ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਘਰਸ਼ਾਂ ਨੂੰ ਪ੍ਰਨਾਇਆ ਸ਼ਾਇਰ ਸੰਤ ਰਾਮ ਉਦਾਸੀਗੁਰਪ੍ਰੀਤ ਰੂੜੇਕੇ

08:05 AM Nov 06, 2023 IST

ਉੱਘੇ ਰੰਗਕਰਮੀ ਭਾਅ ਜੀ ਗੁਰਸ਼ਰਨ ਸਿੰਘ ਨੇ ਕਿਹਾ ਸੀ ਕਿ ਬਾਬਰ ਨੂੰ ਜਾਬਰ ਕਹਿਣ ਵਾਲਾ ਪੰਜਾਬੀ ਦਾ ਦੂਜਾ ਸਰੋਦੀ ਸ਼ਾਇਰ ਸੰਤ ਰਾਮ ਉਦਾਸੀ ਹੈ। 20 ਅਪਰੈਲ 1939 ਨੂੰ ਸੰਗਰੂਰ ਜਿ਼ਲ੍ਹੇ ਦੇ ਪਿੰਡ ਰਾਏਸਰ (ਹੁਣ ਜਿ਼ਲ੍ਹਾ ਬਰਨਾਲਾ) ਵਿਚ ਜਨਮ ਲੈਣ ਵਾਲੇ ਸੰਤ ਰਾਮ ਉਦਾਸੀ ਦੀ ਪੂਰੀ ਜਿ਼ੰਦਗੀ ਲੋਕ ਸੰਘਰਸ਼ਾਂ ਵਿਚ ਇਨਕਲਾਬੀ ਗੀਤ, ਕਵਤਿਾਵਾਂ ਗਾਉਂਦਿਆਂ ਅਤੇ ਸਮੇਂ ਦੇ ਹਾਕਮਾਂ ਦਾ ਜਬਰ ਆਪਣੇ ਪਿੰਡੇ ’ਤੇ ਹੰਡਾਉਂਦਿਆਂ ਬੀਤੀ। ਉਹ ਉਮਰ ਭਰ ਸ਼ਹੀਦਾਂ ਦੇ ਸੁਫ਼ਨਿਆਂ ਦਾ ਭਾਰਤ ਸਿਰਜਣ ਲਈ ਯਤਨਸ਼ੀਲ ਰਹੇ ਅਤੇ ਅੰਤ 6 ਨਵੰਬਰ 1986 ਨੂੰ ਸਾਥੋਂ ਸਦਾ ਲਈ ਵਿੱਛੜ ਗਏ ਪਰ ਉਹ ਆਪਣੇ ਗੀਤਾਂ ਰਾਹੀਂ ਅੱਜ ਵੀ ਸਾਡੇ ਵਿਚਕਾਰ ਜਿਊਂਦੇ ਹਨ; ਉਹ ਤਾਂ ਸਗੋਂ ਆਪਣੇ ਹੀ ਇੱਕ ਗੀਤ ‘ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ’ ਨੂੰ ਸਾਕਾਰ ਕਰ ਗਏ। ਇਹੀ ਨਹੀਂ, ਅੱਜ ਜਦੋਂ ਕਤਿੇ ਵੀ ਸੰਘਰਸ਼ ਚੱਲਦਾ ਹੈ ਤਾਂ ਇਸ ਇਨਕਲਾਬੀ ਸ਼ਾਇਰ ਦੇ ਦਹਾਕਿਆਂ ਪਹਿਲਾਂ ਲਿਖੇ ਸ਼ਬਦ ਸੰਘਰਸ਼ ਦੇ ਅਖਾੜਿਆਂ ਵਿਚ ਗੂੰਜਣ ਲੱਗ ਪੈਂਦੇ ਹਨ।
ਤਿੰਨ ਸਾਲ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਇਰਾਦੇ ਨਾਲ ਖੇਤੀ ਕਾਨੂੰਨ ਲਿਆਂਦੇ ਤਾਂ ਬਾਬਰ ਨੂੰ ਜਾਬਰ ਆਖਣ ਵਾਲਿਆਂ ਦੇ ਵਾਰਿਸ ਚੁੱਪ ਕਿਵੇਂ ਰਹਿ ਸਕਦੇ ਸਨ? ਇਨ੍ਹਾਂ ਕਾਨੂੰਨਾਂ ਖਿਲਾਫ ਪੰਜਾਬ ਵਿਚ ਸੰਘਰਸ਼ ਦਾ ਪਿੜ ਭਖਣਾ ਸ਼ੁਰੂ ਹੋ ਜਾਂਦਾ ਹੈ, ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ, ਨੌਜਵਾਨ, ਮਾਵਾਂ ਭੈਣਾਂ ਵੀ ਮੈਦਾਨ ਵਿਚ ਆ ਜਾਂਦੀਆਂ ਹਨ, ਦੁਕਾਨਦਾਰ ਵੀ ਬੰਦ ਦੇ ਸੱਦਿਆਂ ਨੂੰ ਹੁੰਗਾਰਾ ਭਰਦੇ ਹਨ। ਬਹੁਤ ਸਾਰੇ ਰੰਗਕਰਮੀ, ਗਾਇਕ ਵੀ ਕਲਾ ਰਾਹੀਂ ਯੋਗਦਾਨ ਪਾਉਂਦੇ ਹਨ ਪਰ ਉਸ ਵਕਤ ਜਾਪਦਾ ਸੀ ਜਿਵੇਂ ਲੋਕ ਕਵੀ ਸੰਤ ਰਾਮ ਉਦਾਸੀ ਉੱਚੀ ਹੇਕ ਲਾ ਕੇ ਦਿੱਲੀ ਦੇ ਤਖ਼ਤ ਨੂੰ ਵੰਗਾਰ ਰਿਹਾ ਹੋਵੇ:
ਤੇਰੇ ਤਾਂ ਪਿਆਦੇ ਨਿਰੇ ਖੇਤਾਂ ਦੇ ਪ੍ਰੇਤ ਨੀ
ਤਿਲਾਂ ਦੀ ਪੂਲੀ ਵਾਂਗੂੰ ਝਾੜ ਲੈਂਦੇ ਖੇਤ ਨੀ
ਇੰਝ ਮਹਿਸੂਸ ਹੁੰਦਾ ਹੈ ਜਿਵੇਂ ਸੰਤ ਰਾਮ ਉਦਾਸੀ ਨੇ ਇਹ ਰਚਨਾ ਅਜਿਹੇ ਮੌਕਿਆਂ ਲਈ ਹੀ ਕੀਤੀ ਹੋਵੇ। 1970ਵਿਆਂ ਵਾਲੇ ਦੌਰ ਦੋਰਾਨ ਲਿਖੇ ਅਜਿਹੇ ਗੀਤ ਅੱਜ ਵੀ ਸਭ ਤੋਂ ਵੱਧ ਮਕਬੂਲ ਹੁੰਦੇ ਹਨ। ਕਿਸਾਨ ਅੰਦੋਲਨ ਜਦੋਂ ਦਿੱਲੀ ਵੱਲ ਵਹੀਰ ਘੱਤਦਾ ਹੈ, ਰਸਤਿਆਂ ਦੀਆਂ ਰੋਕਾਂ ਪਾਰ ਕਰਦਾ ਹੈ ਤਾਂ ਉਦਾਸੀ ਗੂੰਜ ਰਿਹਾ ਹੁੰਦਾ ਹੈ:
ਪਿੰਡਾਂ ’ਚੋਂ ਤੁਰੇ ਪੁੱਤ ਨੀ ਬਹਾਦਰਾਂ ਦੇ
ਤੇਰੇ ਮਹਿਲੀਂ ਵੜੇ ਕਿ ਵੜੇ
ਕਰੋਨਾ ਕਾਲ ਦੌਰਾਨ ਹੀ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਅਰਬਾਂ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੰਦੀ ਹੈ; ਦੂਜੇ ਬੰਨੇ ਕਰਜ਼ੇ ਦੇ ਭਾਰ ਹੇਠ ਦੱਬੇ ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਕਰਜ਼ਾ ਮੁਕਤੀ ਲਈ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਖਿ਼ਲਾਫ਼ ਸੰਘਰਸ਼ ਦਾ ਆਗਾਜ਼ ਕਰਦੀਆਂ ਹਨ। ਚਿਰਾਂ ਤੋਂ ਕੈਦ ਗੁੱਸਾ ਸੜਕਾਂ ’ਤੇ ਨਿੱਤਰ ਆਉਂਦਾ ਹੈ, ਉਦਾਸੀ ਇਕ ਵਾਰ ਫਿਰ ਗੂੰਜਦਾ ਹੈ:
ਉੱਚੀ ਕਰ ਕੇ ਬਾਂਹ ਮਜ਼ਦੂਰ ਨੇ ਹੈ ਕਹਿਣਾ,
ਹਿੱਸਾ ਦੇਸ਼ ਦੀ ਆਜ਼ਾਦੀ ’ਚ ਅਸੀਂ ਵੀ ਹੈ ਲੈਣਾ।
