂਪ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਚਿੱਠਿਆਂ ਤੋਂ ਬਿਨਾਂ ਲੋਕ-ਗੀਤਾਂ ਵਰਗੀਆਂ ਤੁਕਾਂ ਲੋਕਾਂ ਦੇ ਮੂੰਹ ਚੜ੍ਹ ਗਈਆਂ।

* ਜੱਗਾ ਜੱਟ ਨ੍ਹੀਂ ਕਿਸੇ ਨੇ ਬਣ ਜਾਣਾ
ਘਰ-ਘਰ ਪੁੱਤ ਜੰਮਦੇ।
* ਪੁੱਤ ਭਾਵੇਂ ਇੱਕੋ ਹੀ ਜੰਮੀ
ਪਰ ਜੰਮੀ ਹਰਫੂਲ ਜਿਹਾ ਯੋਧਾ।
* ਫਾਂਸੀ ਸੁੱਚੇ ਨੂੰ ਚੜ੍ਹਾਉਣ ਵਾਲਿਆ
ਤੈਥੋਂ ਗਿਣ-ਗਿਣ ਬਦਲੇ ਲੈਣੇ।

Advertisement

ਚਿੱਠੇ ਪੜ੍ਹਨ ਦੀ ਪਰੰਪਰਾ ਦੇ ਘਟ ਜਾਣ ਦਾ ਭਾਵ ਇਹ ਨਹੀਂ ਕਿ ਲੋਕਾਂ ਵਿੱਚ ਇਨ੍ਹਾਂ ਦੀ ਛਵੀ ਕਮਜ਼ੋਰ ਪੈ ਗਈ ਹੈ। ਪਿਛਲੇ ਸਮੇਂ ਤੋਂ ਲੋਕਾਂ ਦਾ ਪੁਸਤਕ-ਪ੍ਰੇਮ ਘਟਣ ਕਰਕੇ ਪੁਸਤਕ ਪੜ੍ਹਨ ਦੀ ਪ੍ਰਵਿਰਤੀ ਵਿੱਚ ਕੁਝ ਕਮੀ ਆਈ ਹੈ, ਪਰ ਇਨ੍ਹਾਂ ਡਾਕੂਆਂ ਪ੍ਰਤੀ ਮੋਹ ਜਿਉਂ ਦਾ ਤਿਉਂ ਹੈ। ਸਮੇਂ ਦੇ ਬਦਲਾਅ ਨਾਲ ਹੁਣ ਇਨ੍ਹਾਂ ਡਾਕੂਆਂ ’ਤੇ ਫਿਲਮਾਂ ਦਾ ਬਣਨਾ ਇਨ੍ਹਾਂ ਪ੍ਰਤੀ ਮੋਹ ਦਾ ਪ੍ਰਗਟਾਵਾ ਹੈ, ਜਿਵੇਂ ‘ਸੁੱਚਾ ਸੂਰਮਾ’, ‘ਬਲਬੀਰੋ ਭਾਬੀ’, ‘ਜਿਉਣਾ ਮੌੜ’ ਆਦਿ। ਕਵੀਸ਼ਰਾਂ ਨੇ ਉਨ੍ਹਾਂ ਦੇ ਕਾਰਨਾਮਿਆਂ ਨੂੰ ਸਟੇਜਾਂ ’ਤੇ ਗਾਉਣਾ ਸ਼ੁਰੂ ਕੀਤਾ। ਡਾਕੂਆਂ ਦੀਆਂ ਕਾਵਿਕ-ਗਾਥਾਵਾਂ ਦਾ ਰਸ ਕਵੀਸ਼ਰਾਂ ਦੇ ਚੰਗੇ ਮਾੜੇ ਹੋਣ ਦੀ ਕਸਵੱਟੀ ਬਣਨ ਲੱਗਿਆ। ਡਾਕੂਆਂ ਦੇ ਕਾਰਨਾਮਿਆਂ ਦੀ ਕਾਵਿਕ ਪੇਸ਼ਕਾਰੀ ਨੂੰ ਕਵੀਸ਼ਰਾਂ ਦੀ ਗੰਭੀਰ ਵਿਦਵਤਾ ਵਜੋਂ ਦੇਖਿਆ ਜਾਣ ਲੱਗਿਆ।
ਡਾਕੂਆਂ ਦੇ ਕਿੱਸਿਆਂ ਦੀ ਭਰਭੂਰ ਮੰਗ ਨੇ ਇਸ ਕਿੱਸਾ-ਕਾਵਿ ਨੂੰ ਭਰਵਾਂ ਹੁਲਾਰਾ ਦਿੱਤਾ। ਡਾ. ਸਤਿੰਦਰ ਕੌਰ ਮਾਨ ਦੀ ਖੋਜ ਅਨੁਸਾਰ ਕਈ ਸੂਰਮੇ ਡਾਕੂ ਹਨ ਜਿਨ੍ਹਾਂ ਉੱਪਰ ਵੱਖ-ਵੱਖ ਕਿੱਸਾਕਾਰਾਂ ਨੇ ਲੋਕ-ਗਾਥਾ ਸ਼ੈਲੀ ਵਿੱਚ ਕਿੱਸੇ ਲਿਖੇ। ਇਨ੍ਹਾਂ ਵਿੱਚ ਹਰਫੂਲ ਸਿੰਘ ਸੂਰਮਾ, ਸੁੱਚਾ ਸਿੰਘ ਸੂਰਮਾ, ਜਿਉਣਾ ਮੌੜ, ਲਾਲ ਸਿੰਘ ਦਲੇਰ, ਸੁੱਚਾ ਸਿੰੰਘ ਰੰਗੀਆਂ ਵਾਲਾ, ਮੱਲ ਸਿੰਘ ਡਾਕੂ, ਦਰਬਾਰਾ ਸਿੰਘ ਛੰਨਾਂ ਵਾਲਾ, ਜੱਗਾ ਡਾਕੂ, ਲਾਲ ਸਿੰਘ ਮਧੇ, ਸ਼ਾਮ ਸਿੰੰਘ ਗੋਨਿਅਣਾ, ਜੰਗੂ ਸੂਰਮਾ, ਬਲਬੀਰ ਅਬੁਲ ਖੁਰਾਣਾ, ਬੂਟਾ ਧਾੜਵੀ, ਸੁੱਚਾ ਗਹਿਰੀ, ਕਰਮ ਚੰਦ ਪੇਰਨਾ, ਕਿਸ਼ਨਾ ਮੌੜ, ਲਾਲ ਸਿੰਘ ਝੋਰੜਾਂ, ਗੁਰਨਾਮ ਸਿੰਘ ਰਾਉਕੇ, ਚੰਦ ਸਿੰਘ ਫੱਗੂ, ਰਾਮਣ ਘਮਿਆਰ, ਸ਼ੇਰ ਸਿੰਘ ਭੰਮੇ, ਜਗੀਰ ਜਲਾਲ, ਕੁੰਦਨ ਸਿੰਘ ਸੂਰਮਾ, ਰਾਮ ਸਿੰਘ ਡੋਹਕ ਕਪੂਰਾ ਮੰਡੇਰਾਂ ਦਾ, ਸਵਰਨ ਲੋਹਾ ਖੇੜਾ, ਚਿਮਨ ਰਾਜਸਥਾਨੀ, ਸ਼ਾਮ ਸਿੰਘ ਗੁਰੂਸਰੀਆ, ਸੌਣੀ ਜਲਵੇੜੇ ਦਾ, ਬਚਨ ਜੋਗਖੇੜੀਆਂ, ਮੇਹਰ ਸਿੰਘ ਕੱਟੂ, ਕਾਲਾ ਸਿੰਘ ਸੂਰਮਾ, ਰਣਜੀਤ ਸਿੰਘ ਬੁੱਧ ਸਿੰਘ ਵਾਲਾ, ਚੀਤਾ ਛੰਨਾਂ ਦਾ, ਅਰਜਨ ਹੇਰਾਂ ਵਾਲਾ, ਭੋਲਾ ਸਿੰਘ ਲੋਹਾਖੇੜਾ, ਤੁੱਲੀ, ਕਾਕਾ ਚੱਠੇ ਸ਼ੇਖਵਾਂ ਕਰਮਾ ਉਰਫ਼ ਅਰਜਨ ਸਿੰਘ, ਰੋਸ਼ਨ ਪਟਾਕਾ, ਬੂੜ ਬਹਾਦਰ ਛੰਨਾਂ, ਜੱਗਾ ਪਾਪੜੇ ਦਾ, ਗੰਗਾ ਘੁਮਾਣ, ਬਿੱਲੂ ਨਮੋਲ, ਚਿਤੂ ਮਿਤੂ, ਮੇਹਰ ਸਿੰਘ ਘਗਰਾਣਾ, ਸਵਰਨ ਲੋਹਾਖੇੜਾ, ਹਾਕਮ ਸਿੰਘ ਫੂਲੇਵਾਲਾ ਆਦਿ ਵਰਨਣਯੋਗ ਹਨ।
‘ਡਾਕੂ’ ਸ਼ਬਦ ਭਾਵੇਂ ਇੱਕ ਨਾਂਹ-ਪੱਖੀ ਸ਼ਬਦ ਹੈ, ਪਰ ਇਹ ਸੂਰਮੇ ਆਪਣੇ ਆਪ ਨੂੰ ਡਾਕੂ ਕਹਾਉਣ ’ਤੇ ਵੀ ਫਖ਼ਰ ਮਹਿਸੂਸ ਕਰਦੇ ਸਨ। ਜ਼ਿਆਦਾ ਕਿੱਸਾਕਾਰਾਂ ਨੇ ਇਨ੍ਹਾਂ ਨੂੰ ‘ਸੂਰਮੇ’ ਕਹਿ ਕੇ ਇਨ੍ਹਾਂ ਦੀਆਂ ਕਾਵਿਕ-ਗਾਥਾਵਾਂ ਲਿਖੀਆਂ ਹਨ। ਇਨ੍ਹਾਂ ਸੂਰਬੀਰ ਡਾਕੂਆਂ ’ਤੇ ਅਨੇਕਾਂ ਹੀ ਕਿੱਸਾਕਾਰਾਂ ਨੇ ਉਨ੍ਹਾਂ ਦੇ ਸੂਰਮਗਤੀ ਵਾਲੇ ਕਾਰਨਾਮਿਆਂ ਨੂੰ ਆਪੋ-ਆਪਣੇ ਢੰਗਾਂ ਨਾਲ ਕਾਵਿਕ-ਸ਼ੈਲੀ ਵਿੱਚ ਚਿਤਰਿਆ। ਜਿਨ੍ਹਾਂ ਵਿੱਚੋਂ ਬਾਬੂ ਰਜਬ ਅਲੀ, ਰੀਟਾਦੀਨ, ਕਿਸ਼ਨ ਸਿੰਘ ਆਰਿਫ, ਪੂਰਨ ਚੰਦ, ਭਗਵਾਨ ਸਿੰਘ, ਰਾਮਚੰਦ ਸਿੰਘ, ਕਿਸ਼ੌਰ ਚੰਦ, ਸ਼ੇਰ ਸਿੰਘ ਸੰਦਲ, ਛੱਜੂ ਸਿੰਘ ਦੰਦਰਾਲਾ, ਚੰਦ ਸਿੰਘ ਮਰ੍ਹਾਝ, ਦੌਲਤ ਰਾਮ, ਮਾਘੀ ਸਿੰਘ ਗਿੱਲ, ਵਰਿਆਮ ਸਿੰਘ ਢੰਡਾਰੀ, ਰਾਮ ਚੰਦ ਸਿੱਧੜਾਂ, ਕਰਤਾਰ ਸਿੰਘ ਘਰਾਚੋਂ, ਸਾਧੂ ਸਦਾ ਰਾਮ, ਚੰਨਣ ਸਿੰਘ, ਦੌਲਤ ਰਾਮ, ਮੇਹਰ ਸਿੰਘ, ਕਿਸ਼ਨ ਸਿੰਘ ਲੌਂਗੋਵਾਲ, ਹਰਨਾਮ ਸਿੰਘ ਤਪਾ, ਅੱਛਰੂ ਰਾਮ, ਸਰਫਦੀਨ ਕਪੂਰ ਸਿੰਘ, ਕਾਂਸ਼ੀ ਰਾਮ ਨਮੋਲ, ਚੀਰਾਗਦੀਨ ਆਦਿ ਕਿੱਸਾਕਾਰਾਂ ਨੇ ਉਪਰੋਕਤ ਸੁਰਮਿਆਂ ਦੇ ਗਾਉਣ-ਸ਼ੈਲੀ ਵਿੱਚ ਗੁਣ-ਗਾਣ ਕੀਤੇ ਹਨ।
ਸੂਰਮਿਆਂ ਦੀਆਂ ਬੀਰ-ਗਾਥਾਵਾਂ ਵਿੱਚੋਂ ਸਭ ਤੋਂ ਵੱਧ ਕਿੱਸੇ ਸੂਚਾ ਸਿੰਘ ਸੂਰਮਾ ਅਤੇ ਜਿਉਣਾ ਮੌੜ ਉੱਪਰ ਲਿਖੇ ਗਏ ਹਨ। ਜਿਉਣੇ ਮੌੜ ਉੱਪਰ ਕਿੱਸੇ ਲਿਖਣ ਵਾਲੇ ਪ੍ਰਸਿੱਧ ਕਿੱਸਾਕਾਰ ਹਨ ਕਾਸ਼ੀ ਰਾਮ ਨਮੋਲ, ਕੇਹਰ ਸਿੰਘ ਮੌੜਾਂ, ਜਗਦੀਪ ਸਿੰਘ ਈਸੜਾ, ਪੂਰਨ ਚੰਦ ਕਿਸ਼ਨਗੜ੍ਹ, ਭਗਵਾਨ ਸਿੰਘ, ਰਣ ਸਿੰਘ, ਮਾਘੀ ਸਿੰਘ ਗਿੱਲ, ਗੁਲਜ਼ਾਰ ਸਿੰਘ ਸ਼ੌਂਕੀ, ਕੇਹਰ ਸਿੰਘ, ਸਦਾ ਰਾਮ ਆਦਿ ਕਿੱਸਾਕਾਰ ਵਰਨਣਯੋਗ ਹਨ। ਇਨ੍ਹਾਂ ਕਿੱਸਾਕਾਰਾਂ ਨੇ ਜਿਉਣਾ ਮੌੜ ਦੀ ਰੱਜ ਕੇ ਤਾਰੀਫ਼ ਕੀਤੀ ਹੈ, ਪ੍ਰੰਤੂ ਭਗਵਾਨ ਸਿੰਘ ਕਿੱਸਾਕਾਰ ਦੀ ਦ੍ਰਿਸ਼ਟੀ ਕੁਝ ਵੱਖਰੀ ਕਿਸਮ ਦੀ ਹੈ। ਉਸ ਨੇ ਆਪਣੀ ਲਿਖਤ ਵਿੱਚ ਜਿਉਣੇ ਮੌੜ ਨੂੰ ਇੱਕ ਲੁਟੇਰਾ ਜਾਂ ਧਾੜਵੀ ਗਰਦਾਨਿਆ ਹੈ। ਜਿਵੇਂ ਉਹ ਲਿਖਦਾ ਹੈ;
