ਕਵੀ ਕੇਕੀ ਐੱਨ. ਦਾਰੂਵਾਲਾ ਦਾ ਦੇਹਾਂਤ
ਨਵੀਂ ਦਿੱਲੀ, 27 ਸਤੰਬਰ
ਅੰਗਰੇਜ਼ੀ ਦੇ ਨਾਮੀ ਸ਼ਾਇਰ ਅਤੇ ਸਾਬਕਾ ਆਈਪੀਐੱਸ ਅਧਿਕਾਰੀ ਕੇਕੀ ਐੱਨ. ਦਾਰੂਵਾਲਾ ਦਾ ਲੰਬੀ ਬਿਮਾਰੀ ਅਤੇ ਨਿਮੋਨੀਆ ਦੀ ਸਮੱਸਿਆ ਕਾਰਨ ਵੀਰਵਾਰ ਰਾਤ ਇਥੋਂ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੀ ਧੀ ਅਨਾਹਿਤਾ ਕਪਾਡੀਆ ਨੇ ਦਿੱਤੀ ਹੈ। ਉਹ 87 ਵਰ੍ਹਿਆਂ ਦੇ ਸਨ। ਲਾਹੌਰ ਵਿੱਚ ਜਨਮੇ ਦਾਰੂਵਾਲਾ ਨੇ ਪੜ੍ਹਾਈ ਲੁਧਿਆਣਾ ਦੇ ਸਰਕਾਰੀ ਕਾਲਜ ਵਿਚੋਂ ਕੀਤੀ ਸੀ। ਉਹ ਭਾਰਤ ਦੇ ਨਾਮੀ ਅੰਗਰੇਜ਼ੀ ਕਵੀਆਂ ਅਤੇ ਲੇਖਕਾਂ ਵਿੱਚ ਸ਼ੁਮਾਰ ਸਨ। ਦਾਰੂਵਾਲਾ, ਜੋ ਆਪਣੀਆਂ ਨਿੱਕੀਆਂ ਕਹਾਣੀਆਂ ਲਈ ਵੀ ਜਾਣੇ ਜਾਂਦੇ ਸਨ, ਦੇ ਪਿੱਛੇ ਪਰਿਵਾਰ ’ਚ ਦੋ ਧੀਆਂ ਅਨਾਹਿਤਾ ਤੇ ਰੂਕਵੀਨ, ਦੋਵਾਂ ਦੇ ਪਤੀ ਤੇ ਚਾਰ ਦੋਹਤੇ-ਦੋਹਤੀਆਂ ਹਨ। ਮਰਹੂਮ ਸ਼ਾਇਰ ਦੀਆਂ ਅੰਤਿਮ ਰਸਮਾਂ ਖ਼ਾਨ ਮਾਰਕੀਟ ਨੇੜੇ ਪਾਰਸੀ ਆਰਾਮਗਾਹ ’ਚ ਅਦਾ ਕੀਤੀਆਂ ਗਈਆਂ। ਦਾਰੂਵਾਲਾ ਦਾ ਪਹਿਲਾ ਕਾਵਿ ਸੰਗ੍ਰਹਿ ‘ਅੰਡਰ ਓਰੀਅਨ’ 1970 ’ਚ ਪ੍ਰਕਾਸ਼ਿਤ ਹੋਇਆ ਸੀ। ਉਨ੍ਹਾਂ ਨੇ 1984 ’ਚ ਸਾਹਿਤ ਅਕਾਦਮੀ ਐਵਾਰਡ ਜਿੱਤਿਆ ਸੀ, ਜਿਹੜਾ ਉਨ੍ਹਾਂ ਨੇ ਅਕਤੂਬਰ 2015 ’ਚ ਵਾਪਸ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਕੇਕੀ ਐੱਨ. ਦਾਰੂਵਾਲਾ 1958 ਵਿਚ ਭਾਰਤੀ ਪੁਲੀਸ ਸਰਵਿਸਿਜ਼ (ਉੱਤਰ ਪ੍ਰਦੇਸ਼ ਕੇਡਰ) ਵਿੱਚ ਭਰਤੀ ਹੋਏ ਸਨ। ਉਹ ਤਤਕਾਲੀ ਪ੍ਰਧਾਨ ਮੰਤਰੀ ਚਰਨ ਸਿੰਘ ਦੇ ਕੌਮਾਂਤਰੀ ਮਾਮਲਿਆਂ ਬਾਰੇ ਵਿਸ਼ੇਸ਼ ਸਹਾਇਕ ਅਤੇ ਰਾਅ ਦੇ ਸਕੱਤਰ ਤੋਂ ਇਲਾਵਾ ਆਈਪੀਐਸ ਅਧਿਕਾਰੀ ਵਜੋਂ ਵੱਖ-ਵੱਖ ਅਹਿਮ ਅਹੁਦਿਆਂ ’ਤੇ ਵੀ ਰਹੇ। -ਪੀਟੀਆਈ