ਕਵਿਤਾਵਾਂ
ਗ਼ਜ਼ਲ
ਹਰਮਿੰਦਰ ਸਿੰਘ ਕੋਹਾਰਵਾਲਾ
ਜ਼ਖ਼ਮ ਦਿੱਤੇ ਜ਼ਾਲਮਾਂ ਜੋ ਸੱਜਰੇ।
ਪਹਿਲਿਆਂ ਤੋਂ ਹਨ ਬੜੇ ਹੀ ਵੱਖਰੇ।
ਦੁਸ਼ਮਣਾਂ ਨੂੰ ਰਣ ’ਚ ਜਦ ਸਾਂ ਟੱਕਰੇ।
ਚਮਕਦੇ ਨੇ ਉਹ ਸੁਨਹਿਰੀ ਪੱਤਰੇ।
ਵਸਤੂਆਂ ਦੇ ਭਾਅ ਬੜੇ ਨੇ ਅੱਕਰੇ।
ਕੁਸਕਦੇ ਨਾ ਲੋਕ ਸਿੱੱਧੇ ਪੱਧਰੇ।
ਜੱਗ ਤੋਂ ਨਾ ਬਾਲ ਸਾਡੇ ਵੱਖਰੇ।
ਬਚਪਨੇ ਵਿੱਚ ਬਾਲ ਹੁੰਦੇ ਅੱਥਰੇ।
ਗ਼ੈਰ ਬੂਹੇ ’ਤੇ ਬੁਲਾਉਂਦੇ ਬੱਕਰੇ।
ਰੁਕਣਗੇ ਤਾਂ ਜੇ ਕਰਾਂਗੇ ਡੱਕਰੇ।
ਕੈਪਰੀ ਤੇ ਜੀਨ ਦਾ ਯੁੱੱਗ ਮੱਛਰੇ।
ਛੁਪ ਗਏ ਨੇ ਦਾਦੀਆਂ ਦੇ ਘੱਗਰੇ।
ਲੱਕੜਹਾਰੇ ਨਾਲ ਕਿਹੜਾ ਟੱਕਰੇ।
ਰੁੱਖ ਬਣਦੇ ਜਦ ਬਲੀ ਦੇ ਬੱਕਰੇ।
ਸੰਪਰਕ: 98768-73735
* * *
ਠੰਢੇ ਫੁੱਲ
ਹਰਦੇਵ ਚੌਹਾਨ
ਪਿਤਾ ਸ੍ਰੀ,
ਪਹਿਰ ਰਾਤ ਦੇ ਆਖ਼ਰੀ
ਚਿੱੱਟ ਕੱਪੜੀਏ ਪਿੱਤਰ,
ਵੱਡੇ-ਵਡੇਰੇ ਤਮਾਮ
ਤਾਇਆਂ, ਚਾਚਿਆਂ ਦੇ
ਝੁਰਮਟ ’ਚ ਦਿਸਦੇ
ਉਦਾਸ, ਉੱਖੜੇ
ਸੱਥਰ ਘਤੀ ਬੈਠੇ...
ਆਖਦੇ ਪਿਤਾ ਸ੍ਰੀ-
ਲਿਖੀਂ, ‘ਭੋਗ ’ਤੇ ਵਿਸ਼ੇਸ਼’
‘ਬਾਬੇ’ ਆਪਣੇ ਲਈ
ਤੇ ਛਪਵਾ ਦੇਵੀਂ...
ਬੈਠਿਆਂ ਜਿਵੇਂ
ਪ੍ਰੀਖਿਆ ਹਾਲ ’ਚ
ਪੁੱਛਿਆ ਗਿਆ ਹੋਵੇ
ਕੋਈ ਅਣਕਿਆਸਿਆ,
ਪਾਠਕ੍ਰਮ ਤੋਂ ਬਾਹਰਾ ਪ੍ਰਸ਼ਨ
ਫੁੱਲ ਫੁੱਲ ਜਾਂਦੇ ਨੇ
ਹੱਥ, ਪੈਰ
ਮੱਥੇ ’ਤੇ ਸਿੰੰਮ ਆਉਂਦੀਆਂ
ਤਰੇਲ ਬੂੰਦਾਂ...
ਰਚਨਾ
ਸ਼ੁਰੂ ਕਿੱਥੋਂ ਹੋਵੇ
ਤੇ ਕਿੱਥੇ ਖ਼ਤਮ?...
ਮਾਤਮੀ ਭੀੜ ’ਚ
ਇਤਿਹਾਸ, ਭੂਗੋਲ ਫਰੋਲਣਾ
ਡਾਹਢਾ ਔਖਾ...
ਫਰੋਲਦਿਆਂ
ਜ਼ਿਹਨੀ ਵਹੀ-ਖਾਤੇ
ਧੁੰਦਲੇ ਜਿਹੇ, ਰੰਗ-ਹੀਣ
ਲੰਮੇ, ਛੋਟੇ ਪਰਛਾਵੇਂ
ਮਨ ਪਰਦੇ ’ਤੇ
ਉੱਕਰਦੇ ਹੌਲੀ ਹੌਲੀ...
ਵੱਢ-ਟੁੱਕ ਤੋਂ ਪਹਿਲਾਂ
ਵਾਹਗਿਉਂ ਪਾਰਲੇ
ਬਾਬਾ ਸ੍ਰੀ ਹਰਨਾਮ ਸਿੰਘ ਦੇ
ਪਿਤਾ ਸ੍ਰੀ ਹੀਰਾ ਸਿੰਘ
ਪਹਿਲਵਾਨ ਦਰਸ਼ਨੀ,
ਪਾਰਲੇ ਪਿੰਡ ‘ਨੜਵੜ’ ਦੇ
ਸਾਡੇ ਪੜਦਾਦੇ
ਵੱਡੇ ਜਿਮੀਂਦਾਰ...
ਫ਼ਸਲਾਂ ਤਿਆਰ ਹੁੰਦਿਆਂ
ਸਿਰ ’ਤੇ ਕਹਿੰ ਦੇ ਬਾਟੇ ਰੱਖ
ਮਾਰ ਲੈਂਦੇ ਮੜਾਸੇ
ਤੇ ਨਿਕਲ ਤੁਰਦੇ
ਹਿੱਸਾ-ਪੱਤੀ ਉਗਰਾਹੁਣ...
ਢਾਰੇ-ਸਬਾਤਾਂ
ਪਹਾੜੀ ਲੂਣ ਪੇਸੀਆਂ
ਨਾਲ ਚਿਣੇ
ਛੱਤਾਂ ਦੇ ਮਘੋਰਿਆਂ ਥੀਂ
ਦਾਣੇ, ਫੱਕੇ ਉਗਰਾਹੇ
ਲੈਂਦੇ ਸੀ ਭਰ...
ਪਿਤਾ ਸ੍ਰੀ
ਮਹਿੰਗੀ,
ਸੈਂਕੜੇ ਦਮੜਿਆਂ ਵਾਲੀ
ਘੋੜੀ ਦਰਸ਼ਨੀ ’ਤੇ
ਖਾਲਸਾ ਕਾਲਜ
ਪੜ੍ਹਨ ਜਾਂਦੇ...
ਇੱਕੋ ਜ਼ੁਬਾਨੇਂ
ਥਾਣੇਦਾਰ ਦੇ ਮੰਗਣ ’ਤੇ
ਘੋੜੀ ਸੌਂਪ
ਪੈਦਲ ਪਰਤ ਆਏ ਸੀ ਘਰ...
ਸੁਣਨ ’ਚ ਆਉਂਦੈ-
ਪਿਤਾ ਸ੍ਰੀ ਨੂੰ
ਬੜਾ ਘੂਰਿਆ ਸੀ
ਸਾਡੇ ਬਾਬੇ ਨੇ ਉਦੋਂ...
ਤੇ ਪੜਦਾਦੇ ਦੀ ਸੁਣੋ
ਪਿਓ ਦੇ ਪੁੱਤ ਨੇ
ਮੱਥੇ ਵੱਟ ਨਾ ਪਾਇਆ
ਉਲਟਾ ‘ਸ਼ਾਬਾਸ਼ੀ’ ਦਿੱਤੀ...
ਸ਼ਰੀਫ਼ਜ਼ਾਦਾ,
ਥਾਣੇਦਾਰ ਵੀ
ਦਰਿਆ ਦਿਲ ਬੜਾ ਨਿਕਲਿਆ
ਘੋੜੀ ਬਦਲੇ
‘ਕਤਲ ਕੇਸ’
ਲਹਿਣੇਦਾਰ ਦਾ
ਰਫ਼ਾ, ਦਫ਼ਾ ਕਰ ਗਿਆ
ਬਾਬੇ ਹਰਨਾਮੇ ਸਿਰ ਪਿਆ...
