For the best experience, open
https://m.punjabitribuneonline.com
on your mobile browser.
Advertisement

ਕਵਿਤਾਵਾਂ

06:58 AM Aug 29, 2024 IST
ਕਵਿਤਾਵਾਂ
Advertisement

ਗ਼ਜ਼ਲ

ਗੁਰਦੀਪ ਢੁੱਡੀ

Advertisement

ਨਾ ਤੂੰ ਜੁਗਨੂੰਆਂ ਨੂੰ ਫੜ ਕਿ ਤਾਰੇ ਹੋਰ ਹੁੰਦੇ ਨੇ
ਰਸਤਾ ਹੋਰ ਪਾਸੇ ਹੈ ਇਸ਼ਾਰੇ ਹੋਰ ਹੁੰਦੇ ਨੇ।

Advertisement

ਰਾਤ ਨੂੰ ਟਿਮਟਿਮਾਉਂਦੇ ਜੋ ਦਿਨੇ ਉਹ ਸੌਂ ਜਾਂਦੇ ਨੇ
ਰਾਤ ਦਿਨ ਚਮਕਦੇ ਜਿਹੜੇ ਸਿਤਾਰੇ ਹੋਰ ਹੁੰਦੇ ਨੇ।

ਲਾਉਂਦੇ ਹੋਰ ਥਾਵਾਂ ’ਤੇ ਨਿਭਾਉਂਦੇ ਹੋਰ ਥਾਵਾਂ ’ਤੇ
ਸਦਾ ਲਈ ਆਸਰਾ ਜੋ ਦੇਣ ਸਹਾਰੇ ਹੋਰ ਹੁੰਦੇ ਨੇ।

ਤੋਤੇ ਦੀ ਅੱਖ ਵਾਲੇ ਜੋ ਬਹੁਤਾ ਖ਼ਾਮੋਸ਼ ਰਹਿੰਦੇ ਜੋ
ਬਣ ਗਈ ਭੀੜ ਜੇ ਕਿਧਰੇ ਉਹ ਭਾਰੇ ਹੋਰ ਹੁੰਦੇ ਨੇ।

ਮੁੱਠੀ ’ਚੋਂ ਕਿਰ ਜਾਂਦੇ ਜੋ ਹੱਥਾਂ ’ਚੋਂ ਭੁਰ ਜਾਂਦੇ ਜੋ
ਦਾਮਨ ਜੋ ਨਹੀਂ ਛੁਡਾਉਂਦੇ ਨੇ ਉਹ ਲਾਰੇ ਹੋਰ ਹੁੰਦੇ ਨੇ।

ਦੋ ਦੂਣੀ ਪੰਜ ਇਨ੍ਹਾਂ ਦੇ ਗੁਣਜ ਹੀ ਬਦਲ ਜਾਂਦੇ ਨੇ
ਹਰ ਥਾਂ ਸਮਅਰਥੀ ਜੋ ਪਹਾੜੇ ਹੋਰ ਹੁੰਦੇ ਨੇ।

ਲਹਿਰ ਦੀ ਥਾਹ ਪਾ ਲੈਣੀ ਬੜੀ ਮੁਹਾਲ ਹੁੰਦੀ ਹੈ
ਡੁੱਬਦੇ ਨੂੰ ਗਲ਼ ਲਾਉਂਦੇ ਜੋ ਕਿਨਾਰੇ ਹੋਰ ਹੁੰਦੇ ਨੇ।
ਸੰਪਰਕ: 95010-20731
* * *

ਕੋਈ ਕੰਮ ਹੈ ਤਾਂ ਦੱਸ!

ਮਾ. ਰਾਜੇਸ਼ ਰਿਖੀ ਪੰਜਗਰਾਈਆਂ

ਉਹ ਕਹਿੰਦਾ ਕੀ ਕਰਦਾ?
ਮੈਂ ਕਿਹਾ ਕੁਝ ਨਹੀਂ।
ਫਿਰ ਉਹ ਚੁੱਪ ਕਰ ਗਿਆ
ਮੈਂ ਕਿਹਾ ਕੋਈ ਕੰਮ ਹੈ?
ਉਹ ਕਹਿੰਦਾ ਨਹੀਂ।
ਮੈਂ ਕਿਹਾ ਚਲ ਠੀਕ ਆ, ਫਿਰ ਕਦੇ ਮਿਲਦੇ ਹਾਂ
ਉਹ ਕਹਿੰਦਾ ਠੀਕ ਹੈ
ਪਰ, ਕੀ ਬਿਨਾਂ ਕੰਮ ਤੋਂ ਗੱਲਬਾਤ ਨਹੀਂ ਹੋ ਸਕਦੀ?
ਕਿਸੇ ਕੰਮ ਕਰਕੇ ਕਿਸੇ ਕੋਲ ਜਾਇਆ ਜਾਏ
ਉਹ ਤਾਂ ਫਿਰ ਜ਼ਰੂਰਤ ਹੋ ਗਈ
ਉਹ ਤਾਂ ਫਿਰ ਸਵਾਰਥ ਹੋ ਗਿਆ
ਪਰ, ਮੈਂ ਤਾਂ ਗੱਲਬਾਤ ਕਰਨ ਆਇਆ ਸੀ
ਕਿਸੇ ਕੰਮ ਲਈ ਨਹੀਂ
ਉਹ ਇਹ ਕਹਿ ਕੇ ਤੁਰ ਗਿਆ
ਮੈਂ ਸੋਚਦਾ ਹਾਂ
ਕਿ ਕਿੰਨਾ ਸਮਾਂ ਹੋ ਗਿਆ
ਕਦੇ ਕੋਈ ਬਿਨਾਂ ਕੰਮ ਤੋਂ, ਬਿਨਾਂ ਜ਼ਰੂਰਤ ਤੋਂ
ਬਿਨਾਂ ਲੋੜ ਤੋਂ ਗੱਲਬਾਤ ਕਰਨ ਆਇਆ ਹੀ ਨਹੀਂ
ਸ਼ਾਇਦ ਮੈਂ ਵੀ ਇਹੋ ਜਿਹਾ ਹੋ ਗਿਆ ਹਾਂ
ਬਿਨਾਂ ਗੱਲ ਤੋਂ ਗੱਲ ਕਰਨ ਕਦੇ
ਕਿਤੇ ਗਿਆ ਵੀ ਨਹੀਂ
ਹਾਂ, ਗੱਲ ਤਾਂ ਬਿਨਾਂ ਗੱਲ ਤੋਂ ਹੀ ਹੁੰਦੀ ਹੈ
ਗੱਲ ਤਾਂ ਬਿਨਾਂ ਕੰਮ ਤੋਂ ਹੀ ਹੁੰਦੀ ਹੈ
ਗੱਲ ਤਾਂ ਬਿਨਾਂ ਲੋੜ ਤੋਂ ਹੀ ਹੁੰਦੀ ਹੈ
ਉਸ ਸੱਜਣ ਨੂੰ ਮੇਰੇ ਆਪਣੇ ਕਹੇ
ਸ਼ਬਦ ‘ਕੋਈ ਕੰਮ ਹੈ ਤਾਂ ਦੱਸ’
ਮੈਨੂੰ ਹੀ ਓਪਰੇ ਜਹੇ ਲੱਗਣ ਲੱਗ ਪਏ
ਤੇ ਮੈਂ ਹੁਣ ਉਸਦੇ ਘਰ ਵੱਲ ਨੂੰ ਹੋ ਤੁਰਿਆ
ਗੱਲਾਂ ਕਰਨ ਲਈ, ਬਿਨਾਂ ਕੰਮ ਤੋਂ
ਸੰਪਰਕ: 94644-42300
* * *