ਜੈਸੀ ਕੋਊ ਕਰੇ ਕਰਾਵੇ ਤੈਸੀ ਤਿਸ ਕੇ ਆਗੇ ਆਵੇ।
ਫਾਂਸੀ ਚੜਿ੍ਹਆ ਜਿਉਣ ਸਿੰਘ ਨਿੱਤ ਮੰਦੇ ਕਰਮ ਕਮਾਵੇ।
ਜੋ ਨਰ ਅਮਨ ਜਹਾਨ ਮੇਂ ਅਤਿ ਸੇ ਧਾਰੇ ਪਾਪ।
ਇੱਕ ਦਿਨ ਮਾਰਿਆ ਜਾਵਸੀ ਮਲਕਾ ਦੇ ਪਰਤਾਪ।
ਭਗਵਾਨ ਸਿੰਘ ਦੇ ਉਲਟ ਬਾਕੀ ਦੇ ਕਿੱਸਾਕਾਰਾਂ ਨੇ ਜਿਉਣੇ ਮੌੜ ਨੂੰ ਬਹਾਦਰਾਂ ਦੇ ਪਲੜੇ ਵਿੱਚ ਤੋਲਿਆ ਹੈ। ਇਸ ਤੱਥ ਦੀ ਗਵਾਹੀ ਭਰਦਾ ਕਿੱਸਾਕਾਰ ਗੁਲਜ਼ਾਰ ਸਿੰਘ ਸ਼ੌਂਕੀ ਲਿਖਦਾ ਹੈ;
ਜਿਉਣਾ ਮਰਦਾਂ ਵਾਂਗੂੰ ਚੜਿ੍ਹਆ ਫਾਂਸੀ ਕਈਆਂ ਨੂੰ ਪਛਾੜ।
ਦਿੱਤੀ ਜਾਨ ਅਣਖ ਦੇ ਵਾਸਤੇ ਸਭ ਵੈਰੀ ਦਿੱਤੇ ਰਾਹੜ।
ਨਾ ਕੋਈ ਅੜਿਆ ਅੱਗੇ ਓਸਦੇ ਜੋ ਅੜਿਆ ਦਿੱਤਾ ਪਾੜ।
ਜੋ ਜੋ ਜ਼ਾਲਮ ਉਸ ਨੂੰ ਜਾਪਦੇ ਦਿੱਤੇ ਪੱਤਿਆਂ ਵਾਂਗੂੰ ਝਾੜ।
ਉਹਨੇ ਅੱਗ ਅਣਖ ਦੀ ਬਾਲ ਕੇ ਸਭ ਬਹੀਆਂ ਦਿੱਤੀਆਂ ਸਾੜ।
(ਜਿਉਣਾ ਮੌੜ-ਗੁਲਜ਼ਾਰ ਸਿੰਘ ਸ਼ੌਂਕੀ)
ਕਿੱਸਿਆਂ ਨੂੰ ਸੁਣਨ ਜਾਂ ਪੜ੍ਹਨ ਵਾਲੇ ਸਰੋਤੇ ਸਿਰਫ਼ ‘ਸਰੋਤੇ’ ਹੀ ਨਹੀਂ ਹੁੰਦੇ, ਗੰਭੀਰ ਵਿਸ਼ਲੇਸ਼ਕ ਜਾਂ ਆਲੋਚਕ ਵੀ ਹੁੰਦੇ ਹਨ। ਸਰੋਤਿਆਂ ਨੇ ਭਗਵਾਨ ਸਿੰਘ ਦੇ ਕਿੱਸੇ ਨੂੰ ਬਹੁਤਾ ਪ੍ਰਵਾਨਿਆ ਨਹੀਂ ਕਿਉਂਕਿ ਭਗਵਾਨ ਸਿੰਘ ਨੇ ਸਰਕਾਰੀ ਧਿਰ ਦਾ ਪੱਖ ਲੈਂਦਿਆਂ ਜਿਉਣੇ ਮੌੜ ਨੂੰ ਇੱਕ ਧਾੜਵੀ ਜਾਂ ਲੁਟੇਰਾ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ, ਪ੍ਰੰਤੂ ਜਿਉਣੇ ਮੌੜ ਦੀ ਪਛਾਣ ਲੋਕਾਂ ਵਿੱਚ ਇੱਕ ਸੂਰਮੇ ਦੇ ਤੌਰ ’ਤੇ ਹੋ ਚੁੱਕੀ ਸੀ। ਕਿੱਸਾਕਾਰ ਕੇਹਰ ਸਿੰਘ ਆਪਣੇ ਕਿੱਸੇ ਵਿੱਚ ਲਿਖਦਾ ਹੈ ਕਿ ਜਿਉਣੇ ਮੌੜ ਨੂੰ ਨੈਣਾਂ ਦੇਵੀ ਦੇ ਦਰ ’ਤੇ ਛਤਰ ਚੜ੍ਹਾਉਂਦੇ ਨੂੰ ਪੁਲੀਸ ਨੇ ਪਛਾਣ ਲਿਆ ਤੇ ਉਸ ਨੂੰ ਘੇਰਾ ਪਾ ਕੇ ਫੜ ਲਿਆ ਅਤੇ ਮਾਰਚ 1893 ਨੂੰ ਜਿਉਣੇ ਮੌੜ ਨੂੰ ਹਿਸਾਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ। ਇੱਕ ਦੰਦ ਕਥਾ ਅਨੁਸਾਰ ਜਿਉਣੇ ਮੌੜ ਨੂੰ ਮਾਤਾ ਨੈਣਾ ਦੇਵੀ ਨੇ ਪ੍ਰਗਟ ਹੋ ਕੇ ਪਹਾੜੀ ਤੋਂ ਬਿਨਾਂ ਪਿੱਛੇ ਦੇਖੇ ਛਾਲ ਮਾਰਨ ਨੂੰ ਕਿਹਾ। ਜਿਉਣੇ ਨੇ ਪਹਾੜੀ ਤੋਂ ਛਾਲ ਤਾਂ ਮਾਰ ਦਿੱਤੀ, ਪਰ ਛਾਲ ਮਾਰਨ ਸਮੇਂ ਪਿੱਛੇ ਝਾਕ ਪਿਆ ਸੀ। ਜਿਸ ਕਰਕੇ ਉਸ ਦੀ ਡਿੱਗਦਿਆਂ ਹੀ ਮੌਤ ਹੋ ਗਈ।