ਸੰਤਾਲੀ ਦੀ ਵੰਡ ਵੇਲੇ
ਮਿੱਟੀ ਨਾਲ ਮੋਹ ਵਾਲੇ
ਪੜਦਾਦੇ ਹੀਰਾ ਸਿੰਘ ਨੇ
‘ਨੜਵੜ’ ਨਹੀਂ ਸੀ ਤਿਆਗਿਆ...
ਉਲਟਾ
ਫਸਾਦੀਆਂ ਨਾਲ
ਲਾਇਆ ਸੀ ਮੱਥਾ
ਮਨ-ਮੋਹਣੀ
ਮਾਂ-ਮਿੱਟੀ ’ਚ
ਸੁਆਸ ਤਿਆਗਣਾ
ਸਮਝਿਆ ਸੀ ਲੱੱਖ ਬਿਹਤਰ...
ਮਾਲ, ਅਸਬਾਬ
ਤੇ ਹਵੇਲੀਆਂ ਵਿਸਾਰ
ਬਾਬੇ ਹਰਨਾਮੇ ਦੀ
ਅਗਵਾਈ ’ਚ
ਕਾਫ਼ਲਾ ਬਚੇ ਜੀਆਂ ਦਾ
ਵਾਹਗਾ ਟੱਪ
ਅਟਾਰੀਉਂ ਉਰਾਰ
ਲੋਪੋਕੇ, ਚੌਗਾਵੇਂ ਨਜ਼ਦੀਕ
ਪਿੰਡ, ‘ਭਿੱਟੇਵਡ’
ਆਣ ਟਿਕਿਆ...
ਲੋੜ ਵੱਸ
ਪਿਤਾ ਸ੍ਰੀ ਨੇ
ਹਕੀਮਾਂ ਵਾਲੇ ਗੇਟ
ਜਾ ਮੱਲਿਆ ਸੀ
ਆਚਾਰ, ਮੁਰੱਬਿਆਂ ਵਾਲਾ ਘਰ
ਉਜਾੜੇ ਕਿਸੇ
ਮੁਸਲਮਾਨ ਭਾਈ ਦਾ
ਤੇ ਬਾਬਾ ਸ੍ਰੀ ਦੇ ਕਹਿਣ ’ਤੇ
ਭੂਆ ਗੋਮਾ ਨੂੰ
ਸੌਂਪ ਦਿੱਤਾ ਸੀ...
ਪਿਤਾ ਸ੍ਰੀ
ਤਿੱਖੜ ਦੁਪਹਿਰੀਂ,
ਆਪਣੇ ਸਿਰ ਲਈ
‘ਛੱਤ’ ਕੋਈ ਹੋਰ ਭਾਲਦੇ
ਹੁਸ਼ਿਆਰਪੁਰ ਜਾ ਟਿਕੇ...
ਰੋਟੀ-ਟੁੱਕ ਦੇ ਆਹਰ ਲਈ
ਗੁੜ, ਸੱਕ ਖਰੀਦ
ਕਿਰਾਏ ਵਾਲੇ ਘਰ
ਪਾ ਬੈਠੇ ਘੜਾ...
ਲਪਟਾਂ ਮਾਰਦਾ
ਨਿੱਤਰਿਆ ਤੇ ਸ਼ਫਾਫ
ਤਿਆਰ ਬਰ ਤਿਆਰ ਘੜਾ
ਨਿਰਮੋਹੇ ਅਗਨ ਸੇਕ ਨਾਲ
ਫੁੱਟ ਗਿਆ...
ਘੜਾ ਕੀ ਫੁੱਟਿਆ
ਨਾਲ ਕਿਸਮਤ ਵੀ ਫੁੱਟ ਗਈ...
ਜਮਾਂ-ਪੂੰਜੀ ਹੱੱਥਲੀ ਗੁਆ
ਕੱਖੋਂ ਹੌਲੇ ਹੋਏ ਪਿਤਾ ਸ੍ਰੀ,
ਪਹਿਲਾਂ ਫ਼ੌਜੀ,
ਤੇ ਫਿਰ ਪੁਲੀਸ ’ਚ
ਭਰਤੀ ਹੋ ਗਏ ਸਿਪਾਹੀ...