ਕਿਉਂ

ਭੁਪਿੰਦਰ ਸਿੰਘ ਪੰਛੀ

ਕਿਉਂ ਰਹਿੰਦਾ ਬੇਤਾਲਾਂ ਵਿੱਚ
ਨੱਚਿਆ ਕਰ ਤੂੰ ਤਾਲਾਂ ਵਿੱਚ

ਹਰਿਕ ਦਿਨ ਭਰ ਕੇ ਮਾਣ
ਕੀ ਰੱਖਿਆ ਏ ਸਾਲਾਂ ਵਿੱਚ

ਜੇਕਰ ਮਿੱਠੇ ਨਾਲ ਸਰ ਜਾਵੇ
ਕੀ ਰੱਖਿਆ ਏ ਗਾਲ੍ਹਾਂ ਵਿੱਚ

ਮੋਢੇ ਬਾਪੂ ਦੇ ਹੀ ਚੜ੍ਹਨਾ
ਤਾਂਘ ਰਹਿੰਦੀ ਏ ਬਾਲਾਂ ਵਿੱਚ

ਜਿਹੜੇ ਸੱਜਣ ਛੱਡ ਕੇ ਗਏ
ਰਹਿਣ ਸਾਡੇ ਖ਼ਿਆਲਾਂ ਵਿੱਚ

ਵੈਰੀ ਦੇ ਨੇ ਸਕੇ ਹੋ ਗਏ
ਸੀ ਜੋ ਸਾਡੇ ਭਿਆਲ਼ਾਂ ਵਿੱਚ

ਬੰਦੇ ਦੇ ਵਿੱਚ ਰੱਬ ਨ ਲੱਭਾ
ਲੱਭਦੇ ਰਹੀਏ ਮਾਲ਼ਾ ਵਿੱਚ

ਬੜਾ ਚਲਾਕ ਆਂਹਦੇ ਉਹ
ਫਸ ਨਾ ਜਾਈਂ ਚਾਲਾਂ ਵਿੱਚ

ਚੰਗੇ ਮੰਦੇ ਦਿਨ ਨੇ ਰਹਿੰਦੇ
ਖ਼ੁਸ਼ ਰਹੀਏ ਹਰ ਹਾਲਾਂ ਵਿੱਚ

ਵਿਰੋਧੀ ਨੂੰ ਸੁਣਨਾ ਚੰਗਾ ਹੁੰਦਾ
ਤਾਜ਼ਗੀ ਰਹੇ ਖ਼ਿਆਲਾਂ ਵਿੱਚ

ਜੱਟ ਦੀ ਕਹਿੰਦੇ ਜੂਨ ਬੁਰੀ
ਠਰਦਾ ਸੜਦਾ ਖਾਲ਼ਾਂ ਵਿੱਚ

ਕਿੱਥੇ ਗਏ ਪੰਜਾਬੀ ਓਹ
ਜੋ ਸੀ ਅੱਗੇ ਛਾਲ਼ਾਂ ਵਿੱਚ

ਪੰਛੀ ਲਾਲਚ ਵੱਸ ਹੋ ਕੇ
ਫਸ ਜਾਂਦਾ ਇਹ ਜਾਲ਼ਾਂ ਵਿੱਚ
ਸੰਪਰਕ: 98559-91055
* * *

ਆਹ ਲੈ ਮਾਏ...

ਗੁਰਨਾਮ ਸਿੰਘ ਚੌਹਾਨ

ਆਹ ਲੈ ਮਾਏ ਸਾਂਭ ਕੁੰਜੀਆਂ,
ਮੁੱਕੀ ਪਿੰਡ ਦੇ ਸਿਵੇ ’ਚੋਂ ਸਾਂਝ ਮੇਰੀ।

ਉਦਾਸ ਗੀਟੇ, ਗੁੱਡੀਆਂ, ਪਟੋਲੇ,
ਡੋਲੀ ਤੋਰ ਬਾਬਲੇ ਨੇ ਢਾਹੀ ਢੇਰੀ।

ਪੁੱਤਰ ਮੂਲ ਧਨ, ਧੀ ਪਰਾਇਆ,
ਧੀ ਬਿਗਾਨੀ ਆਖ ਸੱਸ ਨੇ ਘੇਰੀ।

ਖ਼ੁਸ਼ੀ ਵਸਣ ਰੱਬਾ, ਮੇਰੇ ਪੇਕੜੇ
ਮੇਰੀ ਕੁਦੇਸਣ ਦੀ ਵਾਟ ਲੰਮੇਰੀ।

ਬੰਗਲਾ ਉਸ ਦਾ, ਕੋਠੀ ਵੀਰ ਦੀ,
ਅੰਮੀਏ ਛੱਤ ਤੇਰੀ ਨਾ ਮੇਰੀ।

ਮਾਪਿਆਂ ਤੋਰੀ, ਘਰ ਦਾ ਮੋਇਆ
ਬਾਤ ਪੁੱਛੀ ਨਾ ਪੁੱਤਾਂ ਮੇਰੀ।

ਨਾਨਕ ਬੋਲੇ, ਹੱਕ ਵਿੱਚ ਨਾਰੀ
ਹੋਈ ਰਬਾਬ ਦੀ ਤਾਨ ਲੰਮੇਰੀ।

ਬਾਬਾ ਨਾਨਕ ਤੁਸੀਂ ਪਾ ਜਾਓ ਫੇਰੀ,
ਧੀ ਰੋਵੇ ਤੇ ਤੱਕੇ ਰਾਹ ਤੇਰੀ।

ਵਾਰਿਸ ਸ਼ਾਹ, ਦੇਖ ਧੀ ਵਹਾਉਂਦੀ ਹੰਝੂ,
ਕਿਉਂ ਕਲਮ ਨਾ ਬੋਲੇ ਤੇਰੀ?