ਹੱਕਾਂ ਲਈ ਕਤਿੇ ਵੀ ਲੜਿਆ ਜਾ ਰਿਹਾ ਕੋਈ ਵੀ ਸੰਘਰਸ਼ ਹੋਵੇ ਜਾਂ ਲੋਕਾਈ ’ਤੇ ਜਬਰ ਹੋ ਰਿਹਾ ਹੋਵੇ, ਸੰਤ ਰਾਮ ਉਦਾਸੀ ਆਪਣੇ ਗੀਤਾਂ ਰਾਹੀਂ ਜਾਬਰ ਨਾਲ ਮੱਥਾ ਲਾ ਰਿਹਾ ਹੁੰਦਾ ਹੈ। ਦੁਨੀਆ ਭਰ ਦੇ ਕਿਰਤੀ ਕਾਮਿਆਂ ਨੂੰ ਜਥੇਬੰਦ ਕਰਨ ਦਾ ਸੁਨੇਹਾ ਦੇਣ ਵਾਲੀ ਕਮਿਊਨਿਸਟ ਵਿਚਾਰਧਾਰਾ ਨੂੰ ਪ੍ਰਨਾਇਆ ਇਹ ਕਵੀ ਅੱਜ ਦੇ ਲਿਖਾਰੀਆਂ ਤੋਂ ਕਤਿੇ ਵੱਧ ਪ੍ਰਸੰਗਿਕ ਜਾਪਦਾ ਹੈ। ਮਾਰਕਸ, ਲੈਨਿਨ, ਮਾਓ ਵਿਚਾਰਧਾਰਾ ਨੂੰ ਪ੍ਰਨਾਇਆ ਸੰਤ ਰਾਮ ਉਦਾਸੀ ਆਪਣੀਆਂ ਰਚਨਾਵਾਂ ਰਾਹੀਂ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਾ ਹੋਇਆ ਲਿਖਦਾ ਹੈ:
ਹਾੜ੍ਹੀ ਦੇ ਹਾਣੀਉਂ ਸਾਉਣੀਆਂ ਦੇ ਸਾਥੀਆਂ ਵੇ
ਚੁੱਕੋ ਵੇ ਹਥੌੜਿਆਂ ਨੂੰ ਤੋੜੋ ਹਿੱਕ ਪੱਥਰਾਂ ਦੀ
ਅੱਜ ਸਾਨੂੰ ਲੋੜੀਂਦੇ ਅੰਗਾਰ
ਸਮੇਂ ਦੇ ਵਹਾਅ ਨਾਲ ਬਹੁਤ ਸਾਰੇ ਲੇਖਕਾਂ ਦੇ ਵਿਚਾਰਾਂ ਅੰਦਰ ਤਬਦੀਲੀਆਂ ਆ ਜਾਂਦੀਆਂ ਹਨ ਪਰ ਸੰਤ ਰਾਮ ਉਦਾਸੀ ਸਦਾ ਹੀ ਜ਼ੁਲਮ ਖਿਲਾਫ ਲੜਨ ਦਾ ਸੱਦਾ ਦਿੰਦਾ ਰਿਹਾ। ਅੱਜ ਜਦੋਂ ਇਜ਼ਰਾਇਲੀ ਹਕੂਮਤ ਸਾਮਰਾਜੀ ਸ਼ਹਿ ’ਤੇ ਫ਼ਲਸਤੀਨੀਆਂ ਦਾ ਘਾਣ ਕਰ ਰਹੀ ਹੈ ਤਾਂ ਉਦਾਸੀ ਦਅਿਾਂ ਰਚਨਾਵਾਂ ਚੇਤਿਆਂ ਅੰਦਰ ਉੱਭਰਨ ਲਗਦੀਆਂ ਹਨ: ਦੁਨੀਆ ਦੇ ਲੋਕੋ ਵੇ...
ਦਰਅਸਲ, ਜਦੋਂ ਤੱਕ ਧਰਤੀ ’ਤੇ ਕਾਣੀ ਵੰਡ, ਸਾਮਰਾਜੀ ਮਾਰ-ਧਾੜ ਜਾਰੀ ਰਹੇਗੀ, ਸੰਤ ਰਾਮ ਉਦਾਸੀ ਦੀ ਕਵਤਿਾ ਦੀ ਪ੍ਰਸੰਗਿਕਤਾ ਬਣੀ ਰਹੇਗੀ; ਸਿਰਫ ਉਦਾਸੀ ਦੀ ਹੀ ਨਹੀਂ, ਉਸ ਵਿਚਾਰਧਾਰਾ ਦੀ ਵੀ ਪ੍ਰਸੰਗਿਕਤਾ ਬਣੀ ਰਹੇਗੀ ਜਿਸ ਨੂੰ ਪ੍ਰਨਾਇਆ ਹੋਇਆ ਕਵੀ ਸਾਰੀ ਜਿ਼ੰਦਗੀ ਹਨੇਰੇ ਨਾਲ ਲੜਦਿਆਂ ਐਲਾਨ ਕਰਦਾ ਰਿਹਾ:
ਕਾਲਖ ਦੇ ਵਣਜਾਰਿਓ, ਚਾਨਣ ਕਦੇ ਹਰਿਆ ਨਹੀਂ
ਕਿਰਨਾਂ ਦੇ ਕਾਤਲੋ ਸੂਰਜ ਕਦੇ ਮਰਿਆ ਨਹੀਂ।

Advertisement

ਸੰਪਰਕ: 98760-99946

Advertisement
Advertisement