ਸੁੱਚੇ ਮੂੰਹ
ਬਾਬਾ ਹਰਨਾਮ ਸਿੰਘ
ਪਿੰਡ ਭਿੱਟੇਵਡ ਵਾਲੀ
ਮਸੀਤ ’ਚ
ਬਿਨਾ ਨਾਗਾ
ਚਿੜੀਆਂ, ਕਬੂਤਰਾਂ ਨੂੰ
ਚੋਗਾ, ਪਾਣੀ ਪਾਉਂਦੇ,
ਸਵੇਰੇ ਸ਼ਾਮ
ਬਾਣੀ ਦਾ ਜਾਪ ਕਰਦੇ...
ਪਿੰਡ ਅਸੀਂ
ਗਰਮੀਆਂ ਦੀਆਂ ਛੁੱਟੀਆਂ
ਬਾਬਾ ਜੀ ਕੋਲ ਕੱਟਦੇ,
ਲੱਕੜ, ਬਾਲਿਆਂ ਦੀ
ਸਬਾਤ ’ਚ
ਅਲਾਣੀ ਮੰਜੀ ’ਤੇ ਪਏ
ਬਾਬਾ ਜੀ,
ਸਾਨੂੰ ਹੂਟੇ ਮਾਟੇ ਦਿੰਦੇ
ਝੱਲਦੇ ਪੱਖੀ
ਧਰਮੀ, ਕਰਮੀ
ਬਾਤਾਂ ਸੁਣਾਉਂਦੇ...
ਕਾਲੇ, ਮੋਟੇ ਭੌਰ
ਇਰਦ ਗਿਰਦ ਮੰਡਰਾਉਂਦੇ
ਟਿਕੀ ਦੁਪਹਿਰੇ,
ਭੀਂ ਭੀਂ ਕਰਦੇ
ਜਿਵੇਂ ਹਾਂ ਵਿੱਚ ਹਾਂ ਮਿਲਾਉਂਦਾ...
ਬਾਬਾ ਜੀ
ਮੱਕੀ ਤੇ ਕਣਕ ਨਾਲ ਭਰ ਦਿੰਦੇ
ਸਾਡੀਆਂ ਨਿੱਕੀਆਂ ਝੋਲੀਆਂ,
ਕਰੰਸੀ ਭਲੇ ਵੇਲਿਆਂ ਦੀ
ਜਿਸ ਦੇ ਬਦਲੇ
ਪੜਭੂੰਜੇ ਕੋਲੋਂ ਖਿੱਲਾਂ
ਫੇਰੀ ਵਾਲੇ ਕੋਲੋਂ
ਕੁਲਫੀਆਂ ਤੇ ਡੱਡ, ਮੱਛੀਆਂ
ਰੱਜ ਰੱਜ ਖਾਂਦੇ...
ਲੰਮੀ, ਪਤਲੀ
ਤੇ ਗੋਰੀ ਨਿਛੋਹ
ਦਾਦੀ ਗੋਪਾਲ ਕੌਰ
ਪੁੱਤਾਂ ਧੀਆਂ ਨੂੰ
ਬੜਾ ਮੋਹ ਕਰਦੀ
ਚੰਦਾ ਮਾਮਾ ਤੇ
ਪਰੀ ਕਹਾਣੀਆਂ
ਸੁਣਾਉਂਦੀ ਸੁਣਾਉਂਦੀ
ਸਾਨੂੰ ਸੁਆ ਕੇ ਸੌਂਦੀ...
ਸਾਰੇ ਦਿਨ ਦੀ
ਥੱਕੀ ਹਾਰੀ
ਘੂਕ ਸੁੱਤੀ ਪਈ ਦੇ ਸਿਰ ’ਚ
ਕਾਂ ਠੂੰਗੇ ਮਾਰਨੇ
ਤੇ ਬਦਲੇ ’ਚ
ਮਿੱਠੀਆਂ ਮਿੱਠੀਆਂ
ਝਿੜਕਾਂ ਖਾਂਦੇ...
ਸੰਨ ਪੈਂਹਠ ਦੀ ਲੜਾਈ ’ਚ
ਅੱਧੋਰਾਣਾ ਤੇ ਗਰੀਬੜਾ ਜਿਹਾ
ਤਾਇਆ ਦਰਸ਼ੂ
ਸਿਰ ਲੁਕਾਵੇ ਲਈ
ਫਟੀ ਪੁਰਾਣੀ
ਗੱਠੜੀ ਚੁੱਕੀ
ਪੰਦਰਾਂ ਕੋਹ ਪੈਂਡਾ ਮਾਰ
ਅੰਮ੍ਰਿਤਸਰ
ਪੱਕੀ ਗਲੀ ਵਾਲੇ ਸਾਡੇ ਘਰ
ਆਣ ਬੈਠਾ ਸੀ...