ਸੁੱਚੇ ਸੂਰਮੇ ਦਾ ਕਿੱਸਾ ਵੀ ਲੋਕਾਂ ਵਿੱਚ ਬਹੁਤ ਪੜ੍ਹਿਆ ਜਾਣ ਵਾਲਾ ਕਿੱਸਾ ਹੈ। ‘ਸੁੱਚਾ ਸਿੰਘ ਸੂਰਮਾ’ ਲਿਖਣ ਵਾਲੇ ਕਿੱਸਾਕਾਰ ਹਨ:- ਰੀਟਾਦੀਨ, ਛੱਜੂ ਸਿੰਘ ਦੰਦਰਾਲਾ, ਭਾਨ ਸਿੰਘ ਦੂਦੜ, ਅੱਛਰੂ ਰਾਮ, ਸ਼ੇਰ ਸਿੰਘ ਸੰਦਲ, ਕਾਸ਼ੀ ਰਾਮ ਨਮੋਲ, ਮਾਘੀ ਸਿੰਘ ਗਿੱਲ, ਬਾਬੂ ਰਜਬ ਅਲੀ, ਗੁਰਮੁਖ ਸਿੰਘ ਬੇਦੀ, ਰਾਮ ਸਿੰਘ ਜੰਗੀਆਣਾ, ਜੱਗਾ ਸਿੰਘ ਗਿੱਲ, ਪੂਰਨ ਚੰਦ, ਸ਼ੇਰ ਸਿੰਘ ਰਸੀਲਾ ਆਦਿ ਕਿੱਸਾਕਾਰਾਂ ਨੇ ‘ਸੁੱਚਾ ਸੂਰਮਾ’ ਦੇ ਸਿਰਲੇਖ ਅਧੀਨ ਕਿੱਸੇ ਲਿਖੇ। ਸੁੱਚਾ ਸਿੰਘ ਸੂਰਮਾ ਸਮਾਂਹ ਵਾਲਾ ਤੇ ਸੁੱਚਾ ਗਹਿਰੀ ਇੱਕੋ ਹੀ ਨਾਮ ਹੈ। ਸੁੱਚੇ ਦੇ ਕਾਰਨਾਮੇ ਦੋ ਭਾਗਾਂ ਵਿੱਚ ਹਨ। ਇੱਕ ਕਾਰਨਾਮਾ ਪਿੰਡ ਸਮਾਂਹ ਦੀ ਸੱਥ ਵਿੱਚ ਵਾਪਰਦਾ ਹੈ ਜਿੱਥੇ ਸੁੱਚਾ ਸਿੰਘ ਭਾਗ ਤੇ ਘੁੱਕਰ ਤੋਂ ਬਦਲਾ ਲੈਂਦਾ ਹੈ ਅਤੇ ਫਿਰ ਆਪਣੀ ਭਰਜਾਈ ਬੀਰੋ ਨਾਲ ਦੋ ਹੱਥ ਕਰਦਾ ਹੈ।
ਮੁੱਛਾਂ ਕੁੰਢੀਆਂ ਜੱਟ ਬਣਾ ਕੇ, ਰਫਲ ਮੋਢੇ ’ਤੇ ਸਜਾ ਕੇ
ਦੋਵੇਂ ਰੌਂਦ ਸੂਰਮਾ ਪਾ ਕੇ, ਖਾੜੇ ਦੇ ਵਿੱਚ ਆਉਂਦਾ ਹੈ।
ਬੋਲੀ ਜਦ ਘੁੱਕਰ ਨੇ ਮਾਰੀ, ਫਿਰਗੀ ਸੁੱਚੇ ਦੇ ਦਿਲ ਆਰੀ
ਬੀਰੋ ਦਾ ਨਾਂ ਲੈ ਕੇ ਘੁੱਕਰ ਬੇਲ ਕਰਾਉਂਦਾ ਹੈ।
ਮਾਰਿਆ ਸੁੱਚੇ ਨੇ ਲਲਕਾਰਾ, ਤਕੜਾ ਹੋ ਬੀਰੋ ਦਿਆ ਯਾਰਾ
ਸੁੱਚਾ ਆ ਗਿਆ ਕਰਨ ਨਿਤਾਰਾ, ਗੋਲੀ ਝੱਟ ਚਲਾਉਂਦਾ ਹੈ।
(ਸੁੱਚਾ ਸੂਰਮਾ-ਜੱਗਾ ਸਿੰਘ ਗਿੱਲ)
ਉਸ ਦੀ ਜ਼ਿੰਦਗੀ ਦਾ ਦੂਜਾ ਅਧਿਆਏ ਪਿੰਡ ਗਹਿਰੀ ਭਾਗੀ (ਬਠਿੰਡਾ) ਵਿਖੇ ਵਾਪਰਦਾ ਹੈ। ਪਿੰਡ ਗਹਿਰੀ ਵਾਲੀ ਘਟਨਾ ਦੇ ਦੋਸ਼ ਵਿੱਚ ਸੁੱਚਾ ਸਿੰਘ ਫੜਿਆ ਜਾਂਦਾ ਹੈ ਤੇ ਉਸ ਨੂੰ ਪਿੰਡ ਗਹਿਰੀ ਵਿੱਚ ਹੀ ਫਾਂਸੀ ਦੇ ਦਿੱਤੀ ਜਾਂਦੀ ਹੈ। ਪਿੰਡ ਗਹਿਰੀ ਦੇ ਖੇਤਾਂ ਵਿੱਚ ਸੁੱਚਾ ਸਿੰਘ ਦੀ ਸਮਾਧ ਵੀ ਬਣੀ ਹੋਈ ਹੈ। ਇੱਕ ਦੰਦ-ਕਥਾ ਅਨੁਸਾਰ ‘ਸੁੱਚਾ ਸੂਰਮਾ’ ਸਿਰਲੇਖ ਅਧੀਨ ਸਤਾਰਾਂ ਕਿੱਸੇ ਪ੍ਰਕਾਸ਼ਿਤ ਹੋ ਚੁੱਕੇ ਹਨ। ਪਿੰਡ ਗਹਿਰੀ ਭਾਗੀ ਵਾਲੇ ਕਤਲ ਕੇਸ ਵਿੱਚ ਸੁੱਚੇ ਨੂੰ ਫਾਂਸੀ ਦਿੱਤੀ ਜਾਂਦੀ ਹੈ। ਜਦੋਂ ਸੁੱਚੇ ਨੂੰ ਫਾਂਸੀ ਦਿੱਤੀ ਜਾ ਰਹੀ ਸੀ ਤਾਂ ਸੁੱਚਾ ਸਿੰਘ ਇਕੱਠ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ;
ਸੁੱਚਾ ਸਿੰਘ ਫੇਰ ਮੁਖ ਸੇ ਪੁਕਾਰਦਾ।
ਦਰਸ਼ਨ ਕਰ ਲਵੋ ਜਾਂਦੀ ਵਾਰ ਦਾ।
ਗਊ ਤੇ ਗਰੀਬ ਉਤੇ ਰਹਿਮ ਕਰੀਏ।
ਵੈਰੀ ਕੋਲੋਂ ਯਾਰ ਨਾ ਕਦੇ ਵੀ ਡਰੀਏ।
ਦਰ ਵਿੱਚ ਆਏ ਮੋੜੀਏ ਨਾ ਖੈਰੀ ਨੂੰ।
ਇਹ ਮੇਰਾ ਕਹਿਣਾ ਛੱਡੀਏ ਨਾ ਵੈਰੀ ਨੂੰ।
(ਸੁੱਚਾ ਸਿੰਘ ਸੂਰਮਾ-ਰੀਟਾ ਦੀਨ)
