ਵੈਨਕੂਵਰ ਵਿਚਾਰ ਮੰਚ ਵੱਲੋਂ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ
ਹਰਦਮ ਮਾਨ
ਸਰੀ: ਪਿਛਲੇ ਦਿਨੀਂ ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਸਹਿਯੋਗ ਨਾਲ ਵਿਸਾਖੀ ਨੂੰ ਸਮਰਪਿਤ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਸਰੀ, ਕੋਕੁਇਟਲਮ, ਵੈਨਕੂਵਰ ਦੇ ਕਵੀਆਂ ਨੇ ਵਿਸਾਖੀ, ਸਮਾਜ, ਦੇਸ਼-ਵਿਦੇਸ਼ ਦੇ ਅਨੇਕਾਂ ਰੰਗ ਆਪਣੀਆਂ ਵੱਖ ਵੱਖ ਕਾਵਿ-ਰਚਨਾਵਾਂ ਰਾਹੀਂ ਪੇਸ਼ ਕੀਤੇ।
ਮੰਚ ਵੱਲੋਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਸ਼ਾਇਰ ਮੋਹਨਜੀਤ ਅਤੇ ਵਿਜੇ ਮਿਊਜ਼ਿਕ ਅਕੈਡਮੀ ਦੇ ਵਿਜੇ ਕੁਮਾਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿੱਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਉਪਰੰਤ ਮੰਚ ਦੇ ਸਰਪ੍ਰਸਤ ਜਰਨੈਲ ਸਿੰਘ ਸੇਖਾ ਨੇ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਧਰਮ, ਸਮਾਜ ਅਤੇ ਸਾਹਿਤ ਵਿੱਚ ਵਿਸਾਖੀ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਿਸਾਖੀ ਪੰਜਾਬੀਆਂ ਦੀ ਖ਼ੁਸ਼ੀ ਅਤੇ ਖੁਸ਼ਹਾਲੀ ਦਾ ਤਿਓਹਾਰ ਹੈ। ਉਨ੍ਹਾਂ ਮਰਹੂਮ ਸ਼ਾਇਰ ਧਨੀ ਰਾਮ ਚਾਤ੍ਰਿਕ ਵੱਲੋਂ ਵਿਸਾਖੀ ਦੀ ਕਾਵਿਕ ਤਸਵੀਰ ਰਾਹੀਂ ਪੰਜਾਬੀਆਂ ਦੇ ਵਿਸਾਖੀ ਨਾਲ ਜੁੜੇ ਜਜ਼ਬਾਤ ਦੀ ਗੱਲ ਕੀਤੀ।
ਕਵੀ ਦਰਬਾਰ ਦਾ ਆਗਾਜ਼ ਬਿੱਲਾ ਤੱਖੜ ਅਤੇ ਗੁਰਨਾਮ ਥਾਂਦੀ ਦੀ ਸਾਰੰਗੀ ਦੇ ਸੁਰਾਂ ਨਾਲ ਹੋਇਆ ਅਤੇ ਉਨ੍ਹਾਂ ਆਪਣੇ ਸੁਰੀਲੇ ਸੁਰਾਂ ਵਿੱਚ ਕਵੀਸ਼ਰੀ ਪੇਸ਼ ਕੀਤੀ। ਫਿਰ ਦਵਿੰਦਰ ਕੌਰ ਜੌਹਲ, ਪਰਮਿੰਦਰ ਸਵੈਚ, ਗੁਰਮੀਤ ਸਿੰਘ ਸਿੱਧੂ, ਬਲਰਾਜ ਬਾਸੀ, ਇੰਦਰਜੀਤ ਧਾਮੀ, ਬਿੰਦੂ ਮਠਾੜੂ, ਗੁਰਦਰਸ਼ਨ ਬਾਦਲ, ਮਹਿੰਦਰਪਾਲ ਸਿੰਘ ਪਾਲ, ਦਵਿੰਦਰ ਗੌਤਮ, ਜਗਜੀਤ ਸੰਧੂ, ਨਰਿੰਦਰ ਬਾਈਆ, ਰਾਜਵੰਤ ਰਾਜ, ਮੀਨੂੰ ਬਾਵਾ, ਅਸ਼ੋਕ ਭਾਰਗਵਾ, ਮਸਹਨ ਗਿੱਲ ਅਤੇ ਅੰਗਰੇਜ਼ ਬਰਾੜ ਨੇ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਖੂਬ ਰੰਗ ਬੰਨ੍ਹਿਆ। ਕਵੀ ਦਰਬਾਰ ਦੀ ਸਮਾਪਤੀ ਚਮਕੌਰ ਸਿੰਘ ਸੇਖੋਂ ਵੱਲੋਂ ਪੇਸ਼ ਕੀਤੀ ਕਵੀਸ਼ਰੀ ਨਾਲ ਹੋਈ। ਕਵੀ ਦਰਬਾਰ ਦਾ ਸੰਚਾਲਨ ਮੋਹਨ ਗਿੱਲ ਅਤੇ ਅੰਗਰੇਜ਼ ਬਰਾੜ ਨੇ ਕੀਤਾ।
ਕ੍ਰਿਕਟ ਸੇਵਾਵਾਂ ਸ਼ੁਰੂ ਕਰਨ ਲਈ ਪਿਕਸ ਸੁਸਾਇਟੀ ਅਤੇ ਐੱਲਐੱਮਐੱਸ ਕੈਨੇਡਾ ਬਣੇ ਆਪਸੀ ਸਾਂਝੇਦਾਰ
ਸਰੀ: ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (ਪਿਕਸ) ਸੁਸਾਇਟੀ ਨੇ ਬੀਤੇ ਦਿਨੀਂ ਲਾਸਟ ਮੈਨ ਸਟੈਂਡਜ਼ ਕੈਨੇਡਾ ਡੀਈਆਈ ਫਾਊਂਡੇਸ਼ਨ (ਐੱਲਐੱਮਐੱਸ ਕੈਨੇਡਾ) ਨਾਲ ਇਤਿਹਾਸਕ ਸਾਂਝੇਦਾਰੀ ’ਤੇ ਦਸਤਖ਼ਤ ਕੀਤੇ। ਇਸ ਤਹਿਤ ਨਵੇਂ ਆਏ ਖਿਡਾਰੀਆਂ, ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਪਿਕਸ ਦੇ ਸਾਰੇ ਹਿੱਸੇਦਾਰਾਂ ਲਈ ਖੇਡਾਂ, ਵਿਸ਼ੇਸ਼ ਕਰਕੇ ਕ੍ਰਿਕਟ ਨਾਲ ਸਬੰਧਤ ਸੇਵਾਵਾਂ ਨੂੰ ਪ੍ਰਫੁੱਲਤ ਕਰਨਾ ਹੈ।
ਇਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਪਿਕਸ ਦੇ ਭਾਸ਼ਾ, ਨਿਪਟਾਰਾ ਅਤੇ ਸਮਾਜਿਕ ਪ੍ਰੋਗਰਾਮਾਂ ਦੇ ਸੀਨੀਅਰ ਨਿਰਦੇਸ਼ਕ ਦਵਿੰਦਰ ਚੱਠਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਨਵੇਂ ਆਏ ਵਿਦਿਆਰਥੀਆਂ ਖ਼ਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ’ਤੇ ਧਿਆਨ ਕੇਂਦਰਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਦਵਿੰਦਰ ਚੱਠਾ ਨੇ ਕਿਹਾ ਕਿ ਨਵੇਂ ਆਏ ਵਿਦਿਆਰਥੀਆਂ, ਵਿਸ਼ੇਸ਼ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਨੂੰ ਤਰਜੀਹ ਦੇਣਾ ਮਹੱਤਵਪੂਰਨ ਹੈ।