ਨਾਜ਼ ਕਰੇ, ਜੰਮੀਆਂ ’ਤੇ ਆਲਮ
ਗੱਲ ਰਹੀ ਨਾ ਚੌਹਾਨ ਵੱਸ ਤੇਰੀ
ਸੰਪਰਕ: 94630-37399
* * *

ਗ਼ਜ਼ਲ

ਜਸਵਿੰਦਰ ਸਿੰਘ ਰੁਪਾਲ

ਕਦਮ ਚੁੱਕੋ ਵੱਲ ਮੰਜ਼ਲ, ਸਭ ਮਿਟੇਗਾ ਫਾਸਲਾ।
ਆ ਮਿਲਣ ਪਾਂਧੀ ਨਵੇਂ, ਵਧਦਾ ਰਹੇ ਇਹ ਕਾਫ਼ਲਾ।

ਦਿਲ ’ਚ ਨਿਸ਼ਚਾ ਧਾਰ ਜਿਹੜਾ, ਆ ਮਿਲੇ ਤੂਫ਼ਾਨ ਨੂੰ
ਪਾ ਰਿਹਾ ਇਤਿਹਾਸ ਉਸ ਦੀ, ਅੱਜ ਤੀਕਰ ਵਾਰਤਾ।

ਸੱਚ ਝੱਖੜ ਸੰਗ ਟਕਰਾਉਂਦਾ ਰਿਹਾ ਅਜ਼ਲਾਂ ਤੋਂ ਹੀ,
ਰੁਕ ਨਹੀਂ ਸਕਦਾ ਕਦੇ ,ਚਲਦਾ ਰਹੇ ਇਹ ਸਿਲਸਿਲਾ।

ਰੋਸ਼ਨੀ ਸੂਰਜ ਨੇ ਦੇਣੀ ਦਿਨ ਨੇ ਤਾਂ ਚੜ੍ਹਨਾ ਏ ਜ਼ਰੂਰ,
ਥਾਂ ਕਿਸੇ ਵੀ ਰਹਿ ਸਕੇ ਨਾ, ਸਦ ਹੀ ਪਹਿਰਾ ਰਾਤ ਦਾ।

ਹੱਸਦੇ ਰਹਿਣਾ ਤੇ ਸਭ ਨੂੰ ਵੰਡਣਾ ਬਸ ਪਿਆਰ ਹੀ,
ਮੇਲ ਬਣਿਆ ਹੀ ਰਹੇ ਰੱਖਣਾ ਬਣਾ ਕੇ ਰਾਬਤਾ।

ਮੌਤ ਵੀ ਤਾਂ ਖ਼ਤਮ ਮੂਲੋਂ ਏਸ ਨੂੰ ਨਾ ਕਰ ਸਕੇ,
ਜ਼ਿੰਦਗੀ ਹੈ ਇਸ ਤਰ੍ਹਾਂ ਦਾ ਇੱਕ ਸੁਹਾਣਾ ਹਾਦਸਾ।

ਵੰਡਦੇ ਰਹਿਣਾ ਮੁਹੱਬਤ ਖ਼ਤਮ ਹੋਵੇ ਹਰ ਸਿਤਮ
ਧੁਰ ਦਿਲੋਂ ‘ਰੂਪਾਲ’ ਦੀ ਤਾਂ ਇੱਕ ਏਹੋ ਕਾਮਨਾ।
* * *

ਬਾਰਡਰ ਨਾ ਹੁੰਦਾ

ਪ੍ਰੇਮ ਸ਼ਰਮਾ

ਬਹੁਤੀ ਅਤਿ ਚੁੱਕਣੀ, ਅਤਿ ਖ਼ੁਦਾ ਦਾ ਵੈਰ ਹੁੰਦਾ।
ਅਪਣਿਆਂ ਦੇ ਨਾਲ ਹੀ ਅੱਜ ਕੱਲ੍ਹ ਵੈਰ ਹੁੰਦਾ।

ਸੱਚ ਨੇ ਚੜ੍ਹ ਕੇ ਫਾਂਸੀ ਫਿਰ ਵੀ ਸੱਚ ਹੀ ਕਹਿਣਾ ਏ,
ਝੂੱਠ ਦਾ ਵੀ ਕਹਿੰਦੇ, ਕੋਈ ਸਿਰ ਨਹੀਂ ਪੈਰ ਹੁੰਦਾ।