ਜੰਗ ਮੁੱਕਣ ’ਤੇ
ਠੰਢ ਠੰਢੌਲੇ
ਜਦੋਂ ਉਹ ਪਿੰਡ ਮੁੜਿਆ
ਤਾਂ ਪਿਤਾ ਸ੍ਰੀ ਦੱਸਦੇ ਸੀ-
ਸ਼ੁਕਰ ਰੱਬ ਦਾ,
ਭਾਊ ਦਰਸ਼ੂ ਦੀ
ਅੱਧੋਰਾਣੀ ਬੁਝਕੀ ਵਾਲੇ
ਢਾਈ ਕਿੱਲੋ ਸੋੋਇਨ ਗਹਿਣੇ
ਸੁੱਖ ਸੁੱਖਾਂ ਨਾਲ
ਪਿੰਡ ਪਰਤ ਗਏ...
ਟਾਊਨ ਹਾਲ ਪੜ੍ਹਦੇ
ਅੱਧੀ ਛੁੱਟੀ ਵੇਲੇ
ਅਸੀਂ ਚੌਂਕ, ਮਲਕਾ ਬੁੱਤ
ਚਲੇ ਜਾਣਾ
ਉਸੇ ਵੇਲੇ ਸਾਈਕਲ ’ਤੇ
ਪਿੱਤਲ ਦੀਆਂ ਦੋਹਣੀਆਂ ’ਚ
ਦੁੱਧ ਪਾਉਣ ਆਉਂਦਾ ਸੀ
ਪਿੰਡੋਂ ਚਾਚਾ ਸਾਧੂ...
ਦੁੱਧ ਭੇਜਦੇ ਸੀ ਨਾ
ਬਾਬਾ ਜੀ ਸਾਡੇ ਲਈ
ਬੂਰਾ ਖੰਡ ਵਾਲੀ
ਸਾਧੂ ਚਾਚੇ ਦੀ ਦੁੱਧ ਪੱਤੀ
ਅੱਜ ਵੀ ਚੇਤਿਆਂ ’ਚੋਂ
ਮਨਫ਼ੀ ਨਹੀਂ ਹੁੰਦੀ...
ਰਾਤੀਂ ਆਇਆ
ਕਾਰਪੋਰੇਟ ਪੁੱਤਰ ਸ੍ਰੀ
ਫਿਰ ਕਹਿੰਦਾ ਸੀ
ਰਜਿਸਟਰੀਆਂ, ਪਰਨੋਟ
ਤੇ ਜਮ੍ਹਾਂ ਪੂੰਜੀ ਦੇ
ਤਮਾਮ ਦਸਤਾਵੇਜ਼
ਇੱਕ ਝੋਲੇ ’ਚ
ਪਾ ਦੇਣ ਲਈ...
ਦਸਤਾਵੇਜ਼ ਨਹੀਂ
ਜਿਵੇਂ ਮੜ੍ਹੀਆਂ ’ਚੋਂ
ਸਮੇਟੇ ਠੰਢੇ ਫੁੱਲ ਹੋਣ
ਝੋਲੇ ’ਚ ਪਾਉਣ ਲਈ...
ਖਚਰੀ ਹਾਸੀ ਹੱਸਦਾ
ਆਖਦਾ ਸੀ
ਪੱਕੀ ਉਮਰੇ, ਬੰਦਾ
ਨਦੀ ਕਿਨਾਰੇ ਰੁੱਖੜਾ ਹੁੰਦਾ...
ਲਾਗੇ ਬੈਠੀ ਬੀਵੀ ਸ੍ਰੀ
ਢਿੱਡੋਂ ਜਾਏ ਦੀਆਂ
ਮੋਹ ਵਿਹੂਣੀਆਂ ਗੱਲਾਂ ਸੁਣ
ਦੇਰ ਰਾਤ ਤੀਕ
ਹੁਬਕੀਂ ਰੋਈ ਸੀ...
ਸ਼ਾਇਦ
ਸੁਪਨੇ ’ਚ ਸਾਨੂੰ
ਧਰਵਾਸਾ ਦੇਣ
ਆਏ ਹੋਣਗੇ
ਪਿਤਾ ਸ੍ਰੀ...