ਪਿਕਸ ਦੇ ਪ੍ਰਧਾਨ ਅਤੇ ਸੀ.ਈ.ਓ. ਸਤਬੀਰ ਸਿੰਘ ਚੀਮਾ ਨੇ ਕਿਹਾ ਕਿ ਇਹ ਸਾਂਝੇਦਾਰੀ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਨੂੰ ਵਿਆਪਕ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ ਜਿਸ ਨਾਲ ਨਵੇਂ ਖਿਡਾਰੀਆਂ ਲਈ ਕੀਮਤੀ ਮੌਕੇ ਮਿਲਣਗੇ ਅਤੇ ਇਹ ਸਾਂਝੇਦਾਰੀ ਨਵੇਂ ਆਉਣ ਵਾਲਿਆਂ ਦੀ ਯਾਤਰਾ ਦਾ ਸਮਰਥਨ ਕਰਨ ਲਈ ਪਿਕਸ ਦੀ ਵਚਨਬੱਧਤਾ ਦਾ ਪ੍ਰਮਾਣ ਵੀ ਹੈ। ਐੱਲਐੱਮਐੱਸ ਕੈਨੇਡਾ ਦੇ ਡਾਇਰੈਕਟਰ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਲੈਕਚਰਾਰ ਡਾ. ਇਮਰੁਲ ਹਸਨ ਨੇ ਸਾਂਝੇਦਾਰੀ ਬਾਰੇ ਆਪਣੀ ਉਮੀਦ ਜ਼ਾਹਰ ਕਰਦਿਆਂ ਕਿਹਾ ਕਿ ਇਸ ਸਹਿਯੋਗ ਰਾਹੀਂ, ਅਸੀਂ ਨਵੇਂ ਪ੍ਰੋਗਰਾਮਾਂ ਦੁਆਰਾ ਅਫ਼ਗਾਨ ਸ਼ਰਨਾਰਥੀਆਂ ਸਮੇਤ ਨਵੇਂ ਆਉਣ ਵਾਲਿਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਐੱਲਐੱਮਐੱਸ ਕੈਨੇਡੀਅਨ ਯੂਨੀਵਰਸਿਟੀ ਕ੍ਰਿਕਟ ਲੀਗ ਲਈ ਸਪਾਂਸਰਸ਼ਿਪ ਅਤੇ ਫੰਡਿੰਗ ਦੁਆਰਾ ਅੰਤਰਰਾਸ਼ਟਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਸਹਾਇਤਾ ਨੂੰ ਦੁੱਗਣਾ ਕਰਨਾ ਹੈ।
ਫੰਡਰੇਜ਼ਿੰਗ ਸਮਾਗਮ ਨੂੰ ਮਿਲਿਆ ਹੁੰਗਾਰਾ
ਸਰੀ: ਸਾਊਥ ਏਸ਼ੀਅਨ ਕਮਿਊਨਿਟੀ ਹੱਬ ਸੁਸਾਇਟੀ ਵੱਲੋਂ ਸਰੀ ਦੇ ਕਰਾਊਨ ਪੈਲੇਸ ਬੈਂਕੁਏਟ ਹਾਲ ਵਿੱਚ ਆਪਣਾ ਪਹਿਲਾ ਫੰਡਰੇਜ਼ਿੰਗ ਸਮਾਗਮ ਕਰਵਾਇਆ ਗਿਆ ਜਿਸ ਵਿੱਚ 500 ਤੋਂ ਵਧੇਰੇ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿੱਚ ਸਿਆਸਤਦਾਨ, ਬਿਜ਼ਨਸਮੈਨ, ਸਿਹਤ ਅਤੇ ਸਮਾਜਿਕ ਸੇਵਾਵਾਂ ਨਾਲ ਸਬੰਧਿਤ ਵੱਖ ਵੱਖ ਸੰਸਥਾਵਾਂ ਦੇ ਆਗੂ ਸ਼ਾਮਲ ਸਨ।