ਬੇੜੀ ਕਦੇ ਨਾ ਡੁੱਬਦੀ, ਡੂੰਘੀ ਨਦੀ ਦੇ ਅੱਧ ਵਿਚਕਾਰ,
ਆਪਸ ਵਿੱਚ ਕਿਨਾਰਿਆਂ ਦਾ, ਜੇਕਰ ਨਾ ਵੈਰ ਹੁੰਦਾ।

ਹਰ ਇਨਸਾਨ ਨੇ ਸੁੱਖ ਦੀ ਨੀਂਦੇ ਸੌਣਾ ਸੀ,
ਨਫ਼ਰਤ ਜਿਹਾ ਕੋਈ ਦੁਨੀਆ ’ਤੇ ਨਾ ਜ਼ਹਿਰ ਹੁੰਦਾ।

ਨਹੀਂ ਤਬਾਹੀ ਹੋਣੀ ਸੀ, ਜ਼ਿਮੀਦਾਰ ਕਿਸਾਨਾਂ ਦੀ।
ਹੜ੍ਹਾਂ ਸੋਕਿਆਂ ਦਾ, ਜੇ ਨਾ, ਫ਼ਸਲਾਂ ਦੇ ਨਾਲ ਵੈਰ ਹੁੰਦਾ।

ਬੜਾ ਖੁਸ਼ਹਾਲ ਤੇ ਸੋਹਣਾ ਸਾਂਝਾ ਪੰਜਾਬ ਹੋਣਾ ਸੀ।
ਜੇ ਨਾ ਬਾਰਡਰ ਪ੍ਰੇਮ ਚੜ੍ਹਦੇ ਲਹਿੰਦੇ ਵਿਚਕਾਰ ਹੁੰਦਾ।
ਸੰਪਰਕ: 98727-18814
* * *

ਗ਼ਜ਼ਲ

ਡਾ. ਹਰਨੇਕ ਸਿੰਘ ਕਲੇਰ

ਦਿਲ ਦਾ ਦੱਸੋ ਭਲਾ, ਕੀ ਹਾਲ ਤੁਹਾਡਾ।
ਕਿੱਥੇ ਹੈ ਮਹਿਰਮ, ਸੀ ਨਾਲ ਤੁਹਾਡਾ।
ਗ਼ਜ਼ਲ ਸੁਣਾ ਦਿਓ, ਸਾਡੀ ਮਹਿਫ਼ਲ ਜੰਮੇ,
ਸ਼ਬਦਾਂ ਵਿੱਚ ਦੇਖਿਆ, ਕਮਾਲ ਤੁਹਾਡਾ।

ਜਾਪੇ ਨੱਚਦਾ ਮੋਰ, ਮਨ ਕਲਹਿਰੀ,
ਬਾਤਾਂ ਪਾਉਂਦਾ ਅੱਜ, ਰੁਮਾਲ ਤੁਹਾਡਾ।

ਅਚਾਨਕ ਮਿਲਗੇ, ਰੰਗ ਬਣਾ ਦੇਵੋ,
ਬੰਦਾ ਸਦਾ ਰਹੂਗਾ, ਦਵਾਲ ਤੁਹਾਡਾ।

ਇੱਥੇ, ਉੱਥੇ ਹਰ ਥਾਂ, ਚਰਚੇ ਹੁੰਦੇ,
ਬੰਨੇ ਚੰਨੇ ਸਾਰੇ, ਜਮਾਲ ਤੁਹਾਡਾ।

ਖੌਰੇ ਹੋਣਾ ਹੱਲ ਜਾਂ, ਫਿਰ ਨਾ ਹੋਣਾ,
ਨੈਣਾਂ ’ਚੋਂ ਪੜ੍ਹਿਆ, ਸਵਾਲ ਤੁਹਾਡਾ।
* * *

ਗ਼ਜ਼ਲ

ਗੁਰਵਿੰਦਰ ਗੋਸਲ

ਤੇਰੇ ਬਾਝੋਂ ਦਿਲ ਨਾ ਮੇਰਾ ਲਗਦਾ ਹੈ।
ਸੁੰਨਾ ਸੁੰਨਾ ਚਾਰ ਚੁਫ਼ੇਰਾ ਲਗਦਾ ਹੈ।

ਕੀ ਹੋਇਆ ਏ ਤੈਨੂੰ? ਕੁਝ ਵੀ ਦੱਸੇ ਨਾ,
ਕਿਉਂ ਮੁਰਝਾਇਆ ਚਿਹਰਾ ਤੇਰਾ ਲਗਦਾ ਹੈ?

