ਕਵਿਤਾਵਾਂ
ਮਿੱਠੇ ਮਹੁਰੇ ਯਾਰ ਮਿਲੇ
ਓਮਕਾਰ ਸੂਦ ਬਹੋਨਾ
ਚੋਰਾਂ ਵਰਗੇ ਯਾਰ ਮਿਲੇ।
ਘਰ ਅੰਦਰ ਜਾਂ ਬਾਹਰ ਮਿਲੇ।
ਕੱਪੜੇ ਫਿਰਨ ਉਤਾਰਨ ਨੂੰ,
ਇੱਕ ਨਹੀਂ ਦੋ ਚਾਰ ਮਿਲੇ।
ਬੜੇ ਫਰੇਬੀ ਬੰਦੇ ਉਹ,
ਬਣ ਤਿੱਖੀ ਤਲਵਾਰ ਮਿਲੇ।
ਮੂੰਹ ਦੇ ਮਿੱਠੇ ਪਾਪੀ ਦਿਲ ਦੇ,
ਦਿਲ ਵਿੱਚ ਲੈ ਕੇ ਖਾਰ ਮਿਲੇ।
ਇੱਧਰ ਸੀ ਯਾਂ ਉੱਧਰ ਸੀ,
ਸਭ ਦੇ ਸਭ ਬੇਕਾਰ ਮਿਲੇ।
ਪੀੜ ਜਿਨ੍ਹਾਂ ਨੇ ਹਰਨੀ ਸੀ,
ਲੈ ਕੇ ਪੀੜ ਹਜ਼ਾਰ ਮਿਲੇ।
ਉੱਤੋਂ-ਉੱਤੋਂ ਮੇਰੇ ਸੀ,
ਅੰਦਰੋਂ ਪਰ ਹੁਸ਼ਿਆਰ ਮਿਲੇ।
ਗੱਲਾਂ ਕਰਦੇ ਮਿੱਠੜੀਆਂ,
ਮਿੱਠੇ ਮਹੁਰੇ ਯਾਰ ਮਿਲੇ।
ਕੀ ਆਖਾਂ ਬੇਈਮਾਨਾਂ ਨੂੰ,
ਦਿਲ ਦੇ ਉੱਤੇ ਭਾਰ ਮਿਲੇ।
ਦੇਣਾ ਦੁੱਖ ਬਹੋਨੇ ਨੂੰ,
ਇਹੀ ਦਿਲ ਵਿੱਚ ਧਾਰ ਮਿਲੇ।
ਸੰਪਰਕ: 96540-36080
* * *
ਕਵਿਤਾ ’ਕੱਲੀ
ਸਤਨਾਮ ਸ਼ਦੀਦ
ਕਵਿਤਾ ’ਕੱਲੀ
ਸੁਣ ਕੇ ਤਾੜੀਆਂ ਮਾਰਨ
ਲਈ ਨਹੀਂ ਹੁੰਦੀ
ਤੇ ਨਾ ਹੀ
ਕਵਿਤਾ ਟੁੱਟੇ ਦਿਲਾਂ ਦੀ
ਟਕੋਰ ਕਰਨ ਲਈ ਹੁੰਦੀ ਐ
ਅਖ਼ਬਾਰਾਂ, ਰਸਾਲਿਆਂ
ਦੇ ਮੁੱਖ ਪੰਨਿਆਂ ’ਤੇ
ਉੱਕਰੀ ਕਵਿਤਾ
ਤੁਹਾਡੇ ਘਰ ਦੇ ਕਮਰੇ ਲਈ
ਸਨਮਾਨਾਂ ਦਾ ਸ਼ਿੰਗਾਰ ਤੇ
ਵਾਹ... ਵਾਹ... ਦੀਆਂ ਧੁਨਾਂ
ਜ਼ਰੂਰ ਹੋ ਸਕਦੀ ਹੈ
ਪਰ
ਜੇ ਤੁਹਾਡੀ ਕਵਿਤਾ
’ਕੱਲਿਆਂ ਲਈ ਕਾਫ਼ਲਾ
ਨਹੀਂ ਬਣ ਸਕਦੀ
ਚੁੱਪ ਦੀ ਆਵਾਜ਼ ਨਹੀਂ ਹੋ ਸਕਦੀ
ਨਿਹੱਥਿਆਂ ਲਈ ਬੰਦੂਕ ਨਹੀਂ ਬਣ ਸਕਦੀ
ਤੇ ਅੰਨ੍ਹਿਆਂ ਵਾਸਤੇ
ਅੱਖਾਂ ਦੀ ਲੋਅ ਨਹੀਂ ਬਣਸਕਦੀ
ਤਾਂ ਤੁਸੀਂ ਸੰਭਾਲ ਕੇ ਰੱਖੋ
ਆਪਣੀ ਇਸ ਕਵਿਤਾ ਨੂੰ
ਕਿਸੇ ਸ਼ੋਕ ਸਮਾਗਮ ਵਿੱਚ
ਸ਼ਰਧਾਂਜਲੀ ਦੇਣ ਲਈ
ਜਾਂ ਫਿਰ
ਫਰੇਮਕਰਾ ਕੇ
ਆਪਣੇ ਘਰ ਦੇ ਡਰਾਇੰਗ ਰੂਮ ਵਾਲੀ
ਕੰਧ ’ਤੇ ਟੰਗਣ ਲਈ।
ਸੰਪਰਕ: 99142-98580