ਕਵਿੱਤਰੀ ਪਾਲ ਕੌਰ ਨੂੰ ਸਾਹਿਤ ਅਕਾਦਮੀ ਪੁਰਸਕਾਰ
* ਹਿੰਦੀ ਲਈ ਗਗਨ ਗਿੱਲ ਤੇ ਅੰਗਰੇਜ਼ੀ ਲਈ ਈਸਟਰਿਨ ਕਿਰੇ ਦੀ ਚੋਣ
ਨਵੀਂ ਦਿੱਲੀ,18 ਦਸੰਬਰ
ਸਾਹਿਤ ਅਕਾਦਮੀ ਨੇ ਅੱਜ ਪੰਜਾਬੀ ਲਈ ਮਸ਼ਹੂਰ ਕਵਿੱਤਰੀ ਪਾਲ ਕੌਰ, ਹਿੰਦੀ ਲਈ ਕਵਿੱਤਰੀ ਗਗਨ ਗਿੱਲ ਅਤੇ ਅੰਗਰੇਜ਼ੀ ਲਈ ਈਸਟਰਿਨ ਕਿਰੇ ਸਮੇਤ 21 ਭਾਰਤੀ ਭਾਸ਼ਾਵਾਂ ਦੇ ਰਚਨਾਕਾਰਾਂ ਨੂੰ ਸਾਲ 2024 ਦਾ ਵੱਕਾਰੀ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਅਕਾਦਮੀ ਦੇ ਸਕੱਤਰ ਕੇ ਸ੍ਰੀਨਿਵਾਸ ਰਾਓ ਨੇ ਇੱਥੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਪੰਜਾਬੀ ’ਚ ਪਾਲ ਕੌਰ ਨੂੰ ਉਨ੍ਹਾਂ ਦੇ ਕਾਵਿ ਸੰਗ੍ਰਹਿ ‘ਸੁਣ ਗੁਣਵੰਤਾ ਸੁਣ ਬੁਧਿਵੰਤਾ (ਇਤਿਹਾਸਨਾਮਾ ਪੰਜਾਬ)’ ਲਈ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਗਨ ਗਿੱਲ ਨੂੰ ਉਨ੍ਹਾਂ ਦੇ ਕਾਵਿ ਸੰਗ੍ਰਹਿ ‘ਮੈਂ ਜਬ ਤਕ ਆਈ ਬਾਹਰ’ ਲਈ ਇਸ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ’ਚ ਕਿਰੇ ਨੂੰ ਉਨ੍ਹਾਂ ਦੇ ਨਾਵਲ ‘ਸਪਿਰਿਟ ਨਾਈਟਸ’ ਲਈ ਅਤੇ ਮਰਾਠੀ ’ਚ ਸੁਧੀਰ ਰਸਾਲ ਨੂੰ ਉਨ੍ਹਾਂ ਦੀ ਆਲੋਚਨਾ ‘ਵਿੰਦਾਂਚੇ ਗਦਯਰੂਪ’ ਲਈ ਇਹ ਪੁਸਰਕਾਰ ਦਿੱਤਾ ਜਾਵੇਗਾ। ਰਾਓ ਮੁਤਾਬਕ ਇਨ੍ਹਾਂ ਤੋਂ ਇਲਾਵਾ ਸੰਸਕ੍ਰਿਤ ’ਚ ਦੀਪਕ ਕੁਮਾਰ ਸ਼ਰਮਾ (ਕਾਵਿ ਸੰਗ੍ਰਹਿ), ਰਾਜਸਥਾਨੀ ’ਚ ਮੁਕੁਟ ਮਨੀਰਾਜ (ਕਾਵਿ ਸੰਗ੍ਰਹਿ), ਕਸ਼ਮੀਰੀ ’ਚ ਸੋਹਨ ਕੌਲ (ਨਾਵਲ) ਅਤੇ ਗੁਜਰਾਤੀ ’ਚ ਦਿਲੀਪ ਝਾਵੇਰੀ (ਕਾਵਿ ਸੰਗ੍ਰਹਿ) ਸਮੇਤ ਹੋਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਕਾਦਮੀ ਨੇ ਫਿਲਹਾਲ 21 ਭਾਸ਼ਾਵਾਂ ਲਈ ਪੁਸਰਕਾਰਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ’ਚ ਅੱਠ ਕਾਵਿ ਸੰਗ੍ਰਹਿ, ਤਿੰਨ ਨਾਵਲ, ਦੋ ਕਹਾਣੀ ਸੰਗ੍ਰਹਿ, ਤਿੰਨ ਲੇਖ ਸੰਗ੍ਰਹਿ, ਤਿੰਨ ਸਾਹਿਤਕ ਆਲੋਚਨਾ, ਇੱਕ ਨਾਟਕ ਤੇ ਇੱਕ ਖੋਜ ਪੁਸਤਕ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਬੰਗਾਲੀ, ਡੋਗਰੀ ਤੇ ਉਰਦੂ ਭਾਸ਼ਾਵਾਂ ’ਚ ਪੁਰਸਕਾਰਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਜੇਤੂ ਰਚਨਾਕਾਰਾਂ ਨੂੰ ਅਗਲੇ ਸਾਲ ਅੱਠ ਮਾਰਚ ਨੂੰ ਹੋਣ ਵਾਲੇ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ। -ਪੀਟੀਆਈ
ਅਗਲੇ ਸਾਲ ਤੋਂ ਲੇਖਕ ਸਿੱਧੀ ਅਰਜ਼ੀ ਦੇ ਸਕਣਗੇ
ਸਾਹਿਤ ਅਕਾਦਮੀ ਅਗਲੇ ਸਾਲ ਤੋਂ ਆਪਣੇ ਸਾਰੇ ਪੁਰਸਕਾਰਾਂ ਲਈ ਇਸ਼ਤਿਹਾਰ ਜਾਰੀ ਕਰਕੇ ਲੇਖਕਾਂ ਤੋਂ ਅਰਜ਼ੀਆਂ ਮੰਗੇਗੀ। ਅਕਾਦਮੀ ਦੇ ਸਕੱਤਰ ਕੇ ਸ੍ਰੀਨਿਵਾਸ ਰਾਓ ਨੇ ਦੱਸਿਆ ਕਿ 2025 ਤੋਂ ਕੋਈ ਵੀ ਲੇਖਕ ਪੁਰਸਕਾਰ ਲਈ ਸਿੱਧੀ ਅਰਜ਼ੀ ਦੇ ਸਕੇਗਾ ਅਤੇ ਇਸ ਮਗਰੋਂ ਸਬੰਧਤ ਭਾਸ਼ਾ ਦੀ ਚੋਣ ਕਮੇਟੀ ਉਨ੍ਹਾਂ ਦੇ ਪੁਰਸਕਾਰਾਂ ’ਤੇ ਗੌਰ ਕਰੇਗੀ। ਉਨ੍ਹਾਂ ਕਿਹਾ, ‘ਇੰਨਾਂ ਹੀ ਨਹੀਂ ਲੇਖਕ ਵੱਲੋਂ ਪ੍ਰਕਾਸ਼ਕ ਜਾਂ ਉਨ੍ਹਾਂ ਦਾ ਕੋਈ ਸ਼ੁਭ-ਚਿੰਤਕ ਵੀ ਅਰਜ਼ੀ ਦੇ ਸਕੇਗਾ। ਇਸ ਲਈ ਅਕਾਦਮੀ ਅਖ਼ਬਾਰਾਂ ਤੇ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਜਾਰੀ ਕਰੇਗੀ।’ ਰਾਓ ਨੇ ਦੱਸਿਆ ਕਿ ਯੁਵਾ ਤੇ ਬਾਲ ਸਾਹਿਤ ਪੁਰਸਕਾਰਾਂ ਲਈ ਇਸ਼ਤਿਹਾਰ ਜਾਰੀ ਕੀਤੇ ਜਾ ਚੁੱਕੇ ਹਨ।