ਪੌਣਾਂ ਵਿੱਚੋਂ ਆਵੇ ਇਹ ਖ਼ੁਸ਼ਬੋਈ ਜੋ,
ਯਾਰੋ! ਉਸ ਨੇ ਪਾਇਆ ਫੇਰਾ ਲਗਦਾ ਹੈ।

ਜੀਹਦੇ ਡੇਰੇ ਵਿੱਚ ਨਿੱਤ ਝਾੜੂ ਮਾਰੇ ਤੂੰ,
ਉਹ ਤਾਂ ਮੈਨੂੰ ਸਾਧ ਲੁਟੇਰਾ ਲਗਦਾ ਹੈ।

ਜੀਵਨ ਰੌਸ਼ਨ ਕਰਨਾ ਤਾਂ ਗੁਰਬਾਣੀ ਪੜ੍ਹ,
ਬਾਣੀ ਬਿਨ ਹੀ ਘੁੱਪ ਹਨੇਰਾ ਲਗਦਾ ਹੈ।

ਸੋਹਣਾ ਹੁੰਦੈ ਭਾਵੇਂ ਆਥਣ ਵੇਲਾ ਵੀ,
ਮੈਨੂੰ ਸੋਹਣਾ ਸੁਰਖ਼ ਸਵੇਰਾ ਲਗਦਾ ਹੈ।

ਚੁੱਪ ਚੁਪੀਤੇ ਸਹਿ ਜਾਂਦਾ ਹਾਂ ਪੀੜਾਂ ਨੂੰ,
ਉਂਝ ‘ਗੋਸਲ’ ਨੂੰ ਦੁੱਖ ਬਥੇਰਾ ਲਗਦਾ ਹੈ।
ਸੰਪਰਕ: 97796-96042
* * *

ਸਦਾ ਹੈ...

ਅਮਰਪ੍ਰੀਤ ਸਿੰਘ ਝੀਤਾ

ਜਦ ਵੀ ਘੋਰ ਨਿਰਾਸ਼ਾ ਛਾਏ, ਬਿਲਕੁਲ ਵੀ ਘਬਰਾਈਂ ਨਾ।
ਜਦ ਵੀ ਦਿਲ ਕੁਝ ਕਰ ਨਾ ਪਾਏ, ਐਵੀਂ ਢੇਰੀ ਢਾਹੀਂ ਨਾ।

ਮਨ ਤਾਂ ਹੈ ਪਰਬਤ ਤੋਂ ਤਗੜਾ, ਸਾਗਰ ਤੋਂ ਡੂੰਘਾ ਦਿਲ ਹੈ,
‘ਮਨਿ ਜੀਤੈ ਜਗੁ ਜੀਤੁ’ ਸਦਾ ਹੈ, ਯਾਦ ਰੱਖੀਂ ਭੁੱਲ ਜਾਈਂ ਨਾ।

ਸਬਰ, ਸਿਦਕ ਦੇ ਜਜ਼ਬੇ ਨਾਲੋਂ, ਸਭ ਕੁਝ ਹੀ ਬੇਅਰਥੀ ਹੈ,
ਇਨ੍ਹਾਂ ਬਾਝੋਂ ਹਉਮੈਂ, ਲਾਲਚ ਵਰਗੇ ਐਬ ਕਮਾਈਂ ਨਾ।

ਮਿਹਨਤ ’ਤੇ ਜੋ ਕਰਨ ਭਰੋਸਾ, ਮੰਜ਼ਿਲ ਨੂੰ ਉਹ ਪਾ ਲੈਂਦੇ,
ਕਿਰਤ ਕਮਾਈ ਕਰਕੇ ਖਾਈਂ, ਐਵੇਂ ਵਕਤ ਗਵਾਈਂ ਨਾ।

ਕੁਦਰਤ ਨਾਲ ਬਣਾ ਕੇ ਰੱਖਣੀ, ਇਹ ਵੀ ਰੱਬ ਦੀ ਪੂਜਾ ਹੈ,
ਮਾਨਵਤਾ ਹੈ ਧਰਮ ਨਿਰਾਲਾ, ਇਹ ਗੱਲ ‘ਅਮਰ’ ਭੁਲਾਈਂ ਨਾ।
ਸੰਪਰਕ: 97791-91447

Advertisement
Author Image

Advertisement