ਸਾਹਿਤ ਸਭਾ ਵੱਲੋਂ ਕਵੀ ਦਰਬਾਰ
ਪਵਨ ਕੁਮਾਰ ਵਰਮਾ
ਧੂਰੀ, 26 ਨਵੰਬਰ
ਸਾਹਿਤ ਸਭਾ ਧੂਰੀ ਵੱਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੁਰਿੰਦਰ ਸ਼ਰਮਾ ਨਾਗਰਾ ਦੀ ਪ੍ਰਧਾਨਗੀ ਹੇਠ ਕਹਾਣੀ ‘ਵਿਧਾ’ ’ਤੇ ਵਿਚਾਰ-ਚਰਚਾ ਅਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਨਗਰ ਕੌਂਸਲ ਮੈਂਬਰ ਪੁਸ਼ਪਿੰਦਰ ਸ਼ਰਮਾ ਤੇ ਵਿਸ਼ੇਸ਼ ਮਹਿਮਾਨ ਕਵੀ ਵੇਣੁਗੋਪਾਲ ਸ਼ਰਮਾ ਅਹਿਮਦਗੜ੍ਹ, ਜਸਵੀਰ ਰਾਣਾ ਅਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਸੁਖਦੇਵ ਸ਼ਰਮਾ ਸ਼ਾਮਲ ਹੋਏ। ਇਸ ਦੌਰਾਨ ਅਮਰ ਕਲਮਦਾਨ ਤੇ ਜਗਦੇਵ ਸ਼ਰਮਾ ਨੇ ਕਹਾਣੀ ਪੜ੍ਹੀ। ਉਸ ਤੋਂ ਬਾਅਦ ਕਹਾਣੀਕਾਰ ਜਸਵੀਰ ਰਾਣਾ ਨੇ ਕਹਾਣੀ ‘ਵਿਧਾ’ ਦੀ ਵਿਆਖਿਆ ਕੀਤੀ। ਇਸ ਮੌਕੇ ਚਰਨਜੀਤ ਕੈਂਥ, ਮਾਸਟਰ ਰਾਮ ਸਰੂਪ, ਸੇਵਾਮੁਕਤ ਡਿਪਟੀ ਡੀਈਓ ਹੰਸ ਰਾਜ ਗਰਗ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਆਦਿ ਵਿਚਾਰ ਸਾਂਝੇ ਕੀਤੇ। ਕਵੀ ਦਰਬਾਰ ਵਿੱਚ ਸੱਤ ਪਾਲ ਪ੍ਰਾਸ਼ਰ, ਨਾਹਰ ਸਿੰਘ ਮੁਬਾਰਕਪੁਰੀ, ਅਸ਼ੋਕ ਭੰਡਾਰੀ ਤੇ ਬਲਦੇਵ ਸ਼ਰਮਾ ਨੇ ਹਾਜ਼ਰੀ ਲਗਵਾਈ। ਅੰਤ ਵਿੱਚ ਸਾਹਿਤ ਸਭਾ ਧੂਰੀ ਵਲੋਂ ਕਹਾਣੀਕਾਰ ਜਸਵੀਰ ਰਾਣਾ, ਕਵੀ ਵੇਣੁਗੋਪਾਲ, ਕੌਂਸਲਰ ਪੁਸ਼ਪਿੰਦਰ ਸ਼ਰਮਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਪ੍ਰਿੰਸੀਪਲ ਸੰਤ ਸਿੰਘ ਬੀਲ੍ਹਾ ਨੇ ਸਟੇਜ ਦੀ ਕਾਰਵਾਈ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ ਤੇ ਅੱਜ ਦੇ ਪ੍ਰੋਗਰਾਮ ਵਿੱਚ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।