ਸਮਾਗਮ ਦੌਰਾਨ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਵਿਭਾਗ ਦੇ ਮੰਤਰੀ ਜੈਨੀਫਰ ਵ੍ਹਾਈਟਸਾਈਡ ਨੇ ਕਿਹਾ ਕਿ ਇਹ ਸੰਸਥਾ ਦੱਖਣੀ ਏਸ਼ਿਆਈ ਲੋਕਾਂ ਦੀਆਂ ਖ਼ਾਸ ਲੋੜਾਂ ਨੂੰ ਪੂਰਾ ਕਰਨ ਵਾਲੇ ਪ੍ਰੋਗਰਾਮਾਂ ਅਤੇ ਸੇਵਾਵਾਂ ਨਾਲ ਜੁੜਨਾ ਆਸਾਨ ਬਣਾਉਣ ਲਈ ਬਹੁਤ ਲੋੜੀਂਦਾ ਕੁਨੈਕਸ਼ਨ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ। ਉਨ੍ਹਾਂ ਨੇ ਇਸ ਸੰਸਥਾ ਦੇ ਪ੍ਰੋਗਰਾਮਾਂ ਦਾ ਸਮਰਥਨ ਕਰਦਿਆਂ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ 100,000 ਡਾਲਰ ਫੰਡ ਦੇਣ ਦਾ ਐਲਾਨ ਕੀਤਾ। ਪੈਸੀਫਿਕ ਹਾਸਪਿਟੈਲਿਟੀ ਇੰਕ ਵੱਲੋਂ ਵੀ 25,000 ਡਾਲਰ ਰਾਸ਼ੀ ਦਾਨ ਦਿੱਤੀ ਗਈ ਅਤੇ ਹੋਰ ਕਈ ਵੱਡੇ ਦਾਨੀਆਂ ਨੇ ਆਪਣਾ ਯੋਗਦਾਨ ਪਾਇਆ।
ਸੁਸਾਇਟੀ ਦੇ ਬੋਰਡ ਚੇਅਰ ਹਰਮਨ ਪੰਧੇਰ ਨੇ ਕਮਿਊਨਿਟੀ ਵੱਲੋਂ ਮਿਲੇ ਭਰਵੇਂ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਜ਼ਹਿਰੀਲੀਆਂ ਦਵਾਈਆਂ, ਇਲਾਜ ਨਾ ਹੋਣ ਵਾਲੀਆਂ ਮਾਨਸਿਕ-ਸਿਹਤ ਚੁਣੌਤੀਆਂ ਹੋਣ ਕਾਰਨ ਦੱਖਣੀ ਏਸ਼ੀਆਈ ਭਾਈਚਾਰਿਆਂ ਵਿੱਚ ਚੁਣੌਤੀਆਂ ਵਧ ਰਹੀਆਂ ਹਨ।
ਬੋਰਡ ਮੈਂਬਰ ਬਿਲਾਲ ਚੀਮਾ ਨੇ ਕਿਹਾ ਕਿ ਕਮਿਊਨਿਟੀ ਵਿੱਚ ਇੱਕ ਦੂਜੇ ਨੂੰ ਉੱਚਾ ਚੁੱਕਣ, ਸਸ਼ਕਤੀਕਰਨ ਅਤੇ ਸਮਰਥਨ ਦੇਣ ਲਈ ਕੀਤੀਆਂ ਕਾਰਵਾਈਆਂ ਹੀ ਅਸਲੀ ਭਾਈਚਾਰਾ ਹੈ ਜਿਸ ਦਾ ਮਤਲਬ ਹੈ ਕਿਸੇ ਨੂੰ ਪਿੱਛੇ ਨਾ ਛੱਡਣਾ। ਬੋਰਡ ਮੈਂਬਰ ਗੈਰੀ ਥਾਂਦੀ ਨੇ ਕਿਹਾ ਕਿ ਸੁਸਾਇਟੀ ਨਾ ਸਿਰਫ਼ ਸਿਹਤ, ਸਿੱਖਿਆ ਅਤੇ ਸਮਾਜਿਕ ਸੇਵਾਵਾਂ ਦੀ ਸੰਪੂਰਨ, ਏਕੀਕ੍ਰਿਤ ਸੇਵਾ ਦਾ ਅਨੁਭਵ ਹੈ ਸਗੋਂ ਇਹ ਇੱਕ ਮਾਡਲ ਵਜੋਂ ਕੰਮ ਕਰ ਰਹੀ ਹੈ ਜੋ ਬੀਸੀ ਸੂਬੇ ਵਿੱਚ ਵੱਖ ਵੱਖ ਭਾਈਚਾਰਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ। ਕਾਰਜਕਾਰੀ ਡਾਇਰੈਕਟਰ ਦਲਜੀਤ ਗਿੱਲ ਬਦੇਸ਼ਾ ਨੇ ਕਿਹਾ ਕਿ ਕਮਿਊਨਿਟੀ ਦੇ ਸਹਿਯੋਗ ਨੇ ਦਰਸਾ ਦਿੱਤਾ ਹੈ ਕਿ ਉਹ ਸਾਡੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੇ ਹਨ।