ਡਾਕੂ ਹਰਫੂਲ ਸਿੰਘ ਬਾਰੇ ਮੇਹਰ ਸਿੰਘ, ਪੰ. ਕਿਸ਼ੋਰ ਚੰਦ, ਕਰਤਾਰ ਸਿੰਘ ਘਰਾਚੋਂ ਤੇ ਛੱਜੂ ਸਿੰਘ ਦੇ ਕਾਵਿ-ਰੂਪ ਮਿਲਦੇ ਹਨ। ਡਾਕੂ ਹਰਫੂਲ ਸਿੰਘ ਦਾ ਪਿੰਡ ਜਲਾਣੀ ਸੀ ਜੋ ਕਿ ਜੀਂਦ ਰਿਆਸਤ ਵਿੱਚ ਪੈਂਦਾ ਸੀ। ਹਰਫੂਲ ਆਪਣੇ ਬਾਪ ਦੇ ਦੂਜੇ ਵਿਆਹ ਦੀ ਔਲਾਦ ਸੀ। ਸਮਾਜਿਕ ਬੇਰੁਖੀ ਤੋਂ ਤੰਗ ਆ ਕੇ ਹਰਫੂਲ ਫ਼ੌਜ ਵਿੱਚ ਭਰਤੀ ਹੋ ਗਿਆ। ਹਰਫੂਲ ਦੇ ਮਤਰੇਏ ਭਰਾਵਾਂ (ਮੂਲਾ ਤੇ ਮੁਕੰਦਾ) ਵੱਲੋਂ ਉਸ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਜਾਂਦਾ ਹੈ। ਉਸ ਦੇ ਚਾਚੇ ਹਰਦਿੱਤੇ ਦੀ ਗਵਾਹੀ ਕਰਕੇ ਉਸ ਨੂੰ ਜ਼ਮੀਨ ਵਿੱਚੋਂ ਬੇਦਖਲ ਕਰ ਦਿੱਤਾ ਗਿਆ। ਗੁੱਸੇ ਵਿੱਚ ਹਰਫੂਲ ਆਪਣੇ ਮਤਰੇਏ ਭਰਾਵਾਂ ਅਤੇ ਚਾਚੇ ਹਰਦਿੱਤੇ ਦਾ ਕਤਲ ਕਰਕੇ ਆਪਣੀ ਭੈਣ ਦੇ ਸਹੁਰੇ ਪਿੰਡ ਜਾਂਦਾ ਹੈ। ਉਸ ਦੀ ਭੈਣ ਦੇ ਸਹੁਰੇ (ਦਾਤਾ ਰਾਮ) ਨੇ ਹਰਫੂਲ ਦੀ ਮੰਗ ਛੁਡਾਈ ਸੀ। ਉਸ ਦੇ ਪਿੰਡ ਜਾ ਕੇ ਉਹ ਦਾਤਾ ਰਾਮ ਨੂੰ ਗੋਲੀ ਮਾਰ ਦਿੰਦਾ ਹੈ। ਪੰ. ਕਿਸ਼ੋਰ ਚੰਦ ਆਪਣੇ ਕਿੱਸੇ ਵਿੱਚ ਇਸ ਹਾਲਾਤ ਨੂੰ ਇਉਂ ਬਿਆਨ ਕਰਦਾ ਹੈ;
ਕੋਈ ਕਹਿੰਦਾ ਦਾਤਾ ਰਾਮ ਨੇ ਵਗਾੜੀ ਐ।
ਕੀਤੀ ਹਰਫੂਲ ਨਾਲ ਬਹੁਤੀ ਮਾੜੀ ਹੈ।
ਭੂਰੋ ਮੰਗ ਫੂਲ ਸੇ ਜ਼ਬਾਨ ਹਾਰੀ ਹੈ।
ਲਾ-ਲਾ, ਲਾ-ਲਾ ਕਰਦੇ ਮਰਦ ਨਾਰੀ ਹੈ।
ਦੂਸਰੀ ਜਗ੍ਹਾ ਜੇ ਕੁੜੀ ਨੂੰ ਵਿਆਉਣਾ ਸੀ।
ਕਾਹਨੂੰ ਹਰਫੂਲ ਨਾਲ ਮੰਗ ਆਉਣਾ ਸੀ।
ਲੋਭ ਨਾ-ਮੁਰਾਦ ਭੈੜਾ ਬਲਕਾਰੀ ਐ।
ਲਾ-ਲਾ, ਲਾ-ਲਾ ਕਰਦੇ ਮਰਦ ਨਾਰੀ ਐ।
ਤਾਹੀਂ ਹਰਫੂਲ ਗੁੱਸੇ ਵਿੱਚ ਆਣਕੇ।
ਛਾਨਣੀ ਸਮਾਨ ਰੱਖਤਾ ਹੈ ਛਾਣਕੇ।
ਇੱਜ਼ਤ ਹਮੇਸ਼ਾ ਸਭ ਨੂੰ ਪਿਆਰੀ ਐ।
ਲਾ-ਲਾ, ਲਾ-ਲਾ ਕਰਦੇ ...।
(ਹਰਫੂਲ ਸਿੰਘ ਜਲਾਣੀ - ਪੰ. ਕਿਸ਼ੋਰ ਚੰਦ)
ਹਰਫੂਲ ਆਪਣੀ ਹੋਂਦ ਦੀ ਸਥਾਪਤੀ ਲਈ ਕਈ ਕਾਰਨਾਮੇ ਅਜਿਹੇ ਵੀ ਕਰਦਾ ਹੈ, ਜਿਸ ’ਤੇ ਲੋਕ ਖ਼ੁਸ਼ ਹੋਣ। ਇੱਕ ਥਾਂ ਚਾਰ ਬੁੱਚੜ ਗਊਆਂ ਲੈ ਕੇ ਜਾ ਰਹੇ ਸਨ, ਹਰਫੂਲ ਉਨ੍ਹਾਂ ਨੂੰ ਮਾਰ ਕੇ ਗਊਆਂ ਛੁਡਾ ਦਿੰਦਾ ਹੈ। ਪੁਲੀਸ ਵੱਲੋਂ ਹਰਫੂਲ ਦੇ ਸਿਰ ਦਾ ਇਨਾਮ ਰੱਖਿਆ ਜਾਂਦਾ ਹੈ, ਪਰ ਆਮ ਜਨਤਾ ਹਰਫੂਲ ਨੂੰ ਫੜਾਉਣ ਦੀ ਬਜਾਏ ਉਸ ਨੂੰ ਪਨਾਹ ਦਿੰਦੀ ਹੈ। ਸਮਾਣੇ ਦੇ ਕਾਸੂ ਰੰਗੜ ਤੋਂ ਲੋਕ ਬਹੁਤ ਔਖੇ ਸਨ। ਉਹ ਇੱਕ ਲੁਟੇਰਾ ਸੀ। ਲੋਕਾਂ ਨੇ ਉਸ ਦੀ ਸ਼ਿਕਾਇਤ ਹਰਫੂਲ ਕੋਲ ਕੀਤੀ ਤਾਂ ਹਰਫੂਲ ਕਾਸੂ ਰੰਗੜ ਤੇ ਉਸ ਦੇ ਭਰਾ ਨੂੰ ਮਾਰ ਮੁਕਾਉਂਦਾ ਹੈ। ਮੂਸਾ ਤੇ ਰਮਜਾਨ ਨਾਂ ਦੇ ਦੋ ਓਡਾਂ ਨੇ ਹਰਫੂਲ ਨੂੰ ਫੜਾਉਣ ਦੀ ਸਕੀਮ ਬਣਾਈ। ਇੱਕ ਆਜੜੀ ਮੁੰਡਾ ਇਹ ਸਾਰੀ ਸਕੀਮ ਹਰਫੂਲ ਤੱਕ ਪੁੱਜਦੀ ਕਰ ਦਿੰਦਾ ਹੈ। ਹਰਫੂਲ ਜੋਗੀ ਦਾ ਭੇਸ ਧਾਰ ਕੇ ਓਡਾਂ ਦੇ ਡੇਰੇ ਪਹੁੰਚ ਕੇ ਮੂਸੇ ਤੇ ਰਮਜਾਨ ਨੂੰ ਮਾਰ ਦਿੰਦਾ ਹੈ। ਕਿੱਸਾਕਾਰ ਪੰ. ਕਿਸ਼ੋਰ ਚੰਦ ਹਰਫੂਲ ਦੇ ਭੇਸ ਧਾਰ ਕੇ ਜੋਗੀ ਬਣਨ ਦੀ ਵਿਥਿਆ ਇਉਂ ਬਿਆਨ ਕਰਦਾ ਹੈ;
