ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਕਵੀ ਦਰਬਾਰ
ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਜੂਨ
ਇੱਥੇ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਉਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਯੁਵਾ ਕਵੀ ਦਰਬਾਰ ਮੌਕੇ ਨੌਜਵਾਨ ਸ਼ਾਇਰ ਤਲਵਿੰਦਰ ਸ਼ੇਰਗਿੱਲ ਅਤੇ ਖੇਤਪਾਲ ਦਾ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਸ਼ਾਇਰ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਰੀਦਕੋਟ ਮਨਜੀਤ ਪੁਰੀ ਨੇ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਲਈ ਮਹਿੰਦਰ ਸਾਥੀ ਮੰਚ ਦੇ ਯਤਨ ਦੀ ਸ਼ਾਲਾਘਾ ਕੀਤੀ। ਇਸ ਮੌਕੇ ਸ਼ਾਇਰ ਪ੍ਰੋ. ਜਸਪਾਲ ਘਈ, ਮੰਚ ਪ੍ਰਧਾਨ ਗੁਰਮੀਤ ਕੜਿਆਲਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।
ਸਮਾਗਮ ਦੀ ਸ਼ੁਰੂਆਤ ਪਟਿਆਲਾ ਤੋਂ ਆਏ ਸ਼ਾਇਰ ਹਸਨ ਹਬੀਬ ਦੀ ਰਚਨਾ ਨਾਲ ਹੋਈ। ਹੁਸ਼ਿਆਰਪੁਰ ਤੋਂ ਆਏ ਸ਼ਾਇਰ ਅਨੀ ਕਾਠਗੜ੍ਹ ਦੇ ਸ਼ੇਅਰ, ਤਲਵਿੰਦਰ ਸ਼ੇਰਗਿੱਲ ਨੇ ਗ਼ਜ਼ਲਾਂ ਤੇ ਸ਼ੇਅਰ, ਸ਼ਾਇਰ ਹੈਰੀ ਭੋਲੂਵਾਲੀਆ ਨੇ ਗ਼ਜ਼ਲਾਂ, ਸੰਗਰੂਰ ਤੋਂ ਆਏ ਨੌਜਵਾਨ ਸ਼ਾਇਰ ਸੁਖਦੀਪ ਔਜਲਾ ਨੇ ਰੁਮਾਂਟਿਕ ਸ਼ੇਅਰ ਪੇਸ਼ ਕੀਤੇ। ਗੁਰਜੰਟ ਰਾਜਿਆਣਾ, ਕਮਲਦੀਪ ਜਲੂਰ, ਜਗਮੀਤ ਹਰਫ, ਜਗਸੀਰ ਸਿੰਘ ਬਰਾੜ, ਪੰਜਾਬੀ ਯੂਨੀਵਰਸਿਟੀ ਤੋਂ ਆਏ ਸ਼ਾਇਰ ਕਮਲ, ਜਸਕਰਨ ਮੱਤਾ, ਰਾਜਵੀਰ ਮੱਤਾ, ਲਵਪ੍ਰੀਤ ਰਾਮੇਆਣਾ, ਅਮਨਦੀਪ ਕੌਰ ਹਾਕਮ ਵਾਲਾ, ਕਵਿਤਰੀ ਰਵਨੀਤ ਕੌਰ ਮਲੋਟ ਅਤੇ ਰਾਜਵੀਰ ਨੂਰਪੁਰ ਨੇ ਸ਼ਾਇਰੀ ਪੇਸ਼ ਕੀਤੀ। ਇਸ ਮੌਕੇ ਨੌਜਵਾਨ ਸ਼ਾਇਰ ਤਲਵਿੰਦਰ ਸ਼ੇਰਗਿੱਲ ਨੂੰ ਮਹਿੰਦਰ ਸਾਥੀ ਯੁਵਾ ਕਾਵਿ ਪੁਰਸਕਾਰ ਨਾਲ ਸਨਮਾਨਿਆ ਗਿਆ। ਸ਼ਾਇਰ ਅਮਰ ਸੂਫੀ ਨੇ ਇਸ ਪੁਰਸਕਾਰ ਦੀ ਸਥਾਪਨਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਖੇਤਪਾਲ ਦੀਪ ਨੂੰ ਫੁਲਕਾਰੀ ਤੇ ਸਨਮਾਨ ਪੱਤਰ ਭੇਟ ਕੀਤਾ ਗਿਆ।
ਮੰਚ ਸੰਚਾਲਨ ਰਣਜੀਤ ਸਰਾਂਵਾਲੀ ਨੇ ਕੀਤਾ। ਡਾ. ਸੁਰਜੀਤ ਬਰਾੜ ਤੇ ਵਿਅੰਗਕਾਰ ਕੇ ਐਲ ਗਰਗ ਨੇ ਨਵੇਂ ਸ਼ਾਇਰਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਸੰਕਟਾਂ ਬਾਰੇ ਲਿਖਣ।