ਜ਼ਿਕਰਯੋਗ ਹੈ ਕਿ ਇਹ ਸੁਸਾਇਟੀ ਸਰੀ ਸਥਿਤ ਜ਼ਮੀਨੀ ਪੱਧਰ ਅਤੇ ਵੱਡੇ ਪੱਧਰ ’ਤੇ ਸਵੈ-ਸੇਵੀ ਵਰਕਰਾਂ ਦੁਆਰਾ ਚਲਾਈ ਜਾਂਦੀ ਗ਼ੈਰ-ਮੁਨਾਫ਼ਾ ਸੰਸਥਾ ਹੈ। 2020 ਵਿੱਚ ਸਥਾਪਿਤ ਕੀਤੀ ਇਹ ਸੰਸਥਾ ਦੱਖਣ ਏਸ਼ੀਆਈ ਭਾਈਚਾਰੇ ਵਿੱਚ ਸੰਘਰਸ਼ ਕਰ ਰਹੇ ਲੋਕਾਂ ਅਤੇ ਮਾਨਸਿਕ-ਸਿਹਤ ਅਤੇ ਨਸ਼ਾਖੋਰੀ ਦੀਆਂ ਚੁਣੌਤੀਆਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਲਈ ਮਹੱਤਵਪੂਰਨ ਭਾਈਚਾਰਕ ਪਹੁੰਚ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੀ ਹੈ।
ਬੱਚਿਆਂ ਨੂੰ ਪੰਜਾਬੀ ਦੀ ਪੜ੍ਹਾਈ ਲਈ ਰਜਿਸਟਰ ਕਰਵਾਉਣ ਦੀ ਅਪੀਲ
ਸਰੀ: ਲੈਂਗੁਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਸਰੀ ਦੇ ਛੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਤੰਬਰ 2024 ਵਿੱਚ ਸ਼ੁਰੂ ਹੋਣ ਵਾਲੀਆਂ ਕਲਾਸਾਂ ਵਿੱਚ ਆਪਣੇ ਬੱਚਿਆਂ ਨੂੰ ਪੰਜਾਬੀ ਦੀ ਪੜ੍ਹਾਈ ਲਈ ਰਜਿਸਟਰ ਕਰਵਾਉਣ।
ਐਸੋਸੀਏਸ਼ਨ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਅਤੇ ਮੀਤ ਪ੍ਰਧਾਨ ਸਾਧੂ ਬਿਨਿੰਗ ਨੇ ਇਹ ਅਪੀਲ ਕਰਦਿਆਂ ਦੱਸਿਆ ਕਿ ਇਸ ਵੇਲੇ ਸਰੀ ਸਕੂਲ ਬੋਰਡ ਵੱਲੋਂ ਸਰੀ ਦੇ ਛੇ ਐਲੀਮੈਂਟਰੀ ਸਕੂਲਾਂ ਵਿੱਚ ਪੰਜਵੀਂ, ਛੇਵੀਂ ਅਤੇ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਚੋਣਵਾਂ ਵਿਸ਼ਾ ਪੰਜਾਬੀ ਰੱਖਣ ਦੀ ਪ੍ਰਵਾਨਗੀ ਮਿਲੀ ਹੋਈ ਹੈ। ਉਨ੍ਹਾਂ ਨੇ ਆਪਣੀ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਮਾਪਿਆਂ ਨੂੰ ਇਸ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਐਲੀਮੈਂਟਰੀ ਸਕੂਲਾਂ ਵਿੱਚ ਪੰਜਾਬੀ ਵਿਸ਼ੇ ਦੀ ਪੜ੍ਹਾਈ ਲਈ ਰਜਿਸਟਰ ਕਰਵਾਉਣ ਦੀ ਮਨਜ਼ੂਰੀ ਹੈ ਉਹ ਸਕੂਲ ਹਨ -ਚਿਮਨੀ ਹਿਲ, ਟੀ.ਈ. ਸਕੌਟ, ਨਿਊਟਨ, ਸਟਰਾਬੇਰੀ ਹਿਲ, ਬੀਅਰ ਕਰੀਕ ਅਤੇ ਗਰੀਨ ਟਿੰਬਰਜ਼।
ਸੰਪਰਕ: +1 604 308 6663