ਬਾਬਾ ਸ੍ਰੀ...
ਪੜਦਾਦਾ ਸ੍ਰੀ...
ਸੰਪਰਕ: 70098-57708
* * *
ਅੰਧ-ਵਿਸ਼ਵਾਸ
ਅਮਨਦੀਪ ਕੌਰ ਹਾਕਮ ਸਿੰਘ ਵਾਲਾ
ਅੰਧ-ਵਿਸ਼ਵਾਸ ਨੇ ਲੋਕਾਂ ਦੀ ਮੱਤ ਮਾਰੀ
ਵੇਖੋ ਪਖੰਡੀਆਂ ਦੀ ਕਰੀ ਚੜ੍ਹਾਈ ਜਾਂਦੇ
ਸੰਧੂਰ ਨਾਰੀਅਲ ਤੇ ਕਿਤੇ ਨਿੰਬੂ ਮਿਰਚਾਂ
ਚੌਰਸਤਿਆਂ ਵਿੱਚ ਸਜਾਈ ਜਾਂਦੇ
ਨਿੱਕੇ ਬਾਲਾਂ ਦੀ ਬਲ਼ੀ ਵੀ ਦੇਣ ਪਾਪੀ
ਦਾਗ਼ ਮਮਤਾ ਨੂੰ ਵੇਖੋ ਲਾਈ ਜਾਂਦੇ
ਬੁੱਢੇ ਮਾਪੇ ਰਿਜ਼ਕ ਤੋਂ ਹੋਣ ਭੁੱਖੇ
ਲੱਡੂ ਕੁੱਤਿਆਂ ਤਾਈਂ ਖਵਾਈ ਜਾਂਦੇ
ਸੁਆਹ ਮਲ਼ ਕੇ ਆਖਦੇ ਅਮਰ ਹੋਣੈਂ
ਖੇਹ ਆਪਣੇ ਹੱਥੀਂ ਸਿਰ ਪਾਈ ਜਾਂਦੇ
ਤਰਸ ਕੁਦਰਤਿ ਉੱਤੇ ਵੀ ਨਹੀਂ ਕਰਦੇ
ਲੱਸੀ ਪਿੱਪਲਾਂ ਬੋਹੜਾਂ ਨੂੰ ਪਿਆਈ ਜਾਂਦੇ
ਭੁੱਲ ਕੇ ਨਾਨਕ ਜੀ ਦੀ ਬਾਣੀ ਨੂੰ
ਭਾਣਾ ਇਹ ਕੈਸਾ ਵਰਤਾਈ ਜਾਂਦੇ
ਰਹੇਂ ਲੋਟੂਆਂ ਉੱਤੇ ਕਿਓਂ ਚੋਟ ਕਰਦੀ
ਅੱਖਾਂ ਕੱਢ ਦੀਪ ਨੂੰ ਡਰਾਈ ਜਾਂਦੇ
ਸੰਪਰਕ: 98776-54596
* * *
ਗ਼ਜ਼ਲ
ਅਜੀਤ ਕਮਲ ਬਟਾਲਾ
ਅਪਣੀ ਮਰਜ਼ੀ ਨਾਲ ਜੇਕਰ ਜੰਮਦਾ ਮਰਦਾ ਕੋਈ।
ਬੇਵਜਹ ਅੱਜ ਵਾਂਗਰਾਂ, ਜਾਬਰ ਤੋਂ ਨਾ ਡਰਦਾ ਕੋਈ।
ਕਰਮਚਾਰੀ ਵੀਹ ਰੁਪਏ ਰਿਸ਼ਵਤ ਲਵੇ ਤਾਂ ਜੁਰਮ ਹੈ।
ਅਫ਼ਸਰ ਕਰੋੜਾਂ ਖਾ ਲਵੇ, ਕਿੰਤੂ ਨਹੀਂ ਕਰਦਾ ਕੋਈ।
ਬੱਕਰਿਆਂ ਤੇ ਮੁਰਗਿਆਂ ਦੇ ਮਰਨ ਦਾ ਅਫ਼ਸੋਸ ਹੈ।
ਬੰਦੇ ਹਜ਼ਾਰਾਂ ਮਰ ਰਹੇ, ਹਉਕਾ ਨਹੀਂ ਭਰਦਾ ਕੋਈ।
ਮੁਫ਼ਤ ਦਾ ਹੋਕਾ ਲਗਾ ਕੇ, ਵੋਟ ਹਥਿਆਉਂਦਾ ਕੋਈ।