ਚੋਲਾ ਜੇਹੜਾ ਭਗਮਾਂ ਗਲੇ ਮੇਂ ਡਾਰ ਜੀ।
ਪਾ ਕੇ ਕੰਨੀ ਮੁੰਦਰਾਂ ਸਜੌਟਦਾਰ ਜੀ।
ਹਰਫੂਲ ਬੀਨ ਕੋ ਵਜਾਉਣ ਲੱਗਿਆ।
ਉਡਦੇ ਜਨੌਰਾ ਨੂੰ ਫਸਾਉਣ ਲੱਗਿਆ।
ਅੰਤ ਇੱਕ ਮੁਖਬਰ ਵੱਲੋਂ ਸੂਹ ਦੇਣ ’ਤੇ ਹਰਫੂਲ ਫੜਿਆ ਜਾਂਦਾ ਹੈ ਅਤੇ ਉਸ ਉੱਪਰ 13 ਕਤਲਾਂ ਦਾ ਦੋਸ਼ ਲਾ ਕੇ ਉਸ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ।
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਝਲਵੱਟੀ ਵਿੱਚ ਇੱਕ ਮੱਲ ਸਿੰਘ ਨਾਂ ਦਾ ਡਾਕੂ ਹੋਇਆ ਸੀ। ਜਿਸ ਦੇ ਕਾਰਨਾਮਿਆਂ ਉੱਪਰ ਵਰਿਆਮ ਸਿੰਘ ਨੇ ਕਿੱਸਾ ਲਿਖਿਆ। ਮੱਲ ਸਿੰਘ ਦੇ ਦੋ ਭਰਾ ਪੁਲੀਸ ਦੇ ਤਸ਼ੱਦਦ ਕਾਰਨ ਮਾਰੇ ਗਏ। ਕ੍ਰੋਧਿਤ ਹੋਇਆ ਮੱਲ ਸਿੰਘ ਘਰੋਂ ਭੱਜ ਕੇ ਡਾਕੂ ਬਣ ਗਿਆ ਅਤੇ ਪਿੰਡ ਬੁੱਧ ਸਿੰਘ ਵਾਲਾ ਦੇ ਰਣਜੀਤ ਸਿੰਘ ਨਾਲ ਰਲ ਕੇ ਡਾਕੇ ਮਾਰਨ ਲੱਗ ਪਿਆ। ਥਾਂ-ਥਾਂ ਡਾਕੇ ਮਾਰਦੇ ਹੋਏ ਦੋਵੇਂ ਜਣੇ ਬੀਕਾਨੇਰ ਵੱਲ ਚਲੇ ਗਏ। ਮਲਕਾ ਵਿਕਟੋਰੀਆ ਨੇ ਇਨ੍ਹਾਂ ਨੂੰ ਫੜਨ ਦਾ ਹੁਕਮ ਦਿੱਤਾ। ਟੌਂਕ ਰਿਆਸਤ ਵਿੱਚ ਡਾਕਾ ਮਾਰਨ ਗਏ ਮੱਲ ਸਿੰਘ ਤੇ ਰਣਜੀਤ ਸਿੰਘ ਫੜੇ ਗਏ। ਉੱਥੋਂ ਉਹ ਜੇਲ੍ਹ ਤੋੜ ਕੇ ਭੱਜ ਗਏ। ਫਿਰ ਉਹ ਮੋਗੇ ਦੇ ਚੌਧਰੀ ਜਵਾਲਾ ਸਿੰਘ ਦੇ ਘਰ ਡਾਕਾ ਮਾਰਨ ਗਏ। ਉਸ ਦੀ ਕੁੜੀ ਦਾ ਵਿਆਹ ਸੀ। ਉੱਥੇ ਕਸ਼ਮਕਸ਼ ਵਿੱਚ ਚੌਧਰੀ ਤੇ ਉਸ ਦੀ ਕੁੜੀ ਦੋਵੇਂ ਜਣੇ ਮਾਰੇ ਗਏ। ਇਨ੍ਹਾਂ ਦੇ ਇਸ ਵਹਿਸ਼ੀ ਕਾਰਨਾਮੇ ਉੱਪਰ ਕਿੱਸਾਕਾਰ ਵਰਿਆਮ ਸਿੰਘ ਸਮੁੱਚੀ ਜੱਟ ਕੌਮ ਦੇ ਲੱਛਣ ਬਿਆਨਦਾ ਹੈ;
ਇੱਕ ਜੱਟ ਕੌਮ ਦੂਜਾ ਰੱਜਿਆ ਸ਼ਰਾਬ ਨਾਲ
ਤੀਜਾ ਅਨਪੜ੍ਹ ਨਾ ਅਕਲ ਤਾਂਈਂ ਕਰਦਾ।
ਚੌਥਾ ਪਿਸਤੌਲ ਹੱਥ, ਪੰਜਵਾਂ ਜੁਆਨ ਜੱਟ,
ਉਤੋਂ ਦਲੇਰ ਹੋਵੇ ਕਦੇ ਨਹੀਂ ਡਰਦਾ।
ਜੱਟ ਨਹੀਂ ਮਾਣ ਹੁੰਦਾ ਚੜ੍ਹਿਆ ਸੁਹਾਗੇ ਉਤੇ,
ਧਨ ਕੋਲ ਹੋਵੇ ਤਾਂ ਕਿਸੇ ਨੂੰ ਮਾਰ ਸਕਦਾ
ਪਚਦਾ ਨੀ ਧਨ ਜੱਟ ਕੌਮ ਨੂੰ ਵਰਿਆਮ ਸਿੰਘਾ,
ਝਗੜੇ ਨੂੰ ਛੇੜੂ ਜਾਂ ਗਲਾਸ ਦਾਰੂ ਭਰਦਾ।
ਮੱਲ ਸਿੰਘ ਤੇ ਸਾਥੀਆਂ ਨੇ ਪਿੰਡ ਢੰਡਾਰੀ ਡਾਕਾ ਮਾਰਿਆ। ਪਿੰਡ ਵਾਲਿਆਂ ਨੇ ਇਨ੍ਹਾਂ ਨੂੰ ਘੇਰਾ ਪਾ ਲਿਆ। ਮੱਲ ਸਿੰਘ ਨੇ ਕੋਠੇ ’ਤੇ ਚੜ੍ਹ ਕੇ ਉੱਚੀ ਆਵਾਜ਼ ਵਿੱਚ ਲੋਕਾਂ ਨੂੰ ਰਸਤਾ ਛੱਡ ਦੇਣ ਦੀ ਚਿਤਾਵਨੀ ਦਿੱਤੀ। ਮੱਲ ਸਿੰਘ ਨੇ ਸ਼ਰਾਬ ਪੀਤੀ ਸੀ। ਅਚਾਨਕ ਉਸ ਦਾ ਪੈਰ ਤਿਲ੍ਹਕ ਗਿਆ ਤੇ ਉਹ ਥੱਲੇ ਡਿੱਗ ਪਿਆ। ਲੋਕਾਂ ਨੇ ਉਸ ਨੂੰ ਡਾਗਾਂ ਨਾਲ ਕੁੱਟ-ਕੁੱਟ ਕੇ ਅੱਧ-ਮੋਇਆ ਕਰ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ। ਮੱਲ ਸਿੰਘ ਦੀ ਗ੍ਰਿਫ਼ਤਾਰੀ ’ਤੇ ਅੰਗਰੇਜ਼ ਸਰਕਾਰ ਨੇ ਇਨਾਮ ਦਾ ਐਲਾਨ ਵੀ ਕੀਤਾ ਸੀ;