ਧਰਮ ਦਾ ਡੰਕਾ ਵਜਾ ਕੇ, ਸੋਚ ਨੂੰ ਹਰਦਾ ਕੋਈ।
ਵੰਸ਼ ਵਿੱਚ ਗੱਦੀ ਰਹੇ ਹਰ ਵੰਸ਼ਵਾਦੀ ਲੋਚਦਾ।
ਗ਼ੈਰ ਨੂੰ ਗੱਦੀ ’ਤੇ ਬੈਠਾ, ਵੇਖ ਨਾ ਜਰਦਾ ਕੋਈ।
ਸੂਟ ਵਾਂਗੂੰ ਯਾਰ ਬਦਲਣ ਵਾਲਿਆਂ ਦੀ ਪੁੱਛ ਹੈ।
ਰਾਂਝਿਆਂ ਤੇ ਮਜਨੂੰਆਂ ’ਤੇ ਅੱਖ ਨਾ ਧਰਦਾ ਕੋਈ।
ਠੀਕ ਹੈ ਕਿ ਗ਼ੈਰ ਮੁਲਕਾਂ ਤੋਂ ਨਸ਼ਾ ਹੈ ਆ ਰਿਹਾ।
ਵੇਚਦੇ ਤਾਂ ਆਪਣੇ ਹੀ, ਕਿਉਂ ਨਹੀਂ ਫੜਦਾ ਕੋਈ।
ਜਾਣਦੇ ਹੋਏ ਵੀ ਕਿ ਹਰ ਜੁਰਮ ਦੀ ਮਿਲਦੀ ਸਜ਼ਾ।
ਜੁਰਮ ਕਰਨੋਂ ਫੇਰ ਵੀ, ਮੁਜਰਮ ਨਹੀਂ ਡਰਦਾ ਕੋਈ।
ਜਿਸ ਨੂੰ ਮਿਲਦੇ ਹੋਣ ਕਾਰਾਂ ਤੇ ਸਕੂਟਰ ਚੜ੍ਹਨ ਨੂੰ।
‘ਕਮਲ’ ਦੇ ਸਾਈਕਲ ਪੁਰਾਣੇ ’ਤੇ ਕਿਵੇਂ ਚੜ੍ਹਦਾ ਕੋਈ।
ਸੰਪਰਕ: 94173-76895
* * *
ਪ੍ਰੇਮ ਕੀ ਲੀਲਾ
ਹਰਸਿਮਰਤ ਸਿੰਘ
ਤ੍ਰੇੜੇ ਜਿਹੇ ਸੁਫ਼ਨਿਆਂ ਦੀਆਂ
ਵਿੱਥਾਂ ਨੂੰ ਪੂਰਦਿਆਂ,
ਜ਼ਿੰਦਗੀ ਦੇ ਖਿੱਲਰੇ ਹੋਏ
ਟੁਕੜਿਆਂ ਨੂੰ ਚੁਗਦਿਆਂ।
ਹੱਥ ਵਧਾਉਂਦਾ ਏ
ਕੋਈ ਅਪਣੱਤ ਭਰਿਆ ਚਿਹਰਾ।
ਤ੍ਰੇੜੇ ਜਿਹੇ ਸੁਫ਼ਨਿਆਂ ਨੂੰ ਛੱਡ,
ਸਭ ਖਿਲਾਰਿਆਂ ਨੂੰ ਭੁੱਲ,
ਦਿਲ ਉਸ ਚਿਹਰੇ ਨਾਲ ਤੁਰਨ ਨੂੰ ਕਰਦਾ ਏ।
ਸੱਚ ਜਾਣੋ! ਪਿਆਰ ਇਸ ਤਰ੍ਹਾਂ ਵੀ ਮਿਲਦਾ ਏ।
ਮੁਹੱਬਤ ਦੇ ਫੁੱਲ ਸਦਾਬਹਾਰ ਨੇ, ਸਦਾ ਖਿੜਦੇ ਨੇ।
ਖ਼ੁਦਾ ਜਿਸ ਦਿਲ ਉੱਤੇ ਮਿਹਰਾਮਤਿ ਕਰਦਾ ਏ,
ਉਸ ਸ਼ਖ਼ਸ ਦੇ ਹੱਥ, ਮੁਹੱਬਤ ਲੱਦੇ ਫੁੱਲਾਂ ਨੂੰ ਛੁਹਾਉਂਦਾ ਏ।
ਖ਼ੁਦਾ ਜਿਨ੍ਹਾਂ ਅੱਖਾਂ ਉੱਤੇ ਬਖਸ਼ਿਸ ਕਰਦਾ ਏ,
ਪ੍ਰੀਤਮ ਤੋਂ ਛੁੱਟ ਕੁਝ ਨਹੀਂ ਲੋਚਦੀਆਂ ਉਹ ਅੱਖਾਂ।
ਸੱਚ ਜਾਣੋ! ਪਿਆਰ ਇਸ ਤਰ੍ਹਾਂ ਵੀ ਮਿਲਦਾ ਏ।
ਕਿ ਤ੍ਰੇੜੇ ਜਿਹੇ ਸੁਫ਼ਨਿਆਂ ਵਿੱਚ,
ਜ਼ਿੰਦਗੀ ਦੇ ਖਿੱਲਰੇ ਹੋਏ ਟੁਕੜਿਆਂ ਵਿੱਚ,
ਮੁਹੱਬਤ ਦੀ ਮਹਿਕ ਪਨਪਦੀ ਏ।
ਜਿਹੜੀ ਸਾਡੇ ਆਪੇ ਨੂੰ ਖ਼ਤਮ ਕਰ,
ਸਿਰਜਦੀ ਏ ਅਨਹਦ ਨਾਦ।
ਉਚਾਰਦੀ ਹੈ ਇੱਕੋ ਈ ਸ਼ਬਦ,
‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ।’
ਸੰਪਰਕ: 94786-50013
* * *
ਦਾਅ ’ਤੇ ਭਵਿੱਖ
ਹਰਭਿੰਦਰ ਸਿੰਘ ਸੰਧੂ
ਏ.ਸੀ. ਲਾ ਲਾ ਭਰੀ ਜਾਂਦੇ ਓ ਕਮਰਿਆਂ ਦੀਆਂ ਦੀਵਾਰਾਂ ਨੂੰ।
ਰੁੱਖਾਂ ਨੂੰ ਜੇ ਨਾ ਸੰਭਾਲਿਆ ਫਿਰ ਤਰਸਾਂਗੇ ਬਹਾਰਾਂ ਨੂੰ।
ਬਚਣ ਵਾਸਤੇ ਗਰਮੀ ਤੋਂ ਰੁੱਖਾਂ ਹੇਠ ਸਿਰ ਲੁਕਾਉਂਦੇ ਹੋ।
ਕਦੇ ਤਾਂ ਖੜ੍ਹ ਕੇ ਸੋਚੋ ਥੱਲੇ, ਤੁਸੀਂ ਕਿੰਨੇ ਬੂਟੇ ਲਾਉਂਦੇ ਹੋ।
ਵੱਢ ਵੱਢ ਰੁੱਖ ਭਰ ਟਰਾਲੀਆਂ, ਮੰਡੀ ਨੂੰ ਤੋਰੀ ਜਾਂਦੇ ਹੋ।
ਇਸ ਸਾਲ ਫਿਰ ਵਧਗੀ ਗਰਮੀ, ਇੱਕ ਦੂਜੇ ਨੂੰ ਆਂਹਦੇ ਹੋ।
ਮੁਫ਼ਤ ’ਚ ਦਿੰਦੇ ਸਾਹ ਸਾਨੂੰ ਰੁੱਖ, ਮੰਗਣ ਨਾ ਇੱਕ ਧੇਲਾ ਜੀ।
ਹਾਲੇ ਜੇ ਗੱਲ ਨਾ ਵਿਚਾਰੀ ਫਿਰ ਲੁੱਟਿਆ ਜਾਣਾ ਮੇਲਾ ਜੀ।
ਸੰਧੂਆ ਪੀੜ੍ਹੀਆਂ ਜ਼ਰੂਰ ਪੁੱਛਣਗੀਆਂ ਸਰੋਤ ਗਵਾਈ ਜਾਂਦੇ ਹਾਂ।
ਨਿੱਕੀ ਬੱਸ ਇੱਕ ਖ਼ੁਸ਼ੀ ਖਾਤਰ ਭਵਿੱਖ ਦਾਅ ’ਤੇ ਲਾਈ ਜਾਂਦੇ ਹਾਂ।
ਸੰਪਰਕ: 9781081888