ਛਾਪਤੇ ਅਨਾਮ ਕੁਲ ਰਿਆਸਤਾਂ,
ਖੁਸ਼ੀ ਦੇ ਨਾਲ ਡਬਲ ਇਨਾਮ ਜੋ ਫੜਾਵੇ ਸਿੰਘ ਮੱਲ ਨੂੰ।
ਪੰਜ ਸੋ ਪਟਿਆਲਾ ਦੇਊ ਤਿੰਨ ਸੌ ਫਰੀਦਕੋਟ,
ਪੰਜ ਸੌ ਹੀ ਨਾਭਾ ਮੈਂ ਸੁਣਾਂਵਦਾ ਜੋ ਗੱਲ ਨੂੰ।
ਰਿਆਸਤ ਸੰਗਰੂਰ ਦੇਊ ਛਛਰੌਲੀ ਤੇ ਫਿਰੋਜ਼ਪੁਰ, ਵਰਿਆਮ ਸਿੰਘਾਂ ਜੋ ਫੜਾਵੇ ਮੱਲ ਭੱਲ ਨੂੰ।
ਮੱਲ ਸਿੰਘ, ਰਣਜੀਤ ਸਿੰਘ ਤੇ ਤੀਜਾ ਸਾਥੀ ਕਾਲਾ ਸਿੰਘ ’ਤੇ ਮੁਕੱਦਮਾ ਚੱਲਿਆ। ਕਾਲਾ ਸਿੰਘ ਤਾਂ ਪਹਿਲਾਂ ਹੀ ਜੇਲ੍ਹ ਵਿੱਚ ਫਾਹਾ ਲੈ ਕੇ ਮਰ ਗਿਆ। ਮੱਲ ਸਿੰਘ ਤੇ ਰਣਜੀਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਮਾਰਚ 1915 ਨੂੰ ਮੱਲ ਸਿੰਘ ਤੇ ਰਣਜੀਤ ਸਿੰਘ ਨੂੰ ਇਕੱਠਿਆਂ ਨੂੰ ਫਾਂਸੀ ਦਿੱਤੀ ਗਈ। ਇਸ ਸਬੰਧੀ ਕਿੱਸਾਕਾਰ ਵਰਿਆਮ ਸਿੰਘ ਢੰਡਾਰੀ ਇੱਕ ਛੰਦ ਵਿੱਚ ਬਿਆਨ ਕਰਦਾ ਹੈ;
ਸੰਨ ਉਨ੍ਹੀ ਸੌ ਕਹੱਤਰ ਫੱਗਣ ਫਰਵਰੀ ਮਾਸ।
ਮੱਲ ਸਿੰਘ ਰਣਜੀਤ ਕੋ ਫਾਹੇ ਦੇਤਾ ਖਾਸ।
ਲਾਸ਼ ਗਲਾਂ ਮੇਂ ਪਾਏ ਕੇ ਝੂਟੇ ਦਿੱਤੇ ਚਾਰ।
ਰਣਜੀਤ ਤੇ ਮੱਲ ਦਾ ਕੀਤਾ ਬੇੜਾ ਪਾਰ।
ਲੋਥ ਦਵਾਈ ਵਾਰਸਾਂ ਪੱਟ ਰਹੇ ਨੇ ਵਾਲ।
ਸੁੱਚਾ ਸਿੰਘ ਰੰਗੀਆਂ ਵਾਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਦਾ ਰਹਿਣ ਵਾਲਾ ਸੀ। ਉਹ ਪਿੰਡ ਰੰਗੀਆਂ ਵਿੱਚ ਵਿਆਹਿਆ ਹੋਣ ਕਰਕੇ ਅਤੇ ਉੱਥੇ ਹੀ ਰਹਿਣ ਕਰਕੇ ‘ਰੰਗੀਆਂ ਵਾਲਾ’ ਤਖੱਲਸ ਉਸ ਦੇ ਨਾਂ ਨਾਲ ਸਦਾ ਲਈ ਜੁੜ ਗਿਆ। ਚੰਦ ਸਿੰਘ, ਲਾਲ ਸਿੰਘ ਤੇ ਜਾਗਰ ਸਿੰਘ ਉਸ ਦੇ ਤਿੰਨ ਪੁੱਤਰ ਹੋਏ। ਇਨ੍ਹਾਂ ਵਿੱਚੋਂ ਲਾਲ ਸਿੰਘ ਪਿੰਡ ਮੌੜਾਂ ਵਿਖੇ ਵਿਆਹਿਆ ਹੋਇਆ ਸੀ। ਉਸ ਦੇ ਘਰਵਾਲੀ ਭਾਨੋ ਜੋ ਬਹੁਤ ਸੁਨੱਖੀ ਤੇ ਚੁਸਤ ਚਲਾਕ ਔਰਤ ਸੀ, ਉਸ ਨੇ ਬਿਸ਼ਨੇ ਨਾਂ ਦੇ ਇੱਕ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਬਣਾ ਲਏ। ਸੁੱਚੇ ਨੇ ਬਿਸ਼ਨੇ ਦੀ ਮਾਂ ਖੇਮੋ ਨੂੰ ਸਮਝਾਇਆ ਕਿ ਉਹ ਆਪਣੇ ਪੁੱਤਰ ਨੂੰ ਵਰਜੇ। ਇਸ ਸਮੇਂ ਦੇ ਹਾਲਾਤ ਨੂੰ ਛੱਜੂ ਸਿੰਘ ਕਵੀਸ਼ਰ ਇਉਂ ਬਿਆਨ ਕਰਦਾ ਹੈ;
ਸੁੱਚਾ ਕਹਿੰਦਾ ਸੁਣ ਨੀ ਖੇਮੋ ਬਿਸ਼ਨੇ ਨੂੰ ਸਮਝਾ ਲੈ।
ਤੱਕਦਾ ਫਿਰੇ ਪਰਾਈਆਂ ਨਾਰਾਂ ਹਟਦਾ ਜੇ ਹਟਾ ਲੈ।
ਨਹੀਂ ਤਾਂ ਦੁਨਾਲੀ ਲਿਆ ਕੇ ਕਰਦੂੰ ਉਸਨੂੰ ਫਨਾਹ ਲੈ।
ਡੁੱਲ੍ਹਿਆਂ ਬੇਰਾਂ ਨੂੰ ਤੂੰ ਚੁਗ-ਚੁਗ ਝੋਲੀ ਪਾ ਲੈ।
ਦੁਖੀ ਹੋਇਆ ਸੁੱਚਾ ਸਿੰਘ ਇੱਕ ਡਾਕੂਆਂ ਦੇ ਟੋਲੇ ਵਿੱਚ ਰਲ ਗਿਆ ਅਤੇ ਡਾਕੇ ਮਾਰਨੇ ਸ਼ੁਰੂ ਕੀਤੇ।
ਹੋਇਆ ਦੁਖੀ ਸੁੱਚਾ ਸਿੰਘ ਵੀਰੋ ਉੱਠਿਆ ਗੁੱਸਾ ਖਾਕੇ।
ਸੱਤ ਸੌ ਨਕਦ ਰੁਪਈਆ ਲਿਆਂਦਾ ਗਹਿਣੇ ਜ਼ਿਮੀਂ ਟਿਕਾ ਕੇ।
ਕੇਹਰੂ, ਚੰਨਣ, ਗੰਡਾ ਤਿੰਨੇ ਫਿਰਨ ਮਾਰਦੇ ਡਾਕੇ।
ਚੌਥਾ ਸੁੱਚਾ ਸਿੰਘ ਰਲ ਗਿਆ ਨਾਲ ਉਨ੍ਹਾਂ ਦੇ ਜਾ ਕੇ।
ਸੁੱਚਾ ਸਿੰਘ ਭਾਨੋ ਤੇ ਬਿਸ਼ਨੇ ਨੂੰ ਇੱਕਠਿਆਂ ਨੂੰ ਮਾਰਨਾ ਚਾਹੁੰਦਾ ਸੀ। ਇਸ ਮਕਸਦ ਲਈ ਉਹ ਫ਼ਸਲਾਂ ਵਿੱਚ ਲੁਕ ਕੇ ਬੈਠ ਗਿਆ। ਇੱਕ ਦਿਨ ਬਿਸ਼ਨਾ ਬਿਮਾਰ ਹੋਈ ਭਾਨੋ ਨੂੰ ਇੱਕ ਡੇਰੇ ਲੈ ਕੇ ਜਾ ਰਿਹਾ ਸੀ। ਸੁੱਚਾ ਸਿੰਘ ਪੂਰੀ ਵਿੜਕ ਵਿੱਚ ਸੀ। ਜਦੋਂ ਭਾਨੋ ਤੇ ਬਿਸ਼ਨਾ ਡੇਰੇ ਪਹੁੰਚੇ ਤਾਂ ਉੱਥੇ ਸੁੱਚੇ ਸਿੰਘ ਨੇ ਦੋਹਾਂ ਨੂੰ ਮਾਰ ਦਿੱਤਾ। ਇਸ ਤਰ੍ਹਾਂ ਡਾਕੂ ਰਾਮਨ ਘੁਮਿਆਰ ਦਾ ਕਿੱਸਾ ਸਰਫਦੀਨ ਕਪੂਰ ਸਿੰਘ ਨੇ ਲਿਖਿਆ ਹੈ। ਚੰਦ ਸਿੰਘ ਸੂਰਮੇ ਦਾ ਕਿੱਸਾ ਕਰਤਾਰ ਸਿੰਘ ਘਰਾਚੋਂ ਤੇ ਰਘਵੀਰ ਸਿੰਘ ਪੰਖੇਰੂ ਨੇ ਲਿਖੇ ਹਨ। ਸੁੰਦਰ ਸਿੰਘ ਧਾੜਵੀਂ ਦਾ ਕਿੱਸਾ ਗੁਰਦਿੱਤ ਸਿੰਘ ਨੇ ਲਿਖਿਆ ਹੈ। ਅਰਜਨ ਸਿੰਘ ਹੇਰਾਂ ਵਾਲੇ ਦਾ ਕਿੱਸਾ ਸ਼ੇਰ ਸਿੰਘ ਸੰਦਲ ਨੇ ਲਿਖਿਆ ਹੈ। ਇਨ੍ਹਾਂ ਡਾਕੂਆਂ ਵਿੱਚ ਕੁਝ ਗੱਲਾਂ ਸਾਂਝੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ। ਜਿਵੇਂ ਉਹ ਆਪਣੇ ਨਿੱਜੀ ਦੁਖਾਂਤ ਤੋਂ ਲੋਕ ਨਾਇਕ ਬਣਨ ਵੱਲ ਉਲਾਰ ਹੋਏ। ਸਾਰੇ ਹੀ ਡਾਕੂਆਂ ਨੇ ਆਮ ਲੋਕਾਂ ਨੂੰ ਨਹੀਂ ਲੁੱਟਿਆ। ਗਊ ਤੇ ਗ਼ਰੀਬ ਦੀ ਸਾਰਿਆਂ ਨੇ ਮਦਦ ਕੀਤੀ। ਇਹ ਡਾਕੂ ਧੀ-ਭੈਣ ਦੀ ਇੱਜ਼ਤ ਦੇ ਸੀਰੀ ਬਣੇ ਰਹੇ। ਇਸੇ ਕਰਕੇ ਇਨ੍ਹਾਂ ਉੱਪਰ ਕਿੱਸੇ ਲਿਖ ਕੇ ਕਿੱਸਾਕਾਰਾਂ ਨੇ ਉਨ੍ਹਾਂ ਦੇ ਕਾਰਨਾਮਿਆਂ ਨੂੰ ਵਡਿਆਇਆ ਹੈ। ਇਹ ਕਿੱਸੇ ਡਾਕੂਆਂ ਦੀ ਜ਼ਿੰਦਗੀ ਬਾਰੇ ਵਿਸਥਾਰਤ ਜਾਣਕਾਰੀ ਦਿੰਦੇ ਹਨ। ਇਹ ਦਸਤਾਵੇਜ਼ ਸਿਰਫ਼ ਡਾਕੂਆਂ ਦਾ ਜ਼ਿੰਦਗੀਨਾਮਾ ਹੀ ਨਹੀਂ, ਸਗੋਂ ਕਲਾ ਦਾ ਅਨਮੋਲ ਖ਼ਜ਼ਾਨਾ ਵੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਖਿੰਡਿਆ-ਪੁੰਡਿਆ ਪੁਰਾਤਨ ਤੇ ਅਨਮੋਲ ਖ਼ਜ਼ਾਨਾ ਇਕੱਠਾ ਕਰਕੇ ਇਸ ਨੂੰ ਨਵੀਂ ਦਿੱਖ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਪੁਰਾਤਨ ਸ਼ਾਇਰੀ ਤੇ ਛੰਦਾ-ਬੰਦੀ ਦੀਆਂ ਬਾਰੀਕੀਆਂ ਤੋਂ ਸਾਡੀ ਨਵੀਂ ਪੀੜ੍ਹੀ ਜਾਣੂ ਹੋ ਸਕੇ।

ਸੰਪਰਕ: 95010-12199

Advertisement
Author Image

sukhwinder singh

View all posts